ਅਬੋਹਰ, 25 ਮਈ (ਵਿਵੇਕ ਹੂੜੀਆ)-ਅਬੋਹਰ ਖੇਤਰ ਵਿਚ ਨਹਿਰ ਬੰਦੀ ਦੇ ਮੁੱਦੇ ਨੂੰ ਲੈ ਕੇ ਵਿਵਾਦ ਗੰਭੀਰ ਰੂਪ ਧਾਰਨ ਕਰ ਗਿਆ ਹੈ | ਨਹਿਰ ਬੰਦੀ ਨੂੰ ਲੈ ਕੇ ਕਿਸਾਨਾਂ ਦੇ ਦੋ ਵੱਖ-ਵੱਖ ਗੁੱਟ ਆਪਣੀਆਂ ਮੰਗਾਂ ਕਾਰਨ ਇਕ-ਦੂਜੇ ਦੇ ਆਹਮੋ-ਸਾਹਮਣੇ ਆ ਗਏ ਹਨ | ਜਿੱਥੇ ਕਿਸਾਨਾਂ ਦੇ ਇਕ ਵਰਗ ਨੇ ਨਹਿਰ ਬੰਦੀ ਦਾ ਤਿੱਖਾ ਵਿਰੋਧ ਕਰਦਿਆਂ ਨਹਿਰੀ ਵਿਭਾਗ ਖ਼ਿਲਾਫ਼ ਪ੍ਰਦਰਸ਼ਨ ਕੀਤਾ, ਉੱਥੇ ਹੀ ਦੂਜੇ ਪਾਸੇ ਕਈ ਪਿੰਡਾਂ ਦੇ ਕਿਸਾਨਾਂ ਨੇ ਨਹਿਰਾਂ ਦੀ ਸਫ਼ਾਈ ਲਈ ਤੁਰੰਤ ਨਹਿਰ ਬੰਦੀ ਲਾਗੂ ਕਰਨ ਦੀ ਮੰਗ ਉਠਾਈ ਹੈ | ਨਹਿਰੀ ਵਿਭਾਗ ਦੇ ਦਫ਼ਤਰ ਅੱਗੇ ਇਕੱਠੇ ਹੋਏ ਕਿਸਾਨ ਆਗੂਆਂ ਸੁਖਮੰਦਰ ਸਿੰਘ, ਸੁਖਜਿੰਦਰ ਰਾਜਨ, ਸੁਸ਼ੀਲ ਸਿਆਗ ਅਤੇ ਹੋਰਨਾਂ ਕਿਸਾਨਾਂ ਨੇ ਨਾਅਰੇਬਾਜ਼ੀ ਕਰਦਿਆਂ ਕਿਹਾ ਕਿ ਇਸ ਨਾਜ਼ੁਕ ਸਮੇਂ ਨਹਿਰ ਬੰਦੀ ਕਰਨ ਨਾਲ ਫ਼ਸਲਾਂ ਲਈ ਪਾਣੀ ਦੀ ਭਾਰੀ ਕਿੱਲਤ ਪੈਦਾ ਹੋ ਜਾਵੇਗੀ, ਜਿਸ ਕਾਰਨ ਕਿਸਾਨਾਂ ਨੂੰ ਵੱਡਾ ਆਰਥਿਕ ਨੁਕਸਾਨ ਝੱਲਣਾ ਪੈ ਸਕਦਾ ਹੈ | ਪ੍ਰਦਰਸ਼ਨਕਾਰੀ ਕਿਸਾਨਾਂ ਦਾ ਕਹਿਣਾ ਸੀ ਕਿ ਵਿਭਾਗ ਨੂੰ ਕਿਸਾਨਾਂ ਨਾਲ ਸਲਾਹ-ਮਸ਼ਵਰਾ ਕੀਤੇ ਬਿਨਾਂ ਅਜਿਹਾ ਕੋਈ ਵੀ ਫ਼ੈਸਲਾ ਨਹੀਂ ਲੈਣਾ ਚਾਹੀਦਾ | ਦੂਜੇ ਪਾਸੇ ਪਿੰਡ ਉਸਮਾਨ ਖੇੜਾ ਸਮੇਤ ਵੱਖ-ਵੱਖ ਪਿੰਡਾਂ ਤੋਂ ਪਹੁੰਚੇ ਕਿਸਾਨਾਂ ਨੇ ਨਹਿਰ ਬੰਦੀ ਦੇ ਹੱਕ ਵਿਚ ਮੋਰਚਾ ਖੋਲ੍ਹ ਦਿੱਤਾ | ਕਿਸਾਨ ਆਗੂ ਪ੍ਰਗਟ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਨੇ ਤਰਕ ਦਿੱਤਾ ਕਿ ਨਹਿਰਾਂ ਵਿਚ ਭਾਰੀ ਮਾਤਰਾ 'ਚ ਗਾਰ ਅਤੇ ਘਾਹ-ਫੂਸ ਜਮ੍ਹਾਂ ਹੋਣ ਕਾਰਨ ਟੇਲ ਤੱਕ ਲੋੜੀਂਦਾ ਪਾਣੀ ਨਹੀਂ ਪਹੁੰਚ ਰਿਹਾ | ਇਸ ਲਈ ਕੁੱਝ ਦਿਨਾਂ ਵਾਸਤੇ ਨਹਿਰ ਬੰਦੀ ਕਰਕੇ ਨਹਿਰਾਂ ਦੀ ਮੁਕੰਮਲ ਸਫ਼ਾਈ ਕਰਵਾਈ ਜਾਵੇ ਤਾਂ ਜੋ ਆਖ਼ਰੀ ਪਿੰਡਾਂ ਦੇ ਕਿਸਾਨਾਂ ਨੂੰ ਵੀ ਬਣਦਾ ਹੱਕ ਅਤੇ ਬਰਾਬਰ ਪਾਣੀ ਮਿਲ ਸਕੇ | ਮਾਮਲੇ ਦੇ ਵਧਦੇ ਟਕਰਾਅ ਨੂੰ ਦੇਖਦਿਆਂ ਨਹਿਰੀ ਵਿਭਾਗ ਦੇ ਐਕਸੀਅਨ ਸੁਖਜੀਤ ਸਿੰਘ ਨੇ ਕਿਹਾ ਕਿ ਨਹਿਰ ਬੰਦੀ ਦੇ ਮੁੱਦੇ 'ਤੇ ਦੋਵਾਂ ਧਿਰਾਂ ਦੇ ਕਿਸਾਨਾਂ ਨਾਲ ਲਗਾਤਾਰ ਗੱਲਬਾਤ ਚੱਲ ਰਹੀ ਹੈ ਅਤੇ ਜਲਦ ਹੀ ਆਪਸੀ ਸਹਿਮਤੀ ਨਾਲ ਕੋਈ ਠੋਸ ਫ਼ੈਸਲਾ ਲਿਆ ਜਾਵੇਗਾ | ਉਨ੍ਹਾਂ ਸਪਸ਼ਟ ਕੀਤਾ ਕਿ ਵਿਭਾਗ ਦਾ ਮੁੱਖ ਉਦੇਸ਼ ਬਿਨਾਂ ਕਿਸੇ ਪੱਖਪਾਤ ਦੇ ਸਾਰੇ ਕਿਸਾਨਾਂ ਤੱਕ ਲੋੜ ਮੁਤਾਬਿਕ ਪਾਣੀ ਪਹੁੰਚਾਉਣਾ ਹੈ |