ਫ਼ਾਜ਼ਿਲਕਾ, 25 ਮਈ (ਦਵਿੰਦਰ ਪਾਲ ਸਿੰਘ)-ਪਾਵਰ ਕਾਮ ਆਊਟ ਸੋਰਸ ਸਪੋਟ ਬਿਲਿੰਗ ਮੀਟਰ ਰੀਡਰ ਯੂਨੀਅਨ ਪੰਜਾਬ ਪੀ.ਐੱਸ.ਪੀ.ਸੀ.ਐੱਲ.ਵਲੋਂ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਵਿਭਾਗ ਖ਼ਿਲਾਫ਼ ਮੋਰਚਾ ਖੋਲ੍ਹਦਿਆਂ ਬਿਲਿੰਗ ਦਾ ਕੰਮ ਪੂਰਨ ਤੌਰ 'ਤੇ ਬੰਦ ਕਰਕੇ ਅਣਮਿਥੇ ਸਮੇਂ ਲਈ ਹੜਤਾਲ 'ਤੇ ਜਾਣ ਦਾ ਐਲਾਨ ਕਰ ਦਿੱਤਾ ਹੈ | ਯੂਨੀਅਨ ਵਲੋਂ ਇਸ ਸਬੰਧੀ ਪ੍ਰਸ਼ਾਸਨ ਅਤੇ ਵਿਭਾਗੀ ਅਧਿਕਾਰੀਆਂ ਨੂੰ ਇਕ ਲਿਖਤੀ ਪੱਤਰ ਸੌਂਪ ਕੇ ਚੇਤਾਵਨੀ ਦਿੱਤੀ ਗਈ ਹੈ ਕਿ ਹੜਤਾਲ ਦੌਰਾਨ ਹੋਣ ਵਾਲੇ ਕਿਸੇ ਵੀ ਤਰ੍ਹਾਂ ਦੇ ਨੁਕਸਾਨ ਦੀ ਪੂਰੀ ਜ਼ਿੰਮੇਵਾਰੀ ਵਿਭਾਗ ਅਤੇ ਪ੍ਰਸ਼ਾਸਨ ਦੀ ਹੋਵੇਗੀ | ਯੂਨੀਅਨ ਦੇ ਆਗੂਆਂ ਨੇ ਦੱਸਿਆ ਕਿ ਉਹ ਪਾਵਰ ਕਾਮ ਦੀਆਂ ਵੱਖ-ਵੱਖ ਡਿਵੀਜ਼ਨਾਂ ਵਿਚ ਲੰਮੇ ਸਮੇਂ ਤੋਂ ਮੀਟਰ ਰੀਡਰ ਅਤੇ ਸੁਪਰਵਾਈਜ਼ਰ ਵਜੋਂ ਬੇਹੱਦ ਨਿਗੂਣੀਆਂ ਤਨਖ਼ਾਹਾਂ 'ਤੇ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ | ਆਗੂਆਂ ਨੇ ਰੋਸ ਜਤਾਉਂਦਿਆਂ ਦੱਸਿਆ ਕਿ ਪਿਛਲੇ ਸਮੇਂ ਦੌਰਾਨ ਮਹਿਕਮੇ ਵਲੋਂ ਵੱਖ-ਵੱਖ ਪੱਤਰਾਂ ਰਾਹੀਂ ਆਊਟ ਸੋਰਸ ਪਾਲਿਸੀ ਦੇ ਅਧੀਨ ਕੰਮ ਕਰਦੇ ਮੀਟਰ ਰੀਡਰਾਂ ਅਤੇ ਸੁਪਰਵਾਈਜ਼ਰਾਂ ਦੀਆਂ ਸੇਵਾਵਾਂ ਨੂੰ ਪੱਕਿਆਂ ਕਰਨ ਦਾ ਭਰੋਸਾ ਦਿੱਤਾ ਗਿਆ ਸੀ ਪਰ ਅਫ਼ਸੋਸ ਦੀ ਗੱਲ ਹੈ ਕਿ ਇਨ੍ਹਾਂ ਪੱਤਰਾਂ ਦੇ ਬਾਵਜੂਦ ਅਜੇ ਤੱਕ ਸਰਕਾਰ ਜਾਂ ਵਿਭਾਗ ਵਲੋਂ ਕੋਈ ਵੀ ਠੋਸ ਕਦਮ ਨਹੀਂ ਚੁੱਕਿਆ ਗਿਆ, ਜਿਸ ਕਾਰਨ ਕਰਮਚਾਰੀਆਂ ਵਿਚ ਭਾਰੀ ਨਿਰਾਸ਼ਾ ਪਾਈ ਜਾ ਰਹੀ ਹੈ | ਕਰਮਚਾਰੀਆਂ ਨੇ ਦੋਸ਼ ਲਾਇਆ ਕਿ ਵਿਭਾਗ ਵਲੋਂ ਉਨ੍ਹਾਂ ਨੂੰ ਡੀ.ਸੀ. ਰੇਟ ਮੁਤਾਬਿਕ ਤਨਖ਼ਾਹ ਦੇਣ ਦਾ ਵਾਅਦਾ ਕੀਤਾ ਗਿਆ ਸੀ, ਚੱਲ ਰਹੇ ਮਹੀਨੇ ਦੀ ਤਨਖ਼ਾਹ ਵੀ ਅਜੇ ਤੱਕ ਉਨ੍ਹਾਂ ਦੇ ਖਾਤਿਆਂ ਵਿਚ ਨਹੀਂ ਪਾਈ ਗਈ | ਉਨ੍ਹਾਂ ਕਿਹਾ ਕਿ ਮਹਿਕਮੇ ਦੇ ਉੱਚ ਅਧਿਕਾਰੀਆਂ ਨਾਲ ਵਾਰ-ਵਾਰ ਮੀਟਿੰਗਾਂ ਕਰਨ ਦੇ ਬਾਵਜੂਦ ਕੋਈ ਹੱਲ ਨਹੀਂ ਨਿੱਕਲਿਆ | ਕੰਪਨੀਆਂ ਵਲੋਂ ਲਗਾਤਾਰ ਮੀਟਰ ਰੀਡਰਾਂ ਦਾ ਆਰਥਿਕ ਸ਼ੋਸ਼ਣ ਕੀਤਾ ਜਾ ਰਿਹਾ ਹੈ | ਸਮੂਹ ਮੀਟਰ ਰੀਡਰਾਂ ਅਤੇ ਸੁਪਰਵਾਈਜ਼ਰਾਂ ਨੇ ਇਕਸੁਰ ਵਿਚ ਐਲਾਨ ਕੀਤਾ ਕਿ ਜਦੋਂ ਤੱਕ ਪਾਵਰ ਕਾਮ ਵਿਭਾਗ ਇਨ੍ਹਾਂ ਨਿੱਜੀ ਕੰਪਨੀਆਂ ਨੂੰ ਬਾਹਰ ਦਾ ਰਸਤਾ ਦਿਖਾ ਕੇ ਸਾਰੇ ਕਰਮਚਾਰੀਆਂ ਨੂੰ ਖ਼ੁਦ ਰੈਗੂਲਰ ਨਹੀਂ ਕਰਦਾ ਅਤੇ ਬਿਲਿੰਗ ਦਾ ਕੰਮ ਮੁੜ ਸ਼ੁਰੂ ਨਹੀਂ ਕਰਵਾਉਂਦਾ, ਉਦੋਂ ਤੱਕ ਹੜਤਾਲ ਜਾਰੀ ਰਹੇਗੀ | ਇਸ ਮੌਕੇ ਸੁਪਰਵਾਈਜ਼ਰ ਪ੍ਰਦੀਪ ਕੁਮਾਰ, ਵਿਕਾਸ ਕੁਮਾਰ, ਮੀਟਰ ਰੀਡਰ ਪਰਮਜੀਤ ਸਿੰਘ, ਮਨਜੀਤ ਸਿੰਘ, ਕੁਲਵਿੰਦਰ ਸਿੰਘ, ਬਗ਼ੀਚਾ ਸਿੰਘ, ਭਜਨ ਸਿੰਘ, ਸੁਰਿੰਦਰ ਸਿੰਘ, ਯਾਦਵਿੰਦਰ ਸਿੰਘ, ਜੋਬਨ ਸਿੰਘ, ਰੇਸ਼ਮ ਸਿੰਘ, ਪਰਮਜੀਤ ਸਿੰਘ, ਕੁਲਦੀਪ ਕੁਮਾਰ, ਸੰਜੇ ਕੁਮਾਰ, ਰਾਕੇਸ਼ ਕੁਮਾਰ, ਅਨਿਲ ਕੁਮਾਰ, ਗੁਰਪ੍ਰੀਤ ਸਿੰਘ, ਸ਼ੁਭਮ ਕੁਮਾਰ, ਰਾਜੇਸ਼ ਕੁਮਾਰ ਆਦਿ ਹਾਜ਼ਰ ਸਨ |