ਫ਼ਾਜ਼ਿਲਕਾ, 22 ਮਈ (ਦਵਿੰਦਰ ਪਾਲ ਸਿੰਘ)-ਸਾਡਾ ਤੋਹਫ਼ਾ ਦੀਪਕ ਸ਼ਰਮਾ ਵਰਗਾ ਇਕ ਉਤਸ਼ਾਹੀ ਆਗੂ ਹੈ, ਜੋ ਅਸੀਂ ਤੁਹਾਡੀ ਸੇਵਾ ਲਈ ਤੁਹਾਨੂੰ ਭੇਟ ਕਰ ਰਹੇ ਹਾਂ | ਅਸੀਂ ਵੋਟਾਂ ਲਈ ਲੋਕਾਂ ਨੂੰ ਗਿਫ਼ਟ ਨਾ ਵੰਡਦੇ ਹਾਂ ਅਤੇ ਨਾ ਬਾਅਦ ਵਿਚ ਉਨ੍ਹਾਂ ਨੂੰ ਵਾਪਸ ਮੰਗਦੇ ਹਾਂ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਵਿਧਾਇਕ ਨਰਿੰਦਰਪਾਲ ਸਿੰਘ ਸਵਨਾ ਨੇ ਨਗਰ ਕੌਂਸਲ ਚੋਣਾਂ ਦੇ ਸਬੰਧ ਵਿਚ ਵਾਰਡ ਨੰਬਰ 21 ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਦੀਪਕ ਸ਼ਰਮਾ ਦੇ ਪੱਖ ਵਿਚ ਆਯੋਜਿਤ ਇਕ ਵਿਸ਼ਾਲ ਚੋਣ ਸਭਾ ਨੂੰ ਸੰਬੋਧਨ ਕਰਦਿਆਂ ਕੀਤਾ | ਉਨ੍ਹਾਂ ਕਿਹਾ ਕਿ ਵਾਰਡ ਵਿਚ ਵਿਕਾਸ ਕਾਰਜ ਜ਼ੋਰਾਂ 'ਤੇ ਚੱਲ ਰਹੇ ਹਨ ਅਤੇ ਇਸ ਦਾ ਸਿਹਰਾ ਦੀਪਕ ਸ਼ਰਮਾ ਨੂੰ ਜਾਂਦਾ ਹੈ, ਜੋ ਹਮੇਸ਼ਾ ਲੋਕਾਂ ਦੇ ਵਿਚਕਾਰ ਰਹਿ ਕੇ ਉਨ੍ਹਾਂ ਦੀਆਂ ਮੰਗਾਂ ਨੂੰ ਨਗਰ ਕੌਂਸਲ ਵਿਚ ਉਠਾਉਂਦੇ ਰਹੇ ਹਨ | ਉਨ੍ਹਾਂ ਦੋਸ਼ ਲਾਇਆ ਕਿ ਪਹਿਲਾਂ ਕਾਂਗਰਸ ਦੇ ਬੋਰਡ ਨੇ ਉਨ੍ਹਾਂ ਨੂੰ ਅਣਗੌਲਿਆ ਕੀਤਾ ਅਤੇ ਫਿਰ ਸਾਬਕਾ ਕੌਂਸਲਰ ਨੇ ਵਿਕਾਸ ਕਾਰਜਾਂ ਵਿਚ ਰੋੜੇ ਅਟਕਾਏ | ਉਨ੍ਹਾਂ ਕਿਹਾ ਕਿ ਹੁਣ ਫ਼ਾਜ਼ਿਲਕਾ ਨਗਰ ਕੌਂਸਲ ਵਿਚ ਆਮ ਆਦਮੀ ਪਾਰਟੀ ਦਾ ਬੋਰਡ ਬਣਨ ਜਾ ਰਿਹਾ ਹੈ, ਇਸ ਲਈ ਵਾਰਡ ਦੀ ਆਵਾਜ਼ ਨੂੰ ਬੁਲੰਦ ਕਰਨ ਲਈ ਦੀਪਕ ਸ਼ਰਮਾ ਨੂੰ ਭਾਰੀ ਬਹੁਮਤ ਨਾਲ ਜਿਤਾ ਕੇ ਨਗਰ ਕੌਂਸਲ ਵਿਚ ਭੇਜਿਆ ਜਾਵੇ | ਇਸ ਦੌਰਾਨ ਵਿਧਾਇਕ ਸਵਨਾ ਨੇ ਸਾਬਕਾ ਕੌਂਸਲਰ 'ਤੇ ਤਿੱਖਾ ਤੰਜ ਕਸਦਿਆਂ ਕਿਹਾ ਕਿ ਵਾਰਡ ਵਿਚ ਘਰ-ਘਰ ਪ੍ਰਚਾਰ ਦੌਰਾਨ ਕਈ ਲੋਕਾਂ ਨੇ ਉਨ੍ਹਾਂ ਨੂੰ ਦੱਸਿਆ ਕਿ ਸਾਬਕਾ ਕੌਂਸਲਰ ਨੇ ਵੋਟਰਾਂ ਨੂੰ ਲਾਲਚ ਦੇਣ ਲਈ ਟੀ.ਵੀ., ਫ਼ਰਿਜ, ਅਲਮਾਰੀਆਂ ਅਤੇ ਹੋਰ ਸਾਮਾਨ ਵੰਡਿਆ ਸੀ | ਪਰ ਜਦੋਂ ਲੋਕ ਚੋਣਾਂ ਤੋਂ ਬਾਅਦ ਆਪਣੇ ਕੰਮ ਕਰਵਾਉਣ ਲਈ ਗਏ ਤਾਂ ਉਨ੍ਹਾਂ ਸਾਫ਼ ਕਹਿ ਦਿੱਤਾ ਕਿ ਉਹ ਸਿਰਫ਼ ਗਿਫ਼ਟ ਦੇ ਸਕਦੇ ਹਨ, ਕੰਮ ਨਹੀਂ ਕਰਵਾ ਸਕਦੇ | ਜਦੋਂ ਲੋਕਾਂ ਨੇ ਇਸ ਦਾ ਵਿਰੋਧ ਕੀਤਾ ਤਾਂ ਉਨ੍ਹਾਂ ਕੋਲੋਂ ਗਿਫ਼ਟ ਵਾਪਸ ਮੰਗਣ ਦੀ ਗੱਲ ਵੀ ਸਾਹਮਣੇ ਆਈ ਹੈ | ਇਸ ਮੌਕੇ ਵੱਡੀ ਗਿਣਤੀ ਵਿਚ 'ਆਪ' ਆਗੂ, ਵਰਕਰ ਅਤੇ ਵਾਰਡ ਨਿਵਾਸੀ ਹਾਜ਼ਰ ਸਨ |