ਫ਼ਾਜ਼ਿਲਕਾ, 21 ਮਈ (ਦਵਿੰਦਰ ਪਾਲ ਸਿੰਘ)-ਆਮ ਆਦਮੀ ਪਾਰਟੀ ਫ਼ਾਜ਼ਿਲਕਾ ਵਲੋਂ ਨਗਰ ਕੌਂਸਲ ਚੋਣਾਂ ਦੇ ਮੱਦੇਨਜ਼ਰ ਆਪਣਾ ਵਿਸਥਾਰਤ ਚੋਣ ਘੋਸ਼ਣਾ ਪੱਤਰ ਜਾਰੀ ਕਰ ਦਿੱਤਾ ਗਿਆ ਹੈ | ਇਹ ਘੋਸ਼ਣਾ ਪੱਤਰ ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਵਲੋਂ ਸਾਰੇ ਵਾਰਡਾਂ ਦੇ ਐਲਾਨੇ ਗਏ ਉਮੀਦਵਾਰਾਂ ਅਤੇ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਅਨਿਲ ਸੇਠੀ ਦੇ ਲੰਮੇ ਤਜਰਬੇ ਦੇ ਆਧਾਰ 'ਤੇ ਹਰ ਵਾਰਡ ਦੀਆਂ ਮੁੱਖ ਲੋੜਾਂ ਨੂੰ ਮੁੱਖ ਰੱਖਦਿਆਂ ਵਿਸ਼ੇਸ਼ ਤੌਰ 'ਤੇ ਤਿਆਰ ਕੀਤਾ ਗਿਆ ਹੈ | ਚੋਣ ਮੈਨੀਫੈਸਟੋ ਜਾਰੀ ਕਰਦਿਆਂ ਵਿਧਾਇਕ ਸਵਨਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਸ਼ਹਿਰ ਦੇ ਸਰਵਪੱਖੀ ਵਿਕਾਸ, ਸਫ਼ਾਈ, ਸਿੱਖਿਆ, ਸਿਹਤ, ਪੀਣ ਵਾਲੇ ਸਾਫ਼ ਪਾਣੀ, ਸੀਵਰੇਜ, ਸੜਕਾਂ ਅਤੇ ਲੋਕ ਭਲਾਈ ਨਾਲ ਜੁੜੇ ਕਈ ਵੱਡੇ ਐਲਾਨ ਕੀਤੇ ਹਨ | ਉਨ੍ਹਾਂ ਦਾਅਵਾ ਕੀਤਾ ਕਿ ਇਹ ਘੋਸ਼ਣਾ ਪੱਤਰ ਸ਼ਹਿਰ ਦੇ ਹਰ ਵਰਗ ਅਤੇ ਹਰ ਹਿੱਸੇ ਦੀਆਂ ਜ਼ਰੂਰਤਾਂ ਨੂੰ ਧਿਆਨ ਵਿਚ ਰੱਖ ਕੇ ਬਣਾਇਆ ਗਿਆ ਹੈ | ਮੈਨੀਫੈਸਟੋ ਵਿਚ ਸ਼ਹਿਰ ਵਾਸੀਆਂ ਨੂੰ ਬਿਹਤਰ ਸਿਹਤ ਸਹੂਲਤਾਂ ਪ੍ਰਦਾਨ ਕਰਨ ਲਈ ਹਰ ਵਾਰਡ ਵਿਚ ਬੁਨਿਆਦੀ ਸਹੂਲਤਾਂ ਨਾਲ ਲੈਸ ਹੈਲਥ ਸੈਂਟਰ ਖੋਲ੍ਹਣ ਦਾ ਅਹਿਮ ਵਾਅਦਾ ਕੀਤਾ ਗਿਆ ਹੈ | ਇਸ ਤੋਂ ਇਲਾਵਾ ਸਰਕਾਰੀ ਸਕੂਲਾਂ ਦੀ ਨੁਹਾਰ ਬਦਲਣ, ਮਾਡਰਨ ਕਲਾਸ-ਰੂਮ ਬਣਾਉਣ ਅਤੇ ਵਿਦਿਆਰਥੀਆਂ ਲਈ ਉੱਚ ਪੱਧਰੀ ਸਿੱਖਿਆ ਦੇ ਪ੍ਰਬੰਧਾਂ 'ਤੇ ਵੀ ਵਿਸ਼ੇਸ਼ ਜ਼ੋਰ ਦਿੱਤਾ ਗਿਆ ਹੈ | 'ਸਵੱਛ ਫ਼ਾਜ਼ਿਲਕਾ' ਦਾ ਨਾਅਰਾ ਦਿੰਦਿਆਂ ਪਾਰਟੀ ਨੇ ਸ਼ਹਿਰ ਵਿਚ ਡੋਰ-ਟੂ-ਡੋਰ ਕੂੜਾ ਇਕੱਠਾ ਕਰਨ ਦੀ ਪ੍ਰਣਾਲੀ ਨੂੰ ਹੋਰ ਮਜ਼ਬੂਤ ??ਕਰਨ ਅਤੇ ਸਫ਼ਾਈ ਲਈ ਆਧੁਨਿਕ ਮਸ਼ੀਨਾਂ ਦਾ ਪ੍ਰਬੰਧ ਕਰਨ ਦਾ ਐਲਾਨ ਕੀਤਾ ਹੈ | ਮੈਨੀਫੈਸਟੋ ਵਿਚ ਸੀਵਰੇਜ ਸਿਸਟਮ ਨੂੰ ਦਰੁਸਤ ਕਰਨ ਲਈ ਨਵੀਆਂ ਪਾਈਪ ਲਾਈਨਾਂ ਵਿਛਾਉਣ ਅਤੇ ਬਲਾਕ ਪਈਆਂ ਲਾਈਨਾਂ ਦੀ ਸਫ਼ਾਈ ਦਾ ਮੁੱਦਾ ਵੀ ਪ੍ਰਮੁੱਖਤਾ ਨਾਲ ਸ਼ਾਮਲ ਕੀਤਾ ਗਿਆ ਹੈ | ਸ਼ਹਿਰ ਦੇ ਵਿਕਾਸ ਲਈ ਪੱਕੀਆਂ ਸੜਕਾਂ, ਨਵੀਆਂ ਸਟਰੀਟ ਲਾਈਟਾਂ ਲਗਾਉਣ ਅਤੇ ਪਾਰਕਾਂ ਦੀ ਸੁੰਦਰਤਾ ਵਧਾਉਣ ਦਾ ਵੀ ਵਾਅਦਾ ਕੀਤਾ ਗਿਆ ਹੈ | ਅÏਰਤਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿਚ ਸੀ.ਸੀ.ਟੀ.ਵੀ ਕੈਮਰੇ ਲਗਾਉਣ ਅਤੇ ਰਾਤ ਸਮੇਂ ਪੁਲਿਸ ਪੈਟਰੋਲਿੰਗ ਵਧਾਉਣ ਦੀ ਗੱਲ ਕਹੀ ਗਈ ਹੈ | ਇਸ ਦੇ ਨਾਲ ਹੀ ਪਾਰਟੀ ਨੇ ਨੌਜਵਾਨਾਂ ਲਈ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਕਰਨ ਅਤੇ ਖੇਡ ਸਹੂਲਤਾਂ ਨੂੰ ਵਧਾਉਣ ਦਾ ਵੀ ਖ਼ਾਕਾ ਪੇਸ਼ ਕੀਤਾ ਹੈ | ਆਮ ਆਦਮੀ ਪਾਰਟੀ ਦੇ ਆਗੂਆਂ ਨੇ ਸ਼ਹਿਰ ਵਾਸੀਆਂ ਨੂੰ ਭਰੋਸਾ ਦਵਾਇਆ ਕਿ ਜੇਕਰ ਉਨ੍ਹਾਂ ਨੂੰ ਨਗਰ ਕੌਂਸਲ ਵਿਚ ਸੇਵਾ ਦਾ ਮੌਕਾ ਮਿਲਿਆ ਤਾਂ ਫ਼ਾਜ਼ਿਲਕਾ ਸ਼ਹਿਰ ਨੂੰ ਵਿਕਾਸ ਦੇ ਇਕ ਨਵੇਂ ਰਾਹ 'ਤੇ ਲਿਆਂਦਾ ਜਾਵੇਗਾ | ਪਾਰਟੀ ਲੀਡਰਸ਼ਿਪ ਨੇ ਕਿਹਾ ਕਿ ਇਹ ਮੈਨੀਫੈਸਟੋ ਸਿਰਫ਼ ਚੋਣਵੀਂ ਬਿਆਨਬਾਜ਼ੀ ਨਹੀਂ, ਸਗੋਂ ਜਨਤਾ ਨਾਲ ਕੀਤਾ ਇਕ ਸੱਚਾ ਵਾਅਦਾ ਹੈ, ਜਿਸ ਨੂੰ ਪੂਰੀ ਇਮਾਨਦਾਰੀ ਨਾਲ ਪੂਰਾ ਕੀਤਾ ਜਾਵੇਗਾ |