ਫ਼ਾਜ਼ਿਲਕਾ, 20 ਮਈ (ਦਵਿੰਦਰ ਪਾਲ ਸਿੰਘ)-ਥਾਣਾ ਅਰਨੀਵਾਲਾ ਪੁਲਿਸ ਨੇ ਇਕ ਜ਼ਿੰਦਾ ਹੈਂਡ ਗਰਨੇਡ ਸਮੇਤ 3 ਵਿਅਕਤੀਆਂ ਨੂੰ ਕਾਬੂ ਕੀਤਾ ਹੈ | ਜਾਂਚ ਅਧਿਕਾਰੀ ਸਹਾਇਕ ਥਾਣੇਦਾਰ ਰਣਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਮੁਖ਼ਬਰ ਖ਼ਾਸ ਨੇ ਇਤਲਾਹ ਦਿੱਤੀ ਸੀ ਕਿ ਲਖਵੀਰ ਸਿੰਘ ਉਰਫ਼ ਮੰਗਾ ਪੁੱਤਰ ਸੁਖਦੇਵ ਸਿੰਘ ਵਾਸੀ ਲੱਖੋਵਾਲੀ, ਗੁਰਪਿੰਦਰ ਸਿੰਘ ਉਰਫ਼ ਮੰਨਾ ਪੁੱਤਰ ਸਰਬਜੀਤ ਸਿੰਘ ਵਾਸੀ ਚੱਕ ਪੱਖੀ ਅਤੇ ਸੇਖਵਿੰਦਰ ਸਿੰਘ ਉਰਫ਼ ਲੱਬੀ ਪੁੱਤਰ ਲਛਮਣ ਸਿੰਘ ਵਾਸੀ ਲੱਖੋਵਾਲੀ ਨੇ ਮਿਲ ਕੇ ਕਿਸੇ ਅਣਪਛਾਤੇ ਵਿਅਕਤੀ ਕੋਲੋਂ ਹੈਂਡ ਗਰਨੇਡ ਮੰਗਵਾਇਆ ਹੈ ਅਤੇ ਉਸ ਦੀ ਵਰਤੋਂ ਲਈ ਕਿਸੇ ਦੇ ਫ਼ੋਨ ਦੀ ਉਡੀਕ ਕਰ ਰਹੇ ਹਨ | ਪੁਲਿਸ ਵਲੋਂ ਛਾਪੇਮਾਰੀ ਕਰਕੇ ਉਕਤ ਵਿਅਕਤੀਆਂ ਕੋਲੋਂ 1 ਜ਼ਿੰਦਾ ਹੈਂਡ ਗਰਨੇਡ ਬਰਾਮਦ ਕੀਤਾ ਗਿਆ | ਜਿਸ ਤੋਂ ਬਾਅਦ ਪੁਲਿਸ ਨੇ ਉਕਤ ਤਿੰਨੋਂ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ |