ਫ਼ਾਜ਼ਿਲਕਾ, 25 ਮਈ (ਦਵਿੰਦਰ ਪਾਲ ਸਿੰਘ)-ਸਥਾਨਕ ਜੀ.ਏ.ਵੀ ਜੈਨ ਆਦਰਸ਼ ਵਿਦਿਆਲਿਆ ਵਿਖੇ 'ਸੀ.ਟੀ. ਯੂਨੀਵਰਸਿਟੀ' ਵਲੋਂ ਵਿਸ਼ੇਸ਼ ਤੌਰ 'ਤੇ 'ਸ਼ਾਈਨਿੰਗ ਸਟਾਰ' ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ | ਇਸ ਦੌਰਾਨ ਸੀ.ਟੀ. ਯੂਨੀਵਰਸਿਟੀ ਤੋਂ ਆਈ ਵਿਸ਼ੇਸ਼ ਟੀਮ ਨੇ ਵਿਦਿਆਰਥੀਆਂ ਦੇ ਵਿੱਦਿਅਕ, ਖੇਡਾਂ ਅਤੇ ਹੋਰ ਸਹਿ-ਪਾਠਕ੍ਰਮ ਗਤੀਵਿਧੀਆਂ 'ਚ ਸ਼ਾਨਦਾਰ ਪ੍ਰਦਰਸ਼ਨ ਨੂੰ ਦੇਖਦਿਆਂ ਉਨ੍ਹਾਂ ਨੂੰ 'ਸ਼ਾਈਨਿੰਗ ਸਟਾਰ' ਐਵਾਰਡ ਨਾਲ ਨਿਵਾਜਿਆ | ਪ੍ਰੋਗਰਾਮ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਸਕੂਲ ਦੀ ਵਾਈਸ ਪਿ੍ੰਸੀਪਲ ਸ਼ੀਨਮ ਧੂੜੀਆ ਨੇ ਦੱਸਿਆ ਕਿ ਸੀ.ਟੀ. ਯੂਨੀਵਰਸਿਟੀ ਵਲੋਂ ਉਲੀਕਿਆ ਗਿਆ ਇਹ 'ਸ਼ਾਈਨਿੰਗ ਸਟਾਰ' ਪ੍ਰੋਗਰਾਮ ਵਿਦਿਆਰਥੀਆਂ ਦਾ ਮਨੋਬਲ ਵਧਾਉਣ ਲਈ ਇਕ ਬੇਹੱਦ ਸ਼ਲਾਘਾਯੋਗ ਉਪਰਾਲਾ ਹੈ | ਉਨ੍ਹਾਂ ਕਿਹਾ ਕਿ ਬੱਚਿਆਂ ਵਿਚ ਕੁੱਟ-ਕੁੱਟ ਕੇ ਪ੍ਰਤਿਭਾ ਭਰੀ ਹੋਈ ਹੈ ਅਤੇ ਜਦੋਂ ਇਸ ਤਰ੍ਹਾਂ ਦੇ ਵੱਕਾਰੀ ਸੰਸਥਾਨ ਉਨ੍ਹਾਂ ਦੇ ਹੁਨਰ ਦੀ ਕਦਰ ਕਰਦੇ ਹਨ ਤਾਂ ਬੱਚਿਆਂ ਨੂੰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਆਪਣੀ ਪਛਾਣ ਬਣਾਉਣ ਦੀ ਪ੍ਰੇਰਨਾ ਮਿਲਦੀ ਹੈ | ਵਾਈਸ ਪਿ੍ੰਸੀਪਲ ਨੇ ਯੂਨੀਵਰਸਿਟੀ ਦੀ ਟੀਮ ਦਾ ਆਭਾਰ ਪ੍ਰਗਟਾਇਆ ਅਤੇ ਸਨਮਾਨਿਤ ਹੋਣ ਵਾਲੇ ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ | ਇਸ ਵਿਸ਼ੇਸ਼ ਮੌਕੇ 'ਤੇ ਸਕੂਲ ਦੇ ਚੇਅਰਮੈਨ ਅਨਿਲ ਜੈਨ ਨੇ ਸੰਬੋਧਨ ਕਰਦਿਆਂ ਕਿਹਾ ਕਿ ਪ੍ਰਬੰਧਕ ਕਮੇਟੀ ਹਮੇਸ਼ਾ ਤੋਂ ਹੀ ਬੱਚਿਆਂ ਦੇ ਸਰਵਪੱਖੀ ਵਿਕਾਸ ਲਈ ਵਚਨਬੱਧ ਰਹੀ ਹੈ | ਉਨ੍ਹਾਂ ਕਿਹਾ ਕਿ ਪੜ੍ਹਾਈ ਦੇ ਨਾਲ-ਨਾਲ ਅਜਿਹੇ ਪ੍ਰੋਗਰਾਮਾਂ ਨਾਲ ਬੱਚਿਆਂ ਵਿਚ ਹਾਂ-ਪੱਖੀ ਮੁਕਾਬਲੇ ਦੀ ਭਾਵਨਾ ਪੈਦਾ ਹੁੰਦੀ ਹੈ | ਚੇਅਰਮੈਨ ਅਨਿਲ ਜੈਨ ਨੇ ਸੀ.ਟੀ. ਯੂਨੀਵਰਸਿਟੀ ਦੇ ਇਸ ਕਦਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਸੈਸ਼ਨ ਵਿਦਿਆਰਥੀਆਂ ਨੂੰ ਕੈਰੀਅਰ ਦੇ ਨਵੇਂ ਮੌਕਿਆਂ ਦੀ ਤਲਾਸ਼ ਕਰਨ ਵਿਚ ਮਦਦ ਕਰਦੇ ਹਨ | ਸਕੂਲ ਦੇ ਪਿ੍ੰਸੀਪਲ ਨਰੇਸ਼ ਸਪੜਾ ਨੇ ਵੀ ਸਨਮਾਨਿਤ ਵਿਦਿਆਰਥੀਆਂ ਦੀ ਪਿੱਠ ਥਾਪੜੀ ਅਤੇ ਉਨ੍ਹਾਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ | ਉਨ੍ਹਾਂ ਕਿਹਾ ਕਿ ਕਿਸੇ ਵੀ ਵਿੱਦਿਅਕ ਸੰਸਥਾ ਦੀ ਅਸਲ ਸਫਲਤਾ ਉਸ ਦੇ ਵਿਦਿਆਰਥੀਆਂ ਦੀਆਂ ਉਪਲਬਧੀਆਂ ਤੋਂ ਹੀ ਮਾਪੀ ਜਾਂਦੀ ਹੈ | ਸਕੂਲ ਦਾ ਸਟਾਫ਼ ਬੱਚਿਆਂ ਦੇ ਹੁਨਰ ਨੂੰ ਤਰਾਸ਼ਣ ਲਈ ਲਗਾਤਾਰ ਮਿਹਨਤ ਕਰ ਰਿਹਾ ਹੈ, ਜਿਸ ਦਾ ਨਤੀਜਾ ਅੱਜ ਇਸ ਸਨਮਾਨ ਦੇ ਰੂਪ ਵਿਚ ਸਭ ਦੇ ਸਾਹਮਣੇ ਹੈ | ਉਨ੍ਹਾਂ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਇਹ ਸਨਮਾਨ ਸਿਰਫ਼ ਇੱਕ ਸ਼ੁਰੂਆਤ ਹੈ, ਉਨ੍ਹਾਂ ਨੇ ਜ਼ਿੰਦਗੀ ਵਿਚ ਅਜੇ ਹੋਰ ਬਹੁਤ ਵੱਡੇ ਮੁਕਾਮ ਹਾਸਲ ਕਰਨੇ ਹਨ | ਪ੍ਰੋਗਰਾਮ ਦੇ ਅੰਤ ਵਿਚ ਸਕੂਲ ਪ੍ਰਬੰਧਕਾਂ ਵਲੋਂ ਸੀ.ਟੀ. ਯੂਨੀਵਰਸਿਟੀ ਤੋਂ ਆਏ ਨੁਮਾਇੰਦਿਆਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਸਕੂਲ ਦਾ ਸਮੂਹ ਸਟਾਫ਼ ਅਤੇ ਵਿਦਿਆਰਥੀ ਹਾਜ਼ਰ ਸਨ |