ਫ਼ਾਜ਼ਿਲਕਾ, 22 ਮਈ (ਦਵਿੰਦਰ ਪਾਲ ਸਿੰਘ)-ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦੀ ਚੋਣ ਮੁਹਿੰਮ ਨੂੰ ਸਿਖ਼ਰਾਂ 'ਤੇ ਪਹੁੰਚਾਉਣ ਲਈ ਵਿਧਾਇਕ ਨਰਿੰਦਰਪਾਲ ਸਿੰਘ ਸਵਨਾ ਦੀ ਧਰਮ-ਪਤਨੀ ਖ਼ੁਸ਼ਬੂ ਸਾਵਨਸੁਖਾ ਸਵਨਾ ਨੇ ਪੂਰੀ ਕਮਾਨ ਸੰਭਾਲ ਲਈ ਹੈ | ਉਨ੍ਹਾਂ ਨੇ ਸ਼ਹਿਰ ਦੇ ਵੱਖ-ਵੱਖ ਵਾਰਡਾਂ ਵਿਚ 'ਆਪ' ਉਮੀਦਵਾਰਾਂ ਦੇ ਪੱਖ ਵਿਚ ਤੂਫ਼ਾਨੀ ਚੋਣ ਪ੍ਰਚਾਰ ਕਰਦਿਆਂ ਵੋਟਰਾਂ ਨੂੰ ਝਾੜੂ ਦੇ ਚੋਣ ਨਿਸ਼ਾਨ 'ਤੇ ਮੋਹਰ ਲਗਾਉਣ ਦੀ ਅਪੀਲ ਕੀਤੀ | ਇਸੇ ਤਹਿਤ ਖ਼ੁਸ਼ਬੂ ਸਾਵਨਸੁਖਾ ਸਵਨਾ ਵਾਰਡ ਨੰਬਰ 20 ਵਿਚ ਪਹੁੰਚੇ, ਜਿੱਥੇ ਉਨ੍ਹਾਂ ਨੇ 'ਆਪ' ਉਮੀਦਵਾਰ ਸੁਨੀਤਾ ਅਗਰਵਾਲ ਦੇ ਹੱਕ 'ਚ ਘਰ-ਘਰ ਜਾ ਕੇ ਚੋਣ ਪ੍ਰਚਾਰ ਕੀਤਾ | ਇਸ ਤੋਂ ਬਾਅਦ ਉਹ ਵਾਰਡ ਨੰਬਰ 12 ਵਿਚ ਪਹੁੰਚੇ, ਜਿੱਥੇ ਉਨ੍ਹਾਂ ਨੇ 'ਆਪ' ਉਮੀਦਵਾਰ ਸੋਮਾ ਰਾਣੀ ਦੇ ਚੋਣ ਦਫ਼ਤਰ ਦਾ ਉਦਘਾਟਨ ਕੀਤਾ ਅਤੇ ਘਰ-ਘਰ ਜਾ ਕੇ ਵੋਟਾਂ ਮੰਗੀਆਂ | ਉਨ੍ਹਾਂ ਕਿਹਾ ਕਿ ਵਾਰਡ ਵਿਚ ਵਿਕਾਸ ਕਾਰਜਾਂ ਦੀ ਵੱਡੀ ਲੋੜ ਹੈ, ਅਤੇ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਭੇਜੀਆਂ ਜਾਣ ਵਾਲੀਆਂ ਗਰਾਂਟਾਂ ਦਾ ਸਹੀ ਲਾਭ ਵਾਰਡ ਤੱਕ ਪਹੁੰਚਾਉਣ ਲਈ ਸੋਮਾ ਰਾਣੀ ਨੂੰ ਜਿਤਾਉਣਾ ਬਹੁਤ ਜ਼ਰੂਰੀ ਹੈ | ਆਪਣੀ ਚੋਣ ਮੁਹਿੰਮ ਦੇ ਅਗਲੇ ਪੜਾਅ ਤਹਿਤ ਖ਼ੁਸ਼ਬੂ ਸਵਨਾ ਵਾਰਡ ਨੰਬਰ 17 ਵਿਚ ਪਹੁੰਚੇ ਅਤੇ ਉਮੀਦਵਾਰ ਪ੍ਰਭੂ ਖੱਤਰੀ ਦੇ ਹੱਕ ਵਿਚ ਜਨਸੰਪਰਕ ਅਭਿਆਨ ਚਲਾਇਆ | ਉਨ੍ਹਾਂ ਨੇ ਪ੍ਰਭੂ ਖੱਤਰੀ ਨੂੰ ਵਾਰਡ ਦਾ ਇਕ ਪਰਖਿਆ ਹੋਇਆ ਸੇਵਕ ਦੱਸਦਿਆਂ, ਨਗਰ ਕੌਂਸਲ ਵਿਚ 'ਆਪ' ਦਾ ਬੋਰਡ ਬਣਾਉਣ ਲਈ ਉਨ੍ਹਾਂ ਨੂੰ ਭਾਰੀ ਬਹੁਮਤ ਨਾਲ ਜਿਤਾਉਣ ਦੀ ਅਪੀਲ ਕੀਤੀ |