ਫ਼ਾਜ਼ਿਲਕਾ, 21 ਮਈ (ਦਵਿੰਦਰ ਪਾਲ ਸਿੰਘ)-ਨਗਰ ਕੌਂਸਲ ਚੋਣਾਂ ਵਿਚ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦੀ ਜਿੱਤ ਯਕੀਨੀ ਬਣਾਉਣ ਲਈ ਜਿੱਥੇ ਹਲਕਾ ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਲਗਾਤਾਰ ਵਾਰਡਾਂ ਦੇ ਦੌਰੇ ਕਰਕੇ ਜਨਸੰਪਰਕ ਮੁਹਿੰਮ ਚਲਾ ਰਹੇ ਹਨ ਅਤੇ ਜਨ ਸਭਾਵਾਂ ਨੂੰ ਸੰਬੋਧਨ ਕਰ ਰਹੇ ਹਨ, ਉੱਥੇ ਹੀ ਦੂਜੇ ਪਾਸੇ ਉਨ੍ਹਾਂ ਦੀ ਧਰਮ-ਪਤਨੀ ਖ਼ੁਸ਼ਬੂ ਸਾਵਨਸੁੱਖਾ ਨੇ ਵੀ ਸ਼ਹਿਰ ਦੇ ਵੱਖ-ਵੱਖ ਵਾਰਡਾਂ ਵਿਚ ਚੋਣ ਪ੍ਰਚਾਰ ਦੀ ਕਮਾਨ ਸੰਭਾਲੀ ਹੋਈ ਹੈ | ਖ਼ੁਸ਼ਬੂ ਸਾਵਨਸੁੱਖਾ ਵਲੋਂ ਵਾਰਡ ਨੰਬਰ 2, 5, 11 ਅਤੇ 24 ਵਿਚ ਜ਼ੋਰਦਾਰ ਜਨਸੰਪਰਕ ਮੁਹਿੰਮ ਚਲਾਈ ਗਈ | ਸਭ ਤੋਂ ਪਹਿਲਾਂ ਖ਼ੁਸ਼ਬੂ ਸਾਵਨਸੁੱਖਾ ਵਾਰਡ ਨੰਬਰ 11 ਵਿਚ ਪਹੁੰਚੇ, ਜਿੱਥੇ ਉਨ੍ਹਾਂ ਨੇ 'ਆਪ' ਉਮੀਦਵਾਰ ਬਬਲੀ ਰੇਵਾੜੀਆ ਦੇ ਪੱਖ ਵਿਚ ਘਰ-ਘਰ ਜਾ ਕੇ ਵੋਟਾਂ ਮੰਗੀਆਂ | ਇਸ ਤੋਂ ਬਾਅਦ ਉਹ ਵਾਰਡ ਨੰਬਰ 5 ਵਿਚ ਪਹੁੰਚੇ ਅਤੇ ਉਮੀਦਵਾਰ ਪਾਰਸ ਖੁਰਾਨਾ ਸਪੁੱਤਰ ਰਾਜੂ ਖੁਰਾਨਾ ਦੇ ਪੱਖ ਵਿਚ ਚੋਣ ਪ੍ਰਚਾਰ ਕੀਤਾ | ਉਨ੍ਹਾਂ ਕਿਹਾ ਕਿ ਪਾਰਸ ਖੁਰਾਨਾ ਇਕ ਪੜ੍ਹੇ-ਲਿਖੇ ਅਤੇ ਸੂਝਵਾਨ ਨੌਜਵਾਨ ਆਗੂ ਹਨ | ਪਾਰਟੀ ਨੇ ਉਨ੍ਹਾਂ ਦੀਆਂ ਸਮਰਪਿਤ ਸੇਵਾਵਾਂ ਅਤੇ ਵਾਰਡ ਪ੍ਰਤੀ ਚੰਗੀ ਸੋਚ ਨੂੰ ਦੇਖਦੇ ਹੋਏ ਹੀ ਟਿਕਟ ਦਿੱਤੀ ਹੈ | ਉਨ੍ਹਾਂ ਨੇ ਕਈ ਘਰਾਂ ਵਿਚ ਜਾ ਕੇ ਪਾਰਸ ਖੁਰਾਨਾ ਨੂੰ ਭਾਰੀ ਬਹੁਮਤ ਨਾਲ ਜੇਤੂ ਬਣਾਉਣ ਦੀ ਅਪੀਲ ਕੀਤੀ | ਇਸ ਤੋਂ ਬਾਅਦ ਖ਼ੁਸ਼ਬੂ ਸਾਵਨਸੁੱਖਾ ਵਾਰਡ ਨੰਬਰ 2 ਵਿਚ ਪਹੁੰਚੇ ਅਤੇ 'ਆਪ' ਉਮੀਦਵਾਰ ਰਾਜਵੰਤ ਕੌਰ ਦੇ ਹੱਕ ਵਿਚ ਵੋਟਾਂ ਦੀ ਅਪੀਲ ਕੀਤੀ | ਉਨ੍ਹਾਂ ਦੱਸਿਆ ਕਿ ਰਾਜਵੰਤ ਕੌਰ ਦੇ ਸਪੁੱਤਰ ਪ੍ਰਦੀਪ ਸਿੰਘ ਬਾਬੂ ਬਾਜਵਾ ਪਹਿਲਾਂ ਹੀ ਵਾਰਡ ਵਾਸੀਆਂ ਦੀ ਸੇਵਾ ਵਿਚ ਜੁਟੇ ਹੋਏ ਹਨ ਅਤੇ ਵਿਧਾਇਕ ਸਵਨਾ ਦੇ ਸਹਿਯੋਗ ਨਾਲ ਵਾਰਡ ਵਿਚ ਸੜਕਾਂ, ਸੀਵਰੇਜ, ਗਲੀਆਂ-ਨਾਲੀਆਂ ਅਤੇ ਸਟਰੀਟ ਲਾਈਟਾਂ ਦੇ ਕਈ ਵਿਕਾਸ ਕਾਰਜ ਕਰਵਾ ਚੁੱਕੇ ਹਨ | ਅਖੀਰ ਵਿਚ ਖ਼ੁਸ਼ਬੂ ਸਾਵਨਸੁੱਖਾ ਵਾਰਡ ਨੰਬਰ 24 ਵਿਚ ਪਹੁੰਚੇ ਅਤੇ ਉੱਥੇ 'ਆਪ' ਉਮੀਦਵਾਰ ਅੰਕਿਤਾ ਸਚਦੇਵਾ ਚਾਵਲਾ ਦੇ ਪੱਖ ਵਿਚ ਨਾ ਸਿਰਫ਼ ਘਰਾਂ ਵਿਚ, ਸਗੋਂ ਮੁੱਖ ਬਾਜ਼ਾਰ ਚੌਧਰੀਆਂ ਗਲੀ ਦੀ ਹਰ ਦੁਕਾਨ 'ਤੇ ਜਾ ਕੇ ਵੋਟਾਂ ਮੰਗੀਆਂ | ਇਸ ਮੌਕੇ ਉਨ੍ਹਾਂ ਦੇ ਨਾਲ ਅੰਕਿਤਾ ਚਾਵਲਾ ਦੇ ਪਤੀ ਅਤੇ ਆਮ ਆਦਮੀ ਪਾਰਟੀ ਟਰੇਡ ਕਮਿਸ਼ਨ ਫ਼ਾਜ਼ਿਲਕਾ ਦੇ ਚੇਅਰਮੈਨ ਲਵਿਸ਼ ਚਾਵਲਾ ਵੀ ਵਿਸ਼ੇਸ਼ ਤੌਰ 'ਤੇ ਮੌਜੂਦ ਸਨ | ਖ਼ੁਸ਼ਬੂ ਸਾਵਨਸੁੱਖਾ ਸਵਨਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੌਜਵਾਨਾਂ ਦੇ ਨਾਲ-ਨਾਲ ਹਰ ਵਾਰਡ ਵਿਚ ਰਾਖਵੇਂਕਰਨ ਅਨੁਸਾਰ ਸਮਾਜ ਸੇਵਾ ਲਈ ਤਤਪਰ, ਸਰਗਰਮ ਅਤੇ ਊਰਜਾਵਾਨ ਅÏਰਤਾਂ ਨੂੰ ਚੁਣ ਕੇ ਅੱਗੇ ਲਿਆਈ ਹੈ | ਉਨ੍ਹਾਂ ਕਿਹਾ ਕਿ ਜਨਸੰਪਰਕ ਮੁਹਿੰਮ ਦੌਰਾਨ ਲੋਕਾਂ ਵਲੋਂ ਮਿਲ ਰਹੇ ਭਰਵੇਂ ਹੁੰਗਾਰੇ ਤੋਂ ਸਾਫ਼ ਜ਼ਾਹਿਰ ਹੈ ਕਿ ਅੰਕਿਤਾ ਚਾਵਲਾ ਵੱਡੀ ਲੀਡ ਨਾਲ ਜਿੱਤ ਹਾਸਲ ਕਰਨਗੇ |