ਫ਼ਾਜ਼ਿਲਕਾ, 14 ਮਈ (ਦਵਿੰਦਰ ਪਾਲ ਸਿੰਘ)-ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਨੇ ਪ੍ਰਾਇਮਰੀ ਕਾਡਰ ਤੋਂ ਮਾਸਟਰ ਕਾਡਰ ਦੀਆਂ ਪ੍ਰਮੋਸ਼ਨਾਂ ਨੂੰ ਲੈ ਕੇ ਸਿੱਖਿਆ ਵਿਭਾਗ ਦੇ ਪ੍ਰਮੋਸ਼ਨ ਸੈੱਲ ਵਿਰੁੱਧ ਮੋਰਚਾ ਖੋਲ੍ਹ ਦਿੱਤਾ ਹੈ | ਯੂਨੀਅਨ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਚਾਹਲ, ਜਨਰਲ ਸਕੱਤਰ ਗੁਰਬਿੰਦਰ ਸਿੰਘ ਸਸਕੌਰ, ਵਿੱਤ ਸਕੱਤਰ ਮਨੋਹਰ ਲਾਲ ਸ਼ਰਮਾ ਅਤੇ ਪੈੱ੍ਰਸ ਸਕੱਤਰ ਕਰਨੈਲ ਫਿਲੌਰ ਨੇ ਇਕ ਸਾਂਝਾ ਪੈੱ੍ਰਸ ਬਿਆਨ ਜਾਰੀ ਕਰਦਿਆਂ ਵਿਭਾਗ ਦੀ ਕਾਰਜਪ੍ਰਣਾਲੀ 'ਤੇ ਗੰਭੀਰ ਸਵਾਲ ਖੜ੍ਹੇ ਕੀਤੇ ਹਨ | ਅਧਿਆਪਕ ਆਗੂਆਂ ਨੇ ਦੱਸਿਆ ਕਿ ਜਨਵਰੀ 2026 ਵਿਚ ਜਾਰੀ ਕੀਤੀਆਂ ਗਈਆਂ ਪ੍ਰਮੋਸ਼ਨ ਲਿਸਟਾਂ ਨੂੰ ਅਦਾਲਤ ਵਿਚ ਚੁਨੌਤੀ ਦਿੱਤੀ ਗਈ ਸੀ | ਇਸ ਮਗਰੋਂ ਵਿਭਾਗ ਵਲੋਂ 'ਇਨਸਰਵਿਸ' ਅਧਿਆਪਕਾਂ ਲਈ ਟੈਟ ਦੀ ਪ੍ਰੀਖਿਆ ਲਈ ਗਈ ਸੀ | ਆਗੂਆਂ ਨੇ ਹੈਰਾਨੀ ਪ੍ਰਗਟ ਕਰਦਿਆਂ ਕਿਹਾ ਕਿ ਵੱਡੀ ਗਿਣਤੀ ਵਿਚ ਅਧਿਆਪਕਾਂ ਨੇ ਇਹ ਪ੍ਰੀਖਿਆ ਪਾਸ ਕਰ ਲਈ ਹੈ, ਪਰ ਇਸ ਦੇ ਬਾਵਜੂਦ ਵਿਭਾਗ ਸਿਰਫ਼ ਪੁਰਾਣੀਆਂ ਸੂਚੀਆਂ ਵਿਚ ਸ਼ਾਮਲ ਅਧਿਆਪਕਾਂ ਦਾ ਹੀ ਡਾਟਾ ਮੰਗ ਰਿਹਾ ਹੈ | ਜੀ.ਟੀ.ਯੂ. ਜ਼ਿਲ੍ਹਾ ਫ਼ਾਜ਼ਿਲਕਾ ਅਤੇ ਹੋਰਨਾਂ ਜ਼ਿਲਿ੍ਹਆਂ ਦੇ ਆਗੂਆਂ ਨੇ ਮੰਗ ਕੀਤੀ ਹੈ ਕਿ ਟੈਟ ਪਾਸ ਕਰਨ ਵਾਲੇ ਸਾਰੇ ਯੋਗ ਅਧਿਆਪਕਾਂ ਦੀ ਜਾਣਕਾਰੀ ਮੰਗੀ ਜਾਵੇ | ਉਨ੍ਹਾਂ ਕਿਹਾ ਕਿ ਇਨ੍ਹਾਂ ਸਾਰੇ ਅਧਿਆਪਕਾਂ ਨੂੰ ਸ਼ਾਮਲ ਕਰਕੇ ਸੀਨੀਅਰਤਾ ਦੇ ਆਧਾਰ 'ਤੇ ਨਵੀਂ ਪ੍ਰਮੋਸ਼ਨ ਲਿਸਟ ਤਿਆਰ ਕੀਤੀ ਜਾਵੇ ਤਾਂ ਜੋ ਕਿਸੇ ਨਾਲ ਵੀ ਬੇਇਨਸਾਫ਼ੀ ਨਾ ਹੋਵੇ | ਇਸ ਮੌਕੇ ਪਰਮਜੀਤ ਸਿੰਘ ਸ਼ੋਰੇਵਾਲਾ, ਭਗਵੰਤ ਭਠੇਜਾ, ਨਿਸ਼ਾਂਤ ਅਗਰਵਾਲ ਸਮੇਤ ਕਈ ਹੋਰ ਅਧਿਆਪਕ ਆਗੂ ਹਾਜ਼ਰ ਸਨ |