ਫ਼ਾਜ਼ਿਲਕਾ, 23 ਮਈ (ਦਵਿੰਦਰ ਪਾਲ ਸਿੰਘ)-ਨਗਰ ਕੌਂਸਲ ਚੋਣਾਂ ਦੇ ਮੱਦੇਨਜ਼ਰ ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਆਪਣੀ ਪਾਰਟੀ ਦੇ ਉਮੀਦਵਾਰਾਂ ਦੀ ਜਿੱਤ ਯਕੀਨੀ ਬਣਾਉਣ ਲਈ ਪੂਰੀ ਤਰ੍ਹਾਂ ਸਰਗਰਮ ਨਜ਼ਰ ਆ ਰਹੇ ਹਨ | ਸ਼ਹਿਰ ਦੇ ਸਾਰੇ 25 ਵਾਰਡਾਂ ਵਿਚ ਪਾਰਟੀ ਉਮੀਦਵਾਰਾਂ ਦੇ ਹੱਕ ਵਿਚ ਦਿਨ-ਰਾਤ ਇੱਕ ਕਰ ਰਹੇ ਵਿਧਾਇਕ ਸਵਨਾ ਨੇ ਬੀਤੀ ਸ਼ਾਮ ਵਾਰਡ ਨੰਬਰ 25 ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੰਦੀਪ ਕੁਮਾਰ ਡਾਕਟਰ ਦੇ ਪੱਖ ਵਿਚ ਇੱਕ ਵਿਸ਼ਾਲ ਚੋਣ ਜਨ ਸਭਾ ਨੂੰ ਸੰਬੋਧਨ ਕੀਤਾ | ਇਸ ਮੌਕੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਨੇ ਕਿਹਾ ਕਿ ਵਾਰਡ ਨੰਬਰ 25 ਦੇ ਨਿਵਾਸੀਆਂ ਨੇ ਹਮੇਸ਼ਾ ਇੱਥੋਂ ਭਾਜਪਾ ਪਰਿਵਾਰ ਨੂੰ ਸੇਵਾ ਦਾ ਮੌਕਾ ਦਿੱਤਾ, ਪਰ ਇਸ ਦੇ ਬਾਵਜੂਦ ਇਸ ਵਾਰਡ ਸਿਰ ਲੱਗਿਆ ਪਛੜੇਪਣ ਦਾ ਟੈਗ ਨਹੀਂ ਹਟਾਇਆ ਜਾ ਸਕਿਆ | ਉਨ੍ਹਾਂ ਕਿਹਾ ਕਿ ਪਿਛਲੇ ਦੋ-ਤਿੰਨ ਸਾਲਾਂ ਦੌਰਾਨ 'ਆਪ' ਦੇ ਨੌਜਵਾਨ ਆਗੂ ਸੰਦੀਪ ਕੁਮਾਰ ਨੇ ਬਿਨਾਂ ਕਿਸੇ ਸਰਕਾਰੀ ਅਹੁਦੇ ਦੇ, ਵਾਰਡ ਵਾਸੀਆਂ ਦੀਆਂ ਮੁਸ਼ਕਲਾਂ ਨੂੰ ਉਨ੍ਹਾਂ ਦੇ ਸਨਮੁੱਖ ਲਿਆਂਦਾ ਅਤੇ ਉਨ੍ਹਾਂ ਦਾ ਹੱਲ ਕਰਵਾਇਆ | ਸੰਦੀਪ ਕੁਮਾਰ ਦੇ ਯਤਨਾਂ ਸਦਕਾ ਵਾਰਡ ਦੀਆਂ ਜ਼ਿਆਦਾਤਰ ਗਲੀਆਂ ਦਾ ਨਿਰਮਾਣ ਕਾਰਜ ਕਰਵਾਇਆ ਜਾ ਚੁੱਕਾ ਹੈ ਅਤੇ ਸੀਵਰੇਜ ਦੀ ਸਮੱਸਿਆ ਵੀ ਜਲਦੀ ਹੱਲ ਕਰ ਦਿੱਤੀ ਜਾਵੇਗੀ | ਵਿਧਾਇਕ ਸਵਨਾ ਨੇ ਵਾਰਡ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਜੇਕਰ ਸੰਦੀਪ ਕੁਮਾਰ ਬਿਨਾਂ ਕਿਸੇ ਅਹੁਦੇ ਦੇ ਵਾਰਡ ਲਈ ਇੰਨਾ ਵਧੀਆ ਕੰਮ ਕਰ ਸਕਦੇ ਹਨ, ਤਾਂ ਕੌਂਸਲਰ ਬਣਨ ਤੋਂ ਬਾਅਦ ਉਹ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਪਾਸੋਂ ਵਿਸ਼ੇਸ਼ ਫ਼ੰਡ ਲਿਆ ਕੇ ਇਸ ਨੂੰ ਇਕ 'ਮਾਡਲ ਵਾਰਡ' ਵਜੋਂ ਵਿਕਸਿਤ ਕਰਨਗੇ | ਉਨ੍ਹਾਂ ਸਮੂਹ ਵੋਟਰਾਂ ਨੂੰ ਸੰਦੀਪ ਕੁਮਾਰ ਨੂੰ ਵੱਧ ਤੋਂ ਵੱਧ ਵੋਟਾਂ ਨਾਲ ਜਿਤਾਉਣ ਦੀ ਅਪੀਲ ਕੀਤੀ ਤਾਂ ਜੋ ਸਭ ਤੋਂ ਵੱਧ ਵੋਟਾਂ ਹਾਸਲ ਕਰਨ ਵਾਲੇ ਉਮੀਦਵਾਰ ਦੇ ਵਾਰਡ ਲਈ ਜ਼ਿਲ੍ਹਾ 'ਆਪ' ਕਮੇਟੀ ਵੱਲੋਂ ਐਲਾਨਿਆ 20 ਲੱਖ ਰੁਪਏ ਦਾ ਵਿਸ਼ੇਸ਼ ਵਿਕਾਸ ਫ਼ੰਡ ਹਾਸਲ ਕੀਤਾ ਜਾ ਸਕੇ | ਇਸ ਚੋਣ ਸਭਾ ਵਿਚ ਭਾਰੀ ਗਿਣਤੀ ਵਿਚ ਮਹਿਲਾਵਾਂ, ਪਾਰਟੀ ਆਗੂ ਅਤੇ ਸੈਂਕੜੇ 'ਆਪ' ਵਰਕਰ ਹਾਜ਼ਰ ਸਨ |