ਫ਼ਾਜ਼ਿਲਕਾ, 23 ਮਈ (ਦਵਿੰਦਰ ਪਾਲ ਸਿੰਘ)-ਨਗਰ ਕੌਂਸਲ ਫ਼ਾਜ਼ਿਲਕਾ ਚੋਣਾਂ ਵਿਚ ਆਪਣਾ ਬੋਰਡ ਬਣਾਉਣ ਲਈ ਪੂਰੀ ਤਰ੍ਹਾਂ ਸਰਗਰਮ ਹੋ ਚੁੱਕੀ 'ਟੀਮ ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ' ਵਲੋਂ ਸਥਾਨਕ ਸ਼ਹਿਰ ਅੰਦਰ ਇਕ ਵਿਸ਼ਾਲ ਰੋਡ ਸ਼ੋਅ ਕੱਢ ਕੇ ਪਾਰਟੀ ਦੀ ਮਜ਼ਬੂਤ ਇੱਕਜੁੱਟਤਾ ਅਤੇ ਸਿਆਸੀ ਤਾਕਤ ਦਾ ਪ੍ਰਦਰਸ਼ਨ ਕੀਤਾ ਗਿਆ | ਵਿਧਾਇਕ ਸਵਨਾ ਦੀ ਅਗਵਾਈ ਹੇਠ ਨਿਕਲੇ ਇਸ ਰੋਡ ਸ਼ੋਅ ਵਿਚ ਵੱਖ-ਵੱਖ ਵਾਰਡਾਂ ਤੋਂ ਪਾਰਟੀ ਦੇ ਉਮੀਦਵਾਰਾਂ ਅਤੇ ਸੈਂਕੜੇ ਵਰਕਰਾਂ ਨੇ ਸ਼ਮੂਲੀਅਤ ਕਰਦਿਆਂ ਸ਼ਹਿਰ ਵਾਸੀਆਂ ਨੂੰ ਆਮ ਆਦਮੀ ਪਾਰਟੀ ਦੇ ਹੱਕ ਵਿਚ ਫ਼ਤਵਾ ਦੇਣ ਦੀ ਅਪੀਲ ਕੀਤੀ | ਰੋਡ ਸ਼ੋਅ ਦੀ ਅਗਵਾਈ ਕਰ ਰਹੇ ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਅਤੇ ਉਨ੍ਹਾਂ ਦੀ ਧਰਮ-ਪਤਨੀ ਖ਼ੁਸ਼ਬੂ ਸਾਵਨਸੁੱਖਾ ਸਵਨਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਫ਼ਾਜ਼ਿਲਕਾ ਦੇ ਲੋਕ ਹੁਣ ਤੱਕ ਸਾਰੀਆਂ ਰਵਾਇਤੀ ਸਿਆਸੀ ਧਿਰਾਂ-ਭਾਜਪਾ, ਅਕਾਲੀ ਦਲ ਅਤੇ ਕਾਂਗਰਸ ਨੂੰ ਅਜ਼ਮਾ ਕੇ ਦੇਖ ਚੁੱਕੇ ਹਨ | ਪਰ ਇਨ੍ਹਾਂ ਪਾਰਟੀਆਂ ਨੇ ਸ਼ਹਿਰ ਨੂੰ ਮਾਡਲ ਸਿਟੀ ਬਣਾਉਣਾ ਤਾਂ ਦੂਰ, ਸਗੋਂ ਲੋਕਾਂ ਨੂੰ ਗਲੀਆਂ, ਨਾਲੀਆਂ, ਸਟਰੀਟ ਲਾਈਟਾਂ, ਸਫ਼ਾਈ ਅਤੇ ਸੀਵਰੇਜ ਵਰਗੀਆਂ ਬੁਨਿਆਦੀ ਸਹੂਲਤਾਂ ਤੋਂ ਵੀ ਵਾਂਝਾ ਰੱਖਿਆ | ਉਨ੍ਹਾਂ ਕਿਹਾ ਕਿ ਪੰਜਾਬ ਦੀ 'ਆਪ' ਸਰਕਾਰ ਨੇ ਸਿੱਖਿਆ, ਸਿਹਤ, ਰੁਜ਼ਗਾਰ ਅਤੇ ਬਿਹਤਰ ਕਾਨੂੰਨ ਵਿਵਸਥਾ ਦੇ ਖੇਤਰ 'ਚ ਰਿਕਾਰਡਤੋੜ ਕੰਮ ਕਰਕੇ ਇਹ ਸਾਬਤ ਕਰ ਦਿੱਤਾ ਹੈ ਕਿ ਸੂਬੇ ਦਾ ਸਰਬਪੱਖੀ ਵਿਕਾਸ ਸਿਰਫ਼ ਆਮ ਆਦਮੀ ਪਾਰਟੀ ਹੀ ਕਰ ਸਕਦੀ ਹੈ | ਇਸ ਮੌਕੇ ਖ਼ੁਸ਼ਬੂ ਸਾਵਨਸੁੱਖਾ ਸਵਨਾ ਨੇ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਸਥਾਨਕ ਚੋਣਾਂ ਵਿਚ ਵੀ 'ਆਪ' ਨੂੰ ਵੱਡੀ ਜਿੱਤ ਦਿਵਾਈ ਜਾਵੇ ਤਾਂ ਜੋ ਨਗਰ ਕੌਂਸਲਾਂ ਅਤੇ ਪੰਚਾਇਤਾਂ ਵਿਚ ਫੈਲੀ ਰਵਾਇਤੀ ਪਾਰਟੀਆਂ ਦੀ ਬਦ-ਇੰਤਜ਼ਾਮੀ ਨੂੰ ਦੂਰ ਕਰਕੇ ਲੋਕਾਂ ਨੂੰ ਉੱਚ ਪੱਧਰੀ ਨਾਗਰਿਕ ਸੁਵਿਧਾਵਾਂ ਮੁਹੱਈਆ ਕਰਵਾਈਆਂ ਜਾ ਸਕਣ | ਇਸ ਸ਼ਕਤੀ ਪ੍ਰਦਰਸ਼ਨ ਦੌਰਾਨ ਵਾਰਡ ਨੰਬਰ 1 ਤੋਂ ਬੰਸੀ ਸਾਮਾ, ਵਾਰਡ 2 ਤੋਂ ਰਾਜਵੰਤ ਕੌਰ, ਵਾਰਡ 3 ਤੋਂ ਸੁਨੀਲ ਮੈਣੀ, ਵਾਰਡ 4 ਤੋਂ ਸਪਨਾ ਗਿਰਧਰ, ਵਾਰਡ 9 ਤੋਂ ਪ੍ਰਦੀਪ ਕੁਮਾਰ ਬਬਲੀ ਰੇਵਾੜੀਆ, ਵਾਰਡ 12 ਤੋਂ ਸੋਮਾ ਰਾਣੀ, ਵਾਰਡ 14 ਤੋਂ ਵਰਸ਼ਾ ਚੇਤੀਵਾਲ, ਵਾਰਡ 15 ਤੋਂ ਡਾ. ਨਿਸ਼ੂ ਡੋਗਰਾ, ਵਾਰਡ 17 ਤੋਂ ਪ੍ਰਭੂਦਿਆਲ ਖੱਤਰੀ, ਵਾਰਡ 18 ਤੋਂ ਸੋਮਾ ਰਾਣੀ, ਵਾਰਡ 19 ਤੋਂ ਭਗਵਾਨ ਸਿੰਘ, ਵਾਰਡ 20 ਤੋਂ ਸੁਨੀਤਾ ਰਾਣੀ, ਵਾਰਡ 21 ਤੋਂ ਦੀਪਕ ਸ਼ਰਮਾ, ਵਾਰਡ 22 ਤੋਂ ਰੁਪਿੰਦਰ ਕੌਰ, ਵਾਰਡ 23 ਤੋਂ ਅਨਿਲ ਸੇਠੀ, ਵਾਰਡ 24 ਤੋਂ ਅੰਕਿਤਾ ਸਚਦੇਵਾ ਅਤੇ ਵਾਰਡ 25 ਤੋਂ ਸੰਦੀਪ ਕੁਮਾਰ ਡਾਕਟਰ ਸਮੇਤ ਸਾਰੇ ਵਾਰਡਾਂ ਦੇ ਉਮੀਦਵਾਰ ਸ਼ਾਮਲ ਹੋਏ | ਇਸ ਤੋਂ ਇਲਾਵਾ ਬਲਾਕ ਪ੍ਰਧਾਨ ਸ਼ਿਵ ਜਾਜੋਰੀਆ, ਕਿ੍ਸ਼ਨ ਕੰਬੋਜ, ਪਰਵਿੰਦਰ ਸਿੰਘ ਪਿੰਦਰ, 'ਆਪ' ਟਰੇਡ ਵਿੰਗ ਤੋਂ ਲਵਿਸ਼ ਚਾਵਲਾ, ਬੰਟੀ ਸ਼ਰਮਾ ਸਮੇਤ ਭਾਰੀ ਗਿਣਤੀ ਵਿਚ ਆਗੂ ਅਤੇ ਵਰਕਰ ਹਾਜ਼ਰ ਸਨ |