ਫ਼ਾਜ਼ਿਲਕਾ, 23 ਮਈ(ਅਮਰਜੀਤ ਸ਼ਰਮਾ)-ਸਥਾਨਕ ਨਗਰ ਪੰਚਾਇਤ ਚੋਣਾਂ ਦੇ ਮੱਦੇਨਜ਼ਰ ਮੰਡੀ ਅਰਨੀਵਾਲਾ ਦੇ ਵਾਰਡ ਨੰਬਰ 8 ਵਿਚ ਸਿਆਸੀ ਸਰਗਰਮੀਆਂ ਬੇਹੱਦ ਤੇਜ਼ ਹੋ ਗਈਆਂ ਹਨ | ਵਾਰਡ ਨੰਬਰ 8 ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਅਤੇ ਟਕਸਾਲੀ ਪਰਿਵਾਰ ਨਾਲ ਸਬੰਧਿਤ ਚੇਅਰਮੈਨ ਕੰਵਲ ਕਾਲੜਾ ਨੂੰ ਚੋਣ ਪ੍ਰਚਾਰ ਦੌਰਾਨ ਵਾਰਡ ਦੇ ਵੋਟਰਾਂ ਅਤੇ ਇਲਾਕਾ ਨਿਵਾਸੀਆਂ ਵਲੋਂ ਭਰਪੂਰ ਸਮਰਥਨ ਹਾਸਲ ਹੋ ਰਿਹਾ ਹੈ | ਚੋਣ ਪ੍ਰਚਾਰ ਦੌਰਾਨ ਵਾਰਡ ਵਾਸੀਆਂ ਦੇ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਚੇਅਰਮੈਨ ਕੰਵਲ ਕਾਲੜਾ ਨੇ ਸਾਰੇ ਵੋਟਰਾਂ ਨੂੰ ਆਉਣ ਵਾਲੀ 26 ਤਾਰੀਖ਼ ਨੂੰ ਕਾਂਗਰਸ ਪਾਰਟੀ ਦੇ ਹੱਕ ਵਿਚ ਇਕ-ਇਕ ਵੋਟ ਪਾਉਣ ਦੀ ਭਾਵੁਕ ਅਪੀਲ ਕੀਤੀ | ਇਸ ਮੌਕੇ ਹਾਜ਼ਰ ਸੂਝਵਾਨ ਅਤੇ ਪੜ੍ਹੇ-ਲਿਖੇ ਵਾਰਡ ਵਾਸੀਆਂ ਨੇ ਕਾਂਗਰਸ ਪਾਰਟੀ ਦਾ ਡਟ ਕੇ ਸਾਥ ਦੇਣ ਦਾ ਐਲਾਨ ਕੀਤਾ ਤਾਂ ਜੋ ਮੰਡੀ ਅਰਨੀਵਾਲਾ ਦੇ ਵਾਰਡ ਨੰਬਰ 8 ਨੂੰ ਵਿਕਾਸ ਦੇ ਮਾਮਲੇ ਵਿਚ ਜ਼ਿਲ੍ਹੇ ਦਾ ਨੰਬਰ ਇਕ ਵਾਰਡ ਬਣਾਇਆ ਜਾ ਸਕੇ | ਵਾਰਡ ਵਾਸੀਆਂ ਨੇ ਕਿਹਾ ਕਿ ਆਉਣ ਵਾਲਾ ਸਮਾਂ ਕਾਂਗਰਸ ਪਾਰਟੀ ਅਤੇ ਹਲਕਾ ਜਲਾਲਾਬਾਦ ਦੇ ਆਗੂ ਰਮਿੰਦਰ ਸਿੰਘ ਆਵਲਾ ਦਾ ਹੈ, ਜਿਨ੍ਹਾਂ ਦਾ ਹਲਕੇ ਤੋਂ ਚੋਣ ਲੜਨਾ ਪੂਰੀ ਤਰ੍ਹਾਂ ਤੈਅ ਹੈ | ਉਨ੍ਹਾਂ ਕਿਹਾ ਕਿ ਵਾਰਡ ਨੰਬਰ 8 ਦੇ ਸਮੂਹ ਵੋਟਰ ਆਵਲਾ ਸਾਹਿਬ ਦੀ ਅਗਾਂਹਵਧੂ ਸੋਚ, ਚੇਅਰਮੈਨ ਕੰਵਲ ਕਾਲੜਾ ਦੀ ਲਿਆਕਤ, ਕੰਮ ਕਰਨ ਦੇ ਜਜ਼ਬੇ ਅਤੇ ਹਰ ਵਰਗ ਦੇ ਦੁੱਖ-ਸੁੱਖ ਵਿਚ ਹਮੇਸ਼ਾ ਮੋਹਰੀ ਹੋ ਕੇ ਖੜ੍ਹਨ ਦੀ ਆਦਤ ਤੋਂ ਬੇਹੱਦ ਪ੍ਰਭਾਵਿਤ ਹਨ | ਇਸ ਵਿਸ਼ੇਸ਼ ਚੋਣ ਸਭਾ ਅਤੇ ਪ੍ਰਚਾਰ ਦੌਰਾਨ ਕਾਂਗਰਸ ਉਮੀਦਵਾਰ ਦੀ ਸਪੋਰਟ ਕਰਨ ਲਈ ਇਲਾਕੇ ਦੇ ਪਤਵੰਤੇ ਸੱਜਣ ਵੱਡੀ ਗਿਣਤੀ ਵਿਚ ਹਾਜ਼ਰ ਸਨ, ਜਿਨ੍ਹਾਂ ਵਿਚ ਖ਼ਰੈਤ ਲਾਲ ਤਰੀਕਾ, ਡਾ.ਬੀ.ਡੀ.ਕਾਲੜਾ, ਗੁਰਪ੍ਰੀਤ ਵਿਰਕ, ਪੂਰਨ ਚੰਦ ਕਾਲੜਾ, ਨਿਰੰਜਨ ਦਾਸ ਕਾਲੜਾ, ਹਰਬੰਸ ਕਾਲੜਾ, ਚਰਨਜੀਤ ਸਰਪੰਚ, ਕਸਤੂਰ ਲਾਲ, ਜਗਦੀਪ ਕਾਲੜਾ, ਰਾਜੂ ਸਰਪੰਚ, ਦੌਲਤ ਸੇਠ, ਬਲਕਾਰ ਜੋਸਨ, ਰੂਬੀ ਗਿੱਲ, ਪ੍ਰੇਮ ਖੇੜਾ, ਮਨਜਿੰਦਰ ਸ਼ੀਨਾ, ਅਮਿੱਤ ਕਾਲੜਾ, ਰਾਜੂ ਕਾਲੜਾ, ਸਤਪਾਲ ਕਾਲੜਾ, ਗੁਰਵਿੰਦਰ ਸ਼ੀਨਾ, ਅਨਿਸ਼ ਚੁੱਘ ਅਤੇ ਰਾਜ ਚੁੱਘ ਸਮੇਤ ਭਾਰੀ ਗਿਣਤੀ 'ਚ ਵਾਰਡ ਨਿਵਾਸੀ ਅਤੇ ਪਾਰਟੀ ਵਰਕਰ ਮੁਸਤੈਦੀ ਨਾਲ ਹਾਜ਼ਰ ਸਨ |