ਬੱਲੂਆਣਾ, 14 ਮਈ (ਜਸਮੇਲ ਸਿੰਘ ਢਿੱਲੋਂ)-ਆਮ ਆਦਮੀ ਪਾਰਟੀ ਨੂੰ ਜ਼ਮੀਨੀ ਪੱਧਰ 'ਤੇ ਮਜ਼ਬੂਤ ਕਰਨ ਲਈ ਹਲਕਾ ਬੱਲੂਆਣਾ ਵਿਚ ਸਰਗਰਮੀਆਂ ਤੇਜ਼ ਕਰ ਦਿੱਤੀਆਂ ਗਈਆਂ ਹਨ | ਹਲਕਾ ਬੱਲੂਆਣਾ ਦੇ ਮੀਡੀਆ ਵਿੰਗ ਦੇ ਵਾਈਸ ਕੋਆਰਡੀਨੇਟਰ ਅਤੇ ਮੌਜੂਦਾ ਸਰਪੰਚ ਭਜਨ ਲਾਲ ਬੱਲੂਆਣਾ ਨੇ ਦੱਸਿਆ ਕਿ ਪਾਰਟੀ ਹਾਈਕਮਾਂਡ ਵਲੋਂ ਸੌਂਪੀ ਗਈ ਜ਼ਿੰਮੇਵਾਰੀ ਤਹਿਤ 11 ਪਿੰਡਾਂ ਵਿਚ ਬੂਥ ਪੱਧਰੀ ਢਾਂਚਾ ਤਿਆਰ ਕਰ ਲਿਆ ਗਿਆ ਹੈ | ਸਰਪੰਚ ਭਜਨ ਲਾਲ ਨੇ ਦੱਸਿਆ ਕਿ ਜਲੰਧਰ ਵਿਚ ਹੋਈ ਪਾਰਟੀ ਦੀ ਮੀਟਿੰਗ ਦੌਰਾਨ ਉਨ੍ਹਾਂ ਨੂੰ 11 ਪਿੰਡਾਂ ਦੀ ਜ਼ਿੰਮੇਵਾਰੀ ਦਿੱਤੀ ਗਈ ਸੀ | ਇਨ੍ਹਾਂ ਵਿਚ ਸੱਪਾਂ ਵਾਲੀ, ਢਾਣੀ ਕਾਲੂ ਰਾਮ, ਪੱਟੀ ਬੀਲਾ, ਦਲਮੀਰ ਖੇੜਾ, ਗਿੱਦੜਾਂ ਵਾਲੀ, ਹਰੀਪੁਰਾ, ਗੰੁਮਜਾਲ, ਮੌਜਗੜ੍ਹ, ਅੱਚਾੜਿਕੀ, ਦੌਲਤਪੁਰਾ ਅਤੇ ਭੰਗਰ ਖੇੜਾ ਸ਼ਾਮਲ ਹਨ | ਇਨ੍ਹਾਂ ਪਿੰਡਾਂ ਦੇ ਹਰ ਇਕ ਬੂਥ 'ਤੇ ਪਾਰਟੀ ਵਰਕਰਾਂ ਨਾਲ ਸਲਾਹ-ਮਸ਼ਵਰਾ ਕਰਕੇ ਦੋ-ਦੋ ਵਿਅਕਤੀਆਂ ਨੂੰ ਬੂਥ ਇੰਚਾਰਜ ਨਿਯੁਕਤ ਕੀਤਾ ਗਿਆ ਹੈ | ਉਨ੍ਹਾਂ ਕਿਹਾ ਕਿ ਇਸ ਨਵੀਂ ਨਿਯੁਕਤੀ ਨਾਲ ਪਾਰਟੀ ਦੀ ਪਹੁੰਚ ਹਰ ਘਰ ਅਤੇ ਹਰ ਵਿਅਕਤੀ ਤੱਕ ਹੋ ਗਈ ਹੈ | ਉਨ੍ਹਾਂ ਭਰੋਸਾ ਜਤਾਇਆ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਇਹ ਮਿਹਨਤੀ ਵਰਕਰ ਦਿਨ-ਰਾਤ ਇੱਕ ਕਰਕੇ ਪਾਰਟੀ ਨੂੰ ਮੁੜ ਪੰਜਾਬ ਦੀ ਸੱਤਾ ਵਿਚ ਲਿਆਉਣ ਲਈ ਅਹਿਮ ਭੂਮਿਕਾ ਨਿਭਾਉਣਗੇ | ਮੀਟਿੰਗਾਂ ਦੌਰਾਨ ਭਜਨ ਲਾਲ ਬੱਲੂਆਣਾ ਨੇ ਪਿੰਡ ਵਾਸੀਆਂ ਨੂੰ ਪੰਜਾਬ ਸਰਕਾਰ ਵਲੋਂ ਦਿੱਤੀਆਂ ਜਾ ਰਹੀਆਂ ਲੋਕ-ਪੱਖੀ ਸਹੂਲਤਾਂ ਬਾਰੇ ਵੀ ਵਿਸਥਾਰ ਨਾਲ ਜਾਣਕਾਰੀ ਦਿੱਤੀ | ਉਨ੍ਹਾਂ ਕਿਹਾ ਕਿ ਲੋਕ ਸਰਕਾਰ ਦੀ ਕਾਰਗੁਜ਼ਾਰੀ ਤੋਂ ਖ਼ੁਸ਼ ਹਨ ਅਤੇ ਵੱਡੀ ਗਿਣਤੀ ਵਿਚ ਪਾਰਟੀ ਨਾਲ ਜੁੜ ਰਹੇ ਹਨ |