ਫ਼ਾਜ਼ਿਲਕਾ, 20 ਮਈ (ਦਵਿੰਦਰ ਪਾਲ ਸਿੰਘ)-ਥਾਣਾ ਬਹਾਵਵਾਲਾ ਪੁਲਿਸ ਨੇ ਰਸਤਾ ਰੋਕ ਕੇ ਕਾਪੇ ਨਾਲ ਹਮਲਾ ਕਰਨ ਵਾਲੇ 2 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ | ਜਾਂਚ ਅਧਿਕਾਰੀ ਜਗਮੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਕਿਰਨਪ੍ਰੀਤ ਪਤਨੀ ਲਖਵਿੰਦਰ ਵਾਸੀ ਢਾਣੀ ਬਾਜ਼ੀਗਰ ਦਾਖਲੀ ਪਿੰਡ ਕਿੱਕਰ ਖੇੜਾ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਹ ਆਪਣੇ 8 ਸਾਲ ਦੇ ਲੜਕੇ ਸੁਖਵਿੰਦਰ ਨਾਲ ਮੰਦਿਰ ਤੋਂ ਮੱਥਾ ਟੇਕ ਕੇ ਵਾਪਸ ਆ ਰਹੀ ਸੀ ਤਾਂ ਰਸਤੇ ਵਿਚ ਨਸ਼ੇ ਦੀ ਹਾਲਤ ਵਿਚ ਬੈਠੇ ਕੱਟੂ ਉਰਫ਼ ਗੁਰਪ੍ਰੀਤ ਪੁੱਤਰ ਮੱਖਣ ਰਾਮ ਅਤੇ ਉਸ ਦੀ ਪਤਨੀ ਸਿਮੀ ਪਤਨੀ ਗੁਰਪ੍ਰੀਤ ਉਰਫ਼ ਕੱਟੂ ਨੇ ਉਨ੍ਹਾਂ ਦਾ ਰਸਤਾ ਰੋਕ ਲਿਆ ਅਤੇ ਗਾਲ਼ੀ-ਗਲੋਚ ਕੀਤੀ | ਇਸ ਦੌਰਾਨ ਕੱਟੂ ਘਰ ਦੇ ਅੰਦਰੋਂ ਕਾਪਾ ਲੈ ਆਇਆ ਅਤੇ ਜਾਨੋਂ ਮਾਰਨ ਦੀ ਨੀਅਤ ਨਾਲ ਹਮਲਾ ਕਰ ਦਿੱਤਾ, ਜੋ ਵਾਰ ਉਸ ਦੇ 8 ਸਾਲ ਦੇ ਲੜਕੇ ਦੇ ਸਿਰ 'ਤੇ ਵੱਜਿਆ | ਪੁਲਿਸ ਨੇ ਦੋਵਾਂ ਜਣਿਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ |