ਫ਼ਾਜ਼ਿਲਕਾ, 25 ਮਈ (ਦਵਿੰਦਰ ਪਾਲ ਸਿੰਘ)-ਫ਼ਾਜ਼ਿਲਕਾ ਨਗਰ ਕੌਂਸਲ ਚੋਣਾਂ ਦੌਰਾਨ ਵੋਟਾਂ ਪੈਣ ਤੋਂ ਇਕ ਦਿਨ ਪਹਿਲਾਂ ਅਕਾਲੀ ਦਲ ਨੂੰ ਉਸ ਸਮੇਂ ਸ਼ਹਿਰ ਵਿਚ ਭਾਰੀ ਝਟਕਾ ਲੱਗਿਆ ਜਦੋਂ ਵਾਰਡ ਨੰਬਰ 11 ਤੋਂ ਸ਼ੋ੍ਰਮਣੀ ਅਕਾਲੀ ਦਲ ਦੇ ਉਮੀਦਵਾਰ ਅਮਿੱਤ ਕੁਮਾਰ ਨੇ ਆਪਣੇ ਸਾਥੀਆਂ ਸਮੇਤ ਅਕਾਲੀ ਦਲ ਨੂੰ ਛੱਡ ਕੇ ਆਮ ਆਦਮੀ ਪਾਰਟੀ ਵਿਚ ਸ਼ਮੂਲੀਅਤ ਕਰ ਲਈ | ਇਸ ਮੌਕੇ 'ਤੇ ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਨੇ ਦੱਸਿਆ ਕਿ ਅਮਿੱਤ ਕੁਮਾਰ ਵਲੋਂ ਆਮ ਆਦਮੀ ਪਾਰਟੀ 'ਚ ਸ਼ਾਮਿਲ ਹੋਣ ਤੋਂ ਬਾਅਦ ਉਨ੍ਹਾਂ ਦੇ ਪਰਿਵਾਰਿਕ ਮੈਂਬਰਾਂ ਅਤੇ ਉਨ੍ਹਾਂ ਦੇ ਸਮਰਥਕਾਂ ਵਲੋਂ ਆਪ ਦੀ ਮਦਦ ਕਰਨ ਦਾ ਪੂਰਨ ਭਰੋਸਾ ਦਿੱਤਾ | ਇਸ ਮੌਕੇ ਵਿਧਾਇਕ ਸਵਨਾ ਨੇ ਪਾਰਟੀ ਦਾ ਝੰਡਾ ਅਮਿੱਤ ਕੁਮਾਰ ਦੇ ਗਲ ਵਿਚ ਪਹਿਨਾਇਆ ਅਤੇ ਉਨ੍ਹਾਂ ਦੇ ਘਰ ਉੱਪਰ ਲੱਗੇ ਅਕਾਲੀ ਦਲ ਦੇ ਝੰਡੇ ਉਤਾਰ ਕੇ ਆਮ ਆਦਮੀ ਪਾਰਟੀ ਦਾ ਝੰਡਾ ਲਗਾਇਆ | ਇਸ ਮੌਕੇ 'ਤੇ ਵਾਰਡ ਵਾਸੀ ਵੀ ਹਾਜ਼ਰ ਸਨ |