ਫ਼ਾਜ਼ਿਲਕਾ, 20 ਮਈ (ਦਵਿੰਦਰ ਪਾਲ ਸਿੰਘ)-ਅਕਾਲੀ ਦਲ ਵਾਰਿਸ ਪੰਜਾਬ ਪਾਰਟੀ ਵਲੋਂ ਜ਼ਿਲ੍ਹਾ ਫ਼ਾਜ਼ਿਲਕਾ ਨਾਲ ਸਬੰਧਿਤ ਆਜ਼ਾਦ ਕੌਂਸਲਰ ਉਮੀਦਵਾਰਾਂ ਦੀ ਬਿਨਾਂ ਸ਼ਰਤ ਹਮਾਇਤ ਕਰਨ ਦਾ ਵੱਡਾ ਐਲਾਨ ਕੀਤਾ ਗਿਆ ਹੈ | ਇਸ ਮੌਕੇ ਆਗੂਆਂ ਨੇ ਦੱਸਿਆ ਕਿ ਭਾਈ ਅੰਮਿ੍ਤਪਾਲ ਸਿੰਘ ਸਾਂਸਦ ਮੈਂਬਰ ਦੀ ਅਗਵਾਈ ਵਾਲੀ ਪਾਰਟੀ 'ਅਕਾਲੀ ਦਲ ਵਾਰਿਸ ਪੰਜਾਬ' ਵਲੋਂ ਆਜ਼ਾਦ ਕੌਂਸਲਰ ਚੋਣਾਂ ਲੜਨ ਵਾਲੇ ਸਮੂਹ ਉਮੀਦਵਾਰਾਂ ਦੀ ਪੰਜਾਬ ਪੱਧਰ 'ਤੇ ਹਮਾਇਤ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ | ਇਸੇ ਲੜੀ ਤਹਿਤ ਜ਼ਿਲ੍ਹਾ ਫ਼ਾਜ਼ਿਲਕਾ ਤੋਂ ਹਲਕਾ ਸੇਵਾਦਾਰ ਦਵਿੰਦਰ ਸਿੰਘ ਕਮਾਲ ਵਾਲਾ ਅਤੇ ਉਨ੍ਹਾਂ ਦੀ ਟੀਮ ਦੀ ਵਿਸ਼ੇਸ਼ ਡਿਊਟੀ ਲਗਾਈ ਗਈ ਹੈ, ਜੋ ਘਰ-ਘਰ ਜਾ ਕੇ ਪਾਰਟੀ ਦੀਆਂ ਪੰਜਾਬ ਪ੍ਰਤੀ ਸੁਹਿਰਦ ਨੀਤੀਆਂ ਨਾਲ ਆਮ ਲੋਕਾਂ ਨੂੰ ਜਾਣੂ ਕਰਵਾਉਣਗੇ | ਇਸ ਦੇ ਨਾਲ ਹੀ ਪਾਰਟੀ ਵਲੋਂ ਇਕ ਹੈਲਪ ਡੈਸਕ ਨੰਬਰ ਜਾਰੀ ਕੀਤਾ ਗਿਆ ਹੈ, ਜਿਸ ਤਹਿਤ ਲੋਕਾਂ ਦੀਆਂ ਹਰ ਤਰ੍ਹਾਂ ਦੀਆਂ ਮੁਸ਼ਕਲਾਂ ਦੇ ਹੱਲ ਲਈ ਟੀਮ 24 ਘੰਟੇ ਉਪਲਬਧ ਰਹੇਗੀ | ਇਸ ਮੌਕੇ ਦਵਿੰਦਰ ਸਿੰਘ ਕਮਾਲ ਵਾਲਾ ਨੇ ਦੱਸਿਆ ਕਿ ਜ਼ਿਲ੍ਹਾ ਪੱਧਰ 'ਤੇ ਆਜ਼ਾਦ ਉਮੀਦਵਾਰਾਂ ਲਈ ਪਾਰਟੀ ਵਲੋਂ ਲੱਗੀ ਡਿਊਟੀ ਨੂੰ ਉਹ ਤਨਦੇਹੀ ਨਾਲ ਨਿਭਾ ਰਹੇ ਹਨ | ਉਨ੍ਹਾਂ ਕਿਹਾ ਕਿ ਹਰ ਵੋਟਰ ਦਾ ਫ਼ਰਜ਼ ਬਣਦਾ ਹੈ ਕਿ ਉਹ ਰਵਾਇਤੀ ਪਾਰਟੀਆਂ ਤੋਂ ਉੱਪਰ ਉੱਠ ਕੇ ਅਕਾਲੀ ਦਲ ਵਾਰਿਸ ਪੰਜਾਬ ਦੀਆਂ ਨੀਤੀਆਂ ਅਨੁਸਾਰ ਆਜ਼ਾਦ ਉਮੀਦਵਾਰਾਂ ਦੇ ਹੱਕ ਵਿਚ ਭੁਗਤਣ, ਤਾਂ ਜੋ ਪੰਜਾਬ ਨੂੰ ਸੁਹਿਰਦਤਾ ਨਾਲ ਨਸ਼ਾ ਮੁਕਤ ਕੀਤਾ ਜਾ ਸਕੇ | ਉਨ੍ਹਾਂ ਅੱਗੇ ਕਿਹਾ ਕਿ ਪਾਰਟੀ ਦਾ ਮੁੱਖ ਮਕਸਦ ਵੱਧ ਤੋਂ ਵੱਧ ਨੌਜਵਾਨਾਂ ਲਈ ਰੁਜ਼ਗਾਰ ਦੇ ਮੌਕੇ ਪੈਦਾ ਕਰਨਾ ਅਤੇ ਪੰਜਾਬ ਨੂੰ ਚੰਗੀ ਸਿਹਤ, ਬਿਹਤਰ ਸਿੱਖਿਆ ਨੀਤੀ, ਟਰਾਂਸਪੋਰਟ ਅਤੇ ਵਪਾਰ ਨੀਤੀ ਪੱਖੋਂ ਇੱਕ ਉਤਸ਼ਾਹਿਤ ਅਤੇ ਮੋਹਰੀ ਸੂਬੇ ਵਜੋਂ ਦਰਸਾਉਣਾ ਹੈ | ਇਸ ਪ੍ਰੈੱਸ ਕਾਨਫ਼ਰੰਸ ਦੌਰਾਨ ਡਾ.ਪਰਮਜੀਤ ਸਿੰਘ ਜਨਰਲ ਸਕੱਤਰ, ਸਾਰਜ ਸਿੰਘ ਯੂਥ ਪ੍ਰਧਾਨ, ਪ੍ਰਤਾਪ ਸਿੰਘ ਜ਼ਿਲ੍ਹਾ ਪ੍ਰਧਾਨ, ਗੁਰਪ੍ਰੀਤ ਸਿੰਘ ਹਲਕਾ ਇੰਚਾਰਜ ਜਲਾਲਾਬਾਦ ਅਤੇ ਗੁਰਲਾਲ ਸਿੰਘ ਝੁਰੜ ਖੇੜਾ ਯੂਥ ਮੀਤ ਪ੍ਰਧਾਨ ਵਿਸ਼ੇਸ਼ ਰੂਪ ਵਿਚ ਮੌਜੂਦ ਸਨ |