ਅਬੋਹਰ, 25 ਮਈ (ਤੇਜਿੰਦਰ ਸਿੰਘ ਖ਼ਾਲਸਾ)- ਪੰਜਾਬ ਪ੍ਰਦੇਸ਼ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਅੱਜ ਆਪਣੇ ਜੱਦੀ ਹਲਕੇ ਅਬੋਹਰ ਆ ਕੇ ਅਧਿਕਾਰੀਆਂ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਸੱਤਾ ਧਿਰ ਆਮ ਆਦਮੀ ਪਾਰਟੀ ਦੇ ਨੇਤਾਵਾਂ ਵਲੋਂ ਧੱਕੇਸ਼ਾਹੀ ਨਾਲ ਨਗਰ ਨਿਗਮ ਚੋਣਾਂ ਜਿੱਤਣ ਦੀ ਯੋਜਨਾ ਬਣਾਉਣ ਵਿਚ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਦੇ ਕਿਸੇ ਅਧਿਕਾਰੀ ਨੇ ਨਿਰਪੱਖ ਚੋਣ ਕਰਵਾਉਣ ਵਿਚ ਆਪਣੀ ਜ਼ਿੰਮੇਵਾਰੀ ਨਾ ਨਿਭਾਈ ਤਾਂ ਮੌਜੂਦਾ ਸਰਕਾਰ ਜਾਣ ਤੋਂ ਬਾਅਦ ਉਨ੍ਹਾਂ ਦੀ ਜਵਾਬਦੇਹੀ ਤੈਅ ਹੋਵੇਗੀ | ਉਨ੍ਹਾਂ ਕਿਹਾ ਪ੍ਰਸ਼ਾਸਨ ਦਾ ਨੈਤਿਕ ਅਤੇ ਕਾਨੂੰਨੀ ਕਰਤੱਵ ਹੈ ਕਿ ਉਹ ਨਿਸ਼ਚਿਤ ਕਰਨ ਕਿ ਨਗਰ ਨਿਗਮ ਮਤਦਾਨ ਸ਼ਾਂਤੀਪੂਰਨ ਹੋਣਗੇ | ਉਨ੍ਹਾਂ ਅਬੋਹਰ ਨਗਰ ਨਿਗਮ ਦੀਆਂ ਚੋਣ ਵਿਚ ਭਾਜਪਾ ਬਨਾਮ ਬਾਕੀ ਸਭ ਰਾਜਸੀ ਧਿਰਾਂ ਦਾ ਮੁਕਾਬਲਾ ਦੱਸਿਆ ਹੈ | ਉਨ੍ਹਾਂ ਕਿਹਾ ਕਿ ਬਾਕੀ ਸਾਰੀਆਂ ਪਾਰਟੀਆਂ ਦੇ ਉਮੀਦਵਾਰ ਨੇ ਭਾਜਪਾ ਦੇ ਖ਼ਿਲਾਫ਼ ਚੋਣ ਲੜਨ ਦੇ ਲਈ ਹੱਥ ਮਿਲਾ ਲਿਆ ਹੈ | ਲੋਕ ਜਾਣਦੇ ਹਨ ਕਿ ਭਾਜਪਾ ਅਗਲੀ ਵਿਧਾਨ ਸਭਾ ਚੋਣ ਇਕੱਲੇ ਤੌਰ 'ਤੇ ਲੜਨ ਜਾ ਰਹੀ ਹੈ | ਸੁਨੀਲ ਜਾਖੜ ਨੇ ਕਿਹਾ ਕਿ ਸਾਢੇ ਚਾਰ ਸਾਲ ਦੇ ਮਾੜੇ ਪ੍ਰਬੰਧ ਤੋਂ ਬਾਅਦ ਕਰਵਾਏ ਗਏ ਸਰਵੇਖਣ ਤੋਂ ਸੰਕੇਤ ਮਿਲਿਆ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ 94 ਮੌਜੂਦਾ ਵਿਧਾਇਕਾਂ ਵਿਚੋਂ 70 ਨੂੰ ਆਗਾਮੀ ਚੋਣਾਂ ਵਿਚ ਉਮੀਦਵਾਰ ਦੇ ਤੌਰ 'ਤੇ ਨਹੀਂ ਉਤਾਰੇਗੀ | ਸੁਨੀਲ ਜਾਖੜ ਨੇ ਕਿਹਾ ਕਿ ਆਗਾਮੀ ਵਿਧਾਨ ਸਭਾ ਚੋਣਾਂ ਵਿਚ ਭਾਜਪਾ ਦੀ ਜਿੱਤ ਨਿਸ਼ਚਿਤ ਹੈ, ਜਿਸ ਉਪਰੰਤ ਉੱਤਰ ਪ੍ਰਦੇਸ਼ ਦੀ ਤਰ੍ਹਾਂ ਪੰਜਾਬ ਨੂੰ ਵੀ ਸ਼ਰਾਰਤੀ ਅਨਸਰਾਂ ਤੋਂ ਮੁਕਤ ਕੀਤਾ ਜਾਵੇਗਾ | ਉਨ੍ਹਾਂ ਅਬੋਹਰ ਦੇ ਲੋਕਾਂ ਨੂੰ ਸ਼ਾਂਤਪੂਰਨ ਮਤਦਾਨ ਵਿਚ ਵੱਧ ਤੋਂ ਵੱਧ ਵੋਟ ਕਰਨ ਦੀ ਅਪੀਲ ਵੀ ਕੀਤੀ ਤਾਂ ਜੋ ਲੋਕਤੰਤਰ ਪ੍ਰਕਿਰਿਆ ਮਜ਼ਬੂਤ ਹੋ ਸਕੇ |