ਅਬੋਹਰ, 20 ਮਈ (ਤੇਜਿੰਦਰ ਸਿੰਘ ਖ਼ਾਲਸਾ)-ਫ਼ਾਜ਼ਿਲਕਾ ਜ਼ਿਲ੍ਹੇ ਅੰਦਰ ਭਾਜਪਾ ਵਿਚ ਲੱਗੀ ਬਗ਼ਾਵਤ ਦੀ ਅੱਗ ਦੇ ਹੁਣ ਭਾਂਬੜ ਮੱਚਣ ਲੱਗੇ ਹਨ | ਕਿਸੇ ਸੂਬਾਈ ਆਗੂ ਵਲੋਂ ਕੋਈ ਧਿਆਨ ਨਾ ਦਿੱਤੇ ਜਾਣ ਤੋਂ ਬਾਅਦ ਜ਼ਿਲ੍ਹੇ ਅੰਦਰ ਅਬੋਹਰ ਵਿਧਾਨ ਸਭਾ ਹਲਕਾ ਇਕ ਅਜਿਹਾ ਹਲਕਾ ਗਿਣਿਆ ਜਾਂਦਾ ਹੈ ਜਿੱਥੇ ਭਾਜਪਾ ਦਾ ਆਪਣਾ ਵੱਡਾ ਵੋਟ ਬੈਂਕ ਹੈ | ਨਗਰ ਨਿਗਮ ਦੀਆਂ ਟਿਕਟਾਂ ਦੀ ਵੰਡ ਨੂੰ ਲੈ ਕੇ ਕੱੁਝ ਦਿਨ ਪਹਿਲਾਂ ਭਾਜਪਾ ਦੇ ਕੁੱਝ ਆਗੂਆਂ ਨੇ ਇਤਰਾਜ਼ ਜਤਾਏ ਸਨ ਅਤੇ ਸੀਨੀਅਰ ਲੀਡਰਸ਼ਿਪ ਨੂੰ ਇਸ ਵੱਲ ਧਿਆਨ ਦੇਣ ਦੀ ਮੰਗ ਕੀਤੀ ਸੀ ਪਰ ਸਮਾਂ ਬੀਤ ਜਾਣ ਤੇ ਭਾਜਪਾ ਤੋਂ ਨਾਰਾਜ਼ ਧੜੇ ਦੀ ਕਿਸੇ ਵਲੋਂ ਬਾਂਹ ਨਾ ਫੜੇ ਜਾਣ ਤੋਂ ਬਾਅਦ ਭਾਜਪਾ ਦੇ ਸੀਨੀਅਰ ਟਕਸਾਲੀ ਆਗੂਆਂ ਸਣੇ 50 ਤੋਂ ਵੱਧ ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਨੇ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਦੇ ਨਾਂ ਆਪਣੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਭੇਜ ਦਿੱਤਾ | ਇਸ ਸੰਬੰਧੀ ਅਬੋਹਰ ਦੀ ਅਰੋੜਵੰਸ਼ ਧਰਮਸ਼ਾਲਾ ਵਿਖੇ ਦੇਰ ਸ਼ਾਮ ਹੋਈ ਪੈੱ੍ਰਸ ਕਾਨਫ਼ਰੰਸ ਦੌਰਾਨ ਜਾਣਕਾਰੀ ਦਿੰਦੇ ਹੋਏ ਭਾਜਪਾ ਦੇ ਸਾਬਕਾ ਸੂਬਾ ਪੱਧਰੀ ਕਾਰਜਕਾਰੀ ਮੈਂਬਰ ਰਵੀ ਸੇਤੀਆ, ਕਿ੍ਸ਼ਨ ਨਾਰੰਗ ਸਾਬਕਾ ਯੁਵਾ ਮੋਰਚਾ ਜ਼ਿਲ੍ਹਾ ਪ੍ਰਧਾਨ, ਅਸ਼ੋਕ ਛਾਬੜਾ ਸਾਬਕਾ ਬੁਲਾਰਾ ਭਾਜਪਾ, ਡਾ.ਰਿਸ਼ੀ ਨਾਰੰਗ ਸਾਬਕਾ ਬੁਲਾਰਾ ਜ਼ਿਲ੍ਹਾ ਭਾਜਪਾ, ਸਿਕੰਦਰ ਕਪੂਰ ਸਾਬਕਾ ਜ਼ਿਲ੍ਹਾ ਯੂਥ ਭਾਜਪਾ ਪ੍ਰਧਾਨ, ਗੌਰਵ ਟੱਕਰ ਸਾਬਕਾ ਮੰਡਲ ਪ੍ਰਧਾਨ, ਬਿੱਟੂ ਬਹਿਲ ਵਾਰਡ ਪ੍ਰਧਾਨ ਆਦਿ ਨੇ ਪਾਰਟੀ ਵਰਕਰਾਂ ਸਣੇ ਭਾਜਪਾ ਦੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਨੂੰ ਭੇਜੇ ਅਸਤੀਫ਼ੇ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਪਿਛਲੀਆਂ 2-3 ਪੀੜੀਆਂ ਤੋਂ ਭਾਰਤੀ ਜਨਤਾ ਪਾਰਟੀ ਦੀ ਸੇਵਾ ਕੀਤੀ ਪਰ ਹੁਣ ਬਹੁਤ ਹੀ ਭਰੇ ਮਨ ਨਾਲ ਉਹ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਸੁਨੀਲ ਜਾਖੜ ਅਤੇ ਅਬੋਹਰ ਦੇ ਕਾਂਗਰਸੀ ਵਿਧਾਇਕ ਸੰਦੀਪ ਜਾਖੜ ਵਲੋਂ ਮਾਨਸਿਕ ਤੌਰ 'ਤੇ ਪਰੇਸ਼ਾਨ ਕੀਤੇ ਜਾਣ ਕਾਰਨ ਪਾਰਟੀ ਦੀ ਮੁੱਢਲੀ ਮੈਂਬਰ ਤੋਂ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਕੇ ਜਾ ਰਹੇ ਹਨ | ਉਨ੍ਹਾਂ ਕਿਹਾ ਕਿ ਅਸੀਂ ਪਿਛਲੀਆਂ 2-3 ਪੀੜੀਆਂ ਤੋਂ ਪਾਰਟੀ ਦੀ ਚੜ੍ਹਦੀ ਕਲਾ, ਸੰਗਠਨ ਦੀ ਮਜ਼ਬੂਤੀ ਲਈ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਕੰਮ ਕੀਤਾ ਪਰ ਪਿਛਲੇ ਕੁੱਝ ਸਮੇਂ ਤੋਂ ਅਬੋਹਰ ਹਲਕੇ ਵਿਚ ਭਾਜਪਾ ਦੇ ਟਕਸਾਲੀ ਵਰਕਰਾਂ ਨੂੰ ਬਹੁਤ ਪਰੇਸ਼ਾਨ ਕੀਤਾ ਜਾ ਰਿਹਾ ਸੀ ਅਤੇ ਪਾਰਟੀ ਵਿਚ ਘੁੱਟਣ ਮਹਿਸੂਸ ਹੋ ਰਹੀ ਸੀ | ਜਿਸ ਤੋਂ ਬਾਅਦ ਅਬੋਹਰ ਨਗਰ ਨਿਗਮ ਦੀਆਂ ਚੋਣਾਂ ਵਿਚ ਵੀ ਪੁਰਾਣੀ ਭਾਜਪਾ ਦੇ ਟਕਸਾਲੀ ਵਰਕਰਾਂ ਨੂੰ ਅਣਦੇਖਾ ਕਰਕੇ ਅਣਗੌਲਿਆ ਕੀਤਾ ਗਿਆ | ਅਜਿਹੇ ਮਾਹੌਲ ਵਿਚ ਆਪਣੇ ਸਵੈਮਾਨ ਨਾਲ ਸਮਝੌਤਾ ਕਰਕੇ ਪਾਰਟੀ ਵਿਚ ਬਣਿਆ ਰਹਿਣਾ ਅਸੰਭਵ ਹੈ | ਇਸ ਲਈ ਅਸੀਂ ਸਾਰੇ ਭਾਰਤੀ ਜਨਤਾ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਦੇ ਸਾਰੇ ਅਹੁਦਿਆਂ ਤੋਂ ਤੁਰੰਤ ਪ੍ਰਭਾਵ ਨਾਲ ਅਸਤੀਫ਼ਾ ਦੇਣ ਲਈ ਮਜਬੂਰ ਹੋਏ ਹਾਂ | ਡਾ.ਰਿਸ਼ੀ ਨਾਰੰਗ ਅਤੇ ਰਵੀ ਸੇਤੀਆ ਨੇ ਗੱਲਬਾਤ ਕਰਦੇ ਹੋਏ ਦੱਸਿਆ ਕਿ ਉਹ ਰਾਜਨੀਤੀ ਨਹੀਂ ਛੱਡਣਗੇ ਅਤੇ ਅਗਲੇ ਭਵਿੱਖ ਸੰਬੰਧੀ ਉਹ ਮੀਟਿੰਗ ਕਰਕੇ ਜਲਦ ਫ਼ੈਸਲਾ ਲੈਣਗੇ | ਇਸ ਮੌਕੇ ਅਮਨ ਛਾਬੜਾ, ਡਾਕਟਰ ਵਿਸ਼ਾਲ ਤਨੇਜਾ, ਅਨਿਲ ਖੇਤਰਪਾਲ, ਕੇਸ਼ਵ ਮੰਤਰੀ, ਵਰਿੰਦਰ ਸਿੰਘ, ਮੋਹਿਤ, ਸੋਨੂੰ ਫੁਟੇਲਾ, ਨਰੇਸ਼ ਵਰਮਾ, ਸੰਦੀਪ ਕੰਬੋਜ, ਸੁਸ਼ੀਲ ਚਾਵਲਾ, ਸ਼ਿੱਦਤ ਤਿੰਨਾ, ਬਾਦਲ ਦੀਕਸ਼ਤ, ਰਿਸ਼ੀ ਪਰਜਾਪਤ, ਬੰਟੀ ਕਥੂਰੀਆ, ਮਾਸਟਰ ਰਾਜ ਕੁਮਾਰ, ਨਰੇਸ਼ ਨਾਗਪਾਲ, ਕਾਲੀ, ਮਨੀਸ਼ ਸ਼ਰਮਾ, ਹਰੀਸ਼ੰਕਰ, ਡਾਕਟਰ ਰਤਨ, ਵਿਜੈ ਮੁਟਨੇਜਾ, ਡਾਕਟਰ ਆਤਮਾ ਰਾਮ, ਸੰਦੀਪ ਗੋਇਲ, ਪ੍ਰੇਮ ਉਤਰੇਜਾ, ਅਸ਼ੋਕ ਮਦਾਨ, ਰਾਜੇਸ਼ ਰਹੇਜਾ, ਪੂਰਨ ਕੰਬੋਜ, ਅਦਿੱਤਿਆ ਸ਼ਰਮਾ, ਵਿਜੈ ਮੁਟਨੇਜਾ, ਮਨੀਰਾਮ ਅਡਵਾਨੀ, ਦਲਜੀਤ ਤਿੰਨਾ, ਹੰਸ ਰਾਜ, ਬਾਊ ਰਾਮ, ਸਮਿਤ ਸੋਨੀ, ਵਿਨੋਦ ਸਿੰਗਲਾ, ਸੰਜਮ ਢਾਲ, ਸਤੀਸ਼ ਮਟਨੇਜਾ, ਪ੍ਰਵੀਨ ਕਥੂਰੀਆ, ਸੋਨੂੰ ਕਥੂਰੀਆ, ਵਿਸ਼ਾਲ ਨਿਰਾਣੀਆ, ਪ੍ਰੇਮ ਦੁਲਗਜ, ਸੰਜੂ ਭਾਟੀਆ, ਰਾਜ ਗੋਇਲ, ਮਨੋਜ ਨਾਗਪਾਲ, ਬਿੱਟੂ, ਨਵੀਨ ਵਧਵਾ, ਭਗਵਾਨ ਦਾਸ, ਕਾਲੂ ਰਾਮ, ਰਾਜੀਵ ਫੁਟੇਲਾ, ਜਗਦੀਸ਼ ਸਹਿਗਲ, ਰਾਜੇਸ਼ ਡੋਡਾ ਆਦਿ ਨੇ ਭਾਰਤੀ ਜਨਤਾ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇਣ ਦਾ ਫ਼ੈਸਲਾ ਲਿਆ | ਇਸ ਸੰਬੰਧੀ ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨਾਲ ਗੱਲਬਾਤ ਕਰਨੀ ਚਾਹੀ ਤਾਂ ਉਨ੍ਹਾਂ ਨਾਲ ਰਾਬਤਾ ਨਹੀਂ ਹੋ ਸਕਿਆ | ਅਬੋਹਰ ਦੇ ਵਿਧਾਇਕ ਸੰਦੀਪ ਜਾਖੜ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਮੈਨੂੰ ਹਾਲੇ ਉਕਤ ਬਾਰੇ ਪੂਰੀ ਜਾਣਕਾਰੀ ਨਹੀਂ ਪਰ ਫਿਰ ਵੀ ਜੇਕਰ ਕੋਈ ਰੁੱਸ ਕੇ ਪਾਰਟੀ ਤੋਂ ਅਸਤੀਫ਼ਾ ਦੇ ਗਿਆ ਹੈ ਤਾਂ ਵਾਪਸ ਲਿਆਉਣ ਦੀ ਕੋਸ਼ਿਸ਼ ਕੀਤੀ ਜਾਵੇਗੀ |