ਫ਼ਾਜ਼ਿਲਕਾ, 22 ਮਈ (ਦਵਿੰਦਰ ਪਾਲ ਸਿੰਘ)-ਨਗਰ ਕੌਂਸਲ ਚੋਣਾਂ ਵਿਚ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦੀ ਜਿੱਤ ਯਕੀਨੀ ਬਣਾਉਣ ਲਈ ਫ਼ਾਜ਼ਿਲਕਾ ਦੇ ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਦਿਨ-ਰਾਤ ਇੱਕ ਕਰਕੇ ਚੋਣ ਪ੍ਰਚਾਰ ਕਰ ਰਹੇ ਹਨ | ਇਸੇ ਲੜੀ ਤਹਿਤ ਵਿਧਾਇਕ ਸਵਨਾ ਵਲੋਂ ਵੱਖ-ਵੱਖ ਵਾਰਡਾਂ ਵਿਚ ਘਰ-ਘਰ ਜਾ ਕੇ ਜਨ-ਸੰਪਰਕ ਮੁਹਿੰਮ ਚਲਾਈ ਗਈ ਅਤੇ ਕਈ ਚੋਣ ਸਭਾਵਾਂ ਨੂੰ ਸੰਬੋਧਨ ਕੀਤਾ ਗਿਆ | ਵਿਧਾਇਕ ਸਵਨਾ ਨੇ ਸਭ ਤੋਂ ਪਹਿਲਾਂ ਵਾਰਡ ਨੰਬਰ 23 ਤੋਂ 'ਆਪ' ਉਮੀਦਵਾਰ ਅਤੇ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਅਨਿਲ ਸੇਠੀ ਦੇ ਪੱਖ ਵਿਚ ਸ਼ਹਿਰ ਦੇ ਬਾਹਰੀ ਹਿੱਸੇ ਵਿਚ ਸਥਿਤ 'ਚੱਕਰ ਵਾਲੇ ਝੁੱਗੇ' ਖੇਤਰ ਵਿਚ ਘਰ-ਘਰ ਜਾ ਕੇ ਵੋਟਾਂ ਮੰਗੀਆਂ | ਉਨ੍ਹਾਂ ਵਾਰਡ ਵਾਸੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਨਿਲ ਸੇਠੀ ਦੇ ਯਤਨਾਂ ਸਦਕਾ ਹੀ ਅੱਜ ਇਹ ਪਛੜਿਆ ਇਲਾਕਾ ਜੋ ਕਦੇ ਟੁੱਟੀਆਂ ਸੜਕਾਂ ਅਤੇ ਸੀਵਰੇਜ ਦੀ ਗੰਭੀਰ ਸਮੱਸਿਆ ਲਈ ਜਾਣਿਆ ਜਾਂਦਾ ਸੀ, ਅੱਜ ਨਵੀਆਂ ਸੜਕਾਂ ਅਤੇ ਸੀਵਰੇਜ ਪਾਈਪ-ਲਾਈਨਾਂ ਪੈਣ ਨਾਲ ਇਕ ਸਾਫ਼-ਸੁਥਰਾ ਖੇਤਰ ਬਣ ਚੁੱਕਾ ਹੈ | ਉਨ੍ਹਾਂ ਕਿਹਾ ਕਿ ਇੱਥੋਂ ਦੇ ਬਾਕੀ ਰਹਿੰਦੇ ਅਧੂਰੇ ਕਾਰਜਾਂ ਨੂੰ ਵੀ ਵਾਰਡ ਵਿਚ 'ਆਪ' ਦਾ ਕੌਂਸਲਰ ਬਣਾ ਕੇ ਅਤੇ ਨਗਰ ਕੌਂਸਲ ਵਿਚ 'ਆਪ' ਦਾ ਬੋਰਡ ਸਥਾਪਿਤ ਕਰਕੇ ਜਲਦ ਪੂਰਾ ਕੀਤਾ ਜਾਵੇਗਾ | ਇਸ ਤੋਂ ਬਾਅਦ ਵਾਰਡ ਨੰਬਰ 24 ਵਿਚ ਪਾਰਟੀ ਉਮੀਦਵਾਰ ਅੰਕਿਤਾ ਸਚਦੇਵਾ ਚਾਵਲਾ ਦੇ ਹੱਕ ਵਿਚ ਚੋਣ ਪ੍ਰਚਾਰ ਕਰਦਿਆਂ ਵਿਧਾਇਕ ਸਵਨਾ ਨੇ ਕਿਹਾ ਕਿ ਪਿਛਲੀ ਵਾਰ ਵਾਰਡ ਵਾਸੀਆਂ ਨੇ ਕਾਂਗਰਸੀ ਉਮੀਦਵਾਰ ਨੂੰ ਜਿਤਾ ਕੇ ਜੋ ਗ਼ਲਤੀ ਕੀਤੀ ਸੀ, ਉਸ ਨੂੰ ਇਸ ਵਾਰ ਨਾ ਦੁਹਰਾਇਆ ਜਾਵੇ, ਕਿਉਂਕਿ ਕਾਂਗਰਸੀ ਪਰਿਸ਼ਦ ਵਾਰਡ ਦੇ ਲੋਕਾਂ ਨੂੰ ਮੁਸ਼ਕਿਲਾਂ ਵਿਚ ਅੱਧ ਵਿਚਾਲੇ ਛੱਡ ਕੇ ਕਾਂਗਰਸ ਤੋਂ ਪਲਟੀ ਮਾਰ ਕੇ ਭਾਜਪਾ ਵਿਚ ਸ਼ਾਮਲ ਹੋ ਗਿਆ ਹੈ | ਉਨ੍ਹਾਂ ਅਪੀਲ ਕੀਤੀ ਕਿ ਵਾਰਡ ਦੇ ਨਿਰੰਤਰ ਵਿਕਾਸ ਲਈ ਪੜ੍ਹੀ-ਲਿਖੀ ਅਤੇ ਸੂਝਵਾਨ ਉਮੀਦਵਾਰ ਅੰਕਿਤਾ ਸਚਦੇਵਾ ਚਾਵਲਾ ਨੂੰ ਭਾਰੀ ਬਹੁਮਤ ਨਾਲ ਜੇਤੂ ਬਣਾਇਆ ਜਾਵੇ | ਅਖੀਰ ਵਿਚ ਵਿਧਾਇਕ ਸਵਨਾ ਵਾਰਡ ਨੰਬਰ 13 ਵਿਚ ਪਹੁੰਚੇ ਅਤੇ ਪਾਰਟੀ ਦੇ ਪੁਰਾਣੇ ਉਮੀਦਵਾਰ ਭਗਵਾਨ ਦਾਸ ਨੂੰ ਇਸ ਵਾਰ ਸੇਵਾ ਦਾ ਮੌਕਾ ਦੇਣ ਦੀ ਅਪੀਲ ਕੀਤੀ | ਇਸ ਮੌਕੇ ਵਿਧਾਇਕ ਸਵਨਾ ਦੇ ਨਾਲ ਉਮੀਦਵਾਰ ਅਨਿਲ ਸੇਠੀ, ਭਗਵਾਨ ਦਾਸ, ਅੰਕਿਤਾ ਸਚਦੇਵਾ ਚਾਵਲਾ, ਆਕਾਸ਼ ਖੇੜਾ, ਸਾਜਨ ਸਚਦੇਵਾ ਸਮੇਤ ਵੱਡੀ ਗਿਣਤੀ ਵਿਚ ਪਾਰਟੀ ਆਗੂ, ਵਰਕਰ ਅਤੇ ਵਾਰਡ ਨਿਵਾਸੀ ਹਾਜ਼ਰ ਸਨ |