ਫ਼ਾਜ਼ਿਲਕਾ, 22 ਮਈ (ਦਵਿੰਦਰ ਪਾਲ ਸਿੰਘ)-26 ਮਈ ਨੂੰ ਹੋਣ ਜਾ ਰਹੀਆਂ ਨਗਰ ਪੰਚਾਇਤ ਚੋਣਾਂ ਨੂੰ ਲੈ ਕੇ ਅਰਨੀਵਾਲਾ ਵਿਚ ਚੋਣ ਪ੍ਰਚਾਰ ਪੂਰੀ ਤਰ੍ਹਾਂ ਭਖਿਆ ਹੋਇਆ ਹੈ | ਇਸ ਦੌਰਾਨ ਜਲਾਲਾਬਾਦ ਦੇ ਵਿਧਾਇਕ ਜਗਦੀਪ ਕੰਬੋਜ ਗੋਲਡੀ ਵਲੋਂ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦੇ ਹੱਕ ਵਿਚ ਲਗਾਤਾਰ ਨੁੱਕੜ ਮੀਟਿੰਗਾਂ, ਡੋਰ-ਟੂ-ਡੋਰ ਪ੍ਰਚਾਰ ਅਤੇ ਚੋਣ ਰੈਲੀਆਂ ਨੂੰ ਸੰਬੋਧਨ ਕੀਤਾ ਜਾ ਰਿਹਾ ਹੈ | ਇਸੇ ਮੁਹਿੰਮ ਤਹਿਤ ਵਿਧਾਇਕ ਜਗਦੀਪ ਕੰਬੋਜ ਗੋਲਡੀ ਨੂੰ ਵਾਰਡ ਨੰਬਰ 10 ਵਿਚ ਉਸ ਵੇਲੇ ਭਰਵਾਂ ਹੁੰਗਾਰਾ ਮਿਲਿਆ, ਜਿੱਥੇ ਵਾਰਡ ਵਾਸੀਆਂ ਨੇ ਉਤਸ਼ਾਹ ਵਿਚ ਆ ਕੇ ਉਨ੍ਹਾਂ ਨੂੰ ਲੱਡੂਆਂ ਨਾਲ ਤੋਲ ਕੇ ਸਨਮਾਨਿਤ ਕੀਤਾ | ਵਾਰਡ ਨਿਵਾਸੀਆਂ ਨੇ ਵਿਧਾਇਕ ਨੂੰ ਵਿਸ਼ਵਾਸ ਦਿਵਾਇਆ ਕਿ ਇਸ ਵਾਰ ਵਾਰਡ ਨੰਬਰ 10 ਤੋਂ ਆਮ ਆਦਮੀ ਪਾਰਟੀ ਦਾ ਉਮੀਦਵਾਰ ਵੱਡੇ ਮਾਰਜਨ ਨਾਲ ਇਤਿਹਾਸਿਕ ਜਿੱਤ ਦਰਜ ਕਰੇਗਾ | ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਵਿਧਾਇਕ ਜਗਦੀਪ ਕੰਬੋਜ ਗੋਲਡੀ ਨੇ ਕਿਹਾ ਕਿ ਪਿਛਲੇ 75 ਸਾਲਾਂ ਦੌਰਾਨ ਰਵਾਇਤੀ ਪਾਰਟੀਆਂ ਵਲੋਂ ਅਰਨੀਵਾਲਾ ਦੇ ਵਿਕਾਸ ਵੱਲ ਕੋਈ ਖ਼ਾਸ ਧਿਆਨ ਨਹੀਂ ਦਿੱਤਾ ਗਿਆ, ਪਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਕੇਵਲ ਚਾਰ ਸਾਲਾਂ ਦੇ ਅਰਸੇ ਵਿਚ ਹੀ ਇਲਾਕੇ ਦੀ ਤਸਵੀਰ ਬਦਲਣ ਵਾਲੇ ਕਈ ਵੱਡੇ ਵਿਕਾਸ ਕਾਰਜ ਕਰਵਾਏ ਹਨ | ਉਨ੍ਹਾਂ ਸਰਕਾਰ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਸੇਮ ਪ੍ਰੋਜੈਕਟ, ਕਿਸਾਨਾਂ ਲਈ ਵੱਖ-ਵੱਖ ਭਲਾਈ ਯੋਜਨਾਵਾਂ, ਸਿਹਤ ਸਹੂਲਤਾਂ ਨੂੰ ਮਜ਼ਬੂਤ ਕਰਨ ਲਈ ਕਮਿਊਨਿਟੀ ਹੈਲਥ ਸੈਂਟਰ, ਸਿੱਖਿਆ ਦੇ ਖੇਤਰ ਵਿਚ ਸਕੂਲਾਂ ਨੂੰ ਅਪਗ੍ਰੇਡ ਕਰਨਾ, ਅਰਨੀਵਾਲਾ ਵਿਚ 'ਸਕੂਲ ਆਫ਼ ਐਮੀਨੈਂਸ' ਦੀ ਸਥਾਪਨਾ, ਸੜਕਾਂ ਦਾ ਜਾਲ ਵਿਛਾਉਣਾ ਅਤੇ ਪੰਜਾਬ ਦੀ ਇਤਿਹਾਸਿਕ ਜ਼ਾਮਨ ਮੰਡੀ ਨੂੰ ਨਵੇਂ ਸਿਰੇ ਤੋਂ ਬਣਾਉਣਾ ਸਰਕਾਰ ਦੇ ਵੱਡੇ ਇਤਿਹਾਸਿਕ ਕਦਮ ਹਨ | ਵਿਧਾਇਕ ਗੋਲਡੀ ਕੰਬੋਜ ਨੇ ਲੋਕਾਂ ਨੂੰ ਭਾਵੁਕ ਅਪੀਲ ਕਰਦਿਆਂ ਕਿਹਾ ਕਿ ਇਸ ਵਾਰ ਨਗਰ ਪੰਚਾਇਤ ਚੋਣਾਂ ਵਿਚ ਆਮ ਆਦਮੀ ਪਾਰਟੀ ਦੇ 11 ਦੇ 11 ਉਮੀਦਵਾਰਾਂ ਨੂੰ ਜਿਤਾ ਕੇ ਨਗਰ ਪੰਚਾਇਤ ਵਿਚ 'ਆਪ' ਦਾ ਮਜ਼ਬੂਤ ਬੋਰਡ ਬਣਾਇਆ ਜਾਵੇ ਤਾਂ ਜੋ ਆਉਣ ਵਾਲੇ ਛੇ ਮਹੀਨਿਆਂ ਵਿਚ ਅਰਨੀਵਾਲਾ ਦਾ ਕੋਈ ਵੀ ਵਿਕਾਸ ਕਾਰਜ ਅਧੂਰਾ ਨਾ ਰਹੇ | ਇਸ ਮੌਕੇ ਵੱਡੀ ਗਿਣਤੀ ਵਿਚ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ, ਵਰਕਰ ਅਤੇ ਇਲਾਕਾ ਵਾਸੀ ਹਾਜ਼ਰ ਸਨ |