ਜਲਾਲਾਬਾਦ, 27 ਮਈ (ਜਤਿੰਦਰ ਪਾਲ ਸਿੰਘ)-ਡੀਜ਼ਲ ਦੇ ਭਾਅ ਵਿਚ ਦਿਨ ਪ੍ਰਤੀ ਦਿਨ ਕੀਤਾ ਜਾ ਰਿਹਾ ਵਾਧਾ ਕਿਸਾਨੀ ਦਾ ਲੱਕ ਤੋੜੇਗਾ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦੇ ਹੋਏ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਸੂਬਾ ਮੀਤ ਪ੍ਰਧਾਨ ਮਨਪ੍ਰੀਤ ਸਿੰਘ ਸੰਧੂ ਅਤੇ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਉਪਿੰਦਰ ਸਿੰਘ ਉੱਜਲ ਧਵਨ ਨੇ ਡੀਜ਼ਲ ਦੀਆਂ ਲਗਾਤਾਰ ਟੱਪ ਰਹੀਆਂ ਕੀਮਤਾਂ ‘ਤੇ ਗੰਭੀਰ ਚਿੰਤਾ ਜਤਾਉਂਦੇ ਹੋਏ ਕੀਤਾ। ਆਗੂਆਂ ਨੇ ਕਿਹਾ ਕ ਪਿਛਲੇ ਕੁੱਝ ਦਿਨਾਂ ਦੌਰਾਨ ਡੀਜ਼ਲ ਦੀ ਕੀਮਤ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ, ਜਿਸ ਨਾਲ ਕਿਸਾਨਾਂ ‘ਤੇ ਵੱਡਾ ਆਰਥਿਕ ਬੋਝ ਪੈ ਰਿਹਾ ਹੈ। ਉਨ੍ਹਾਂ ਦੱਸਿਆ ਕਿ 15 ਮਈ ਨੂੰ ਡੀਜ਼ਲ ਦੀ ਕੀਮਤ ਵਿਚ 3 ਰੁਪਏ, 19 ਮਈ ਨੂੰ 90 ਪੈਸੇ, 23 ਮਈ ਨੂੰ 91 ਪੈਸੇ ਅਤੇ 25 ਮਈ ਨੂੰ 2.71 ਰੁਪਏ ਦਾ ਵਾਧਾ ਹੋਇਆ ਹੋ। ਇਸ ਤਰ੍ਹਾਂ ਕੇਵਲ 12 ਦਿਨਾਂ ਵਿਚ ਹੀ ਡੀਜ਼ਲ 7.52 ਰੁਪਏ ਪ੍ਰਤੀ ਲੀਟਰ ਮਹਿੰਗਾ ਹੋ ਗਿਆ ਹੈ। ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਡੀਜ਼ਲ ਦੀਆਂ ਕੀਮਤਾਂ ਵਿਚ ਵਾਧਾ ਇਸੇ ਤਰ੍ਹਾਂ ਜਾਰੀ ਰਿਹਾ ਤਾਂ ਖੇਤੀਬਾੜੀ ਦੀ ਲਾਗਤ ਹੋਰ ਵੱਧ ਜਾਵੇਗੀ ਅਤੇ ਕਿਸਾਨਾਂ ਲਈ ਖੇਤੀ ਕਰਨਾ ਮੁਸ਼ਕਿਲ ਹੋ ਜਾਵੇਗਾ। ਉਨ੍ਹਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਅਮਰੀਕੀ ਸਾਮਰਾਜ ਵਲੋਂ ਆਪਣੇ ਮੁਨਾਫ਼ਿਆਂ ਲਈ ਈਰਾਨ ‘ਤੇ ਹਮਲੇ ਅਤੇ ਭਾਰਤੀ ਕਾਰਪੋਰੇਟ ਘਰਾਨਿਆਂ ਦੇ ਮੁਨਾਫ਼ਿਆਂ ਲਈ ਲੋਕਾਂ ‘ਤੇ ਪਾਇਆ ਜਾ ਰਿਹਾ ਵਾਧੂ ਬੋਝ ਤੁਰੰਤ ਰੋਕਿਆ ਜਾਵੇ। ਕੇਂਦਰ ਦੀ ਭਾਜਪਾ ਸਰਕਾਰ ਅਮਰੀਕਾ ਅੱਗੇ ਗੋਡੇ ਟੇਕਣਾ ਬੰਦ ਕਰਕੇ ਈਰਾਨ ਤੇ ਹੋਰ ਦੇਸ਼ ਜਿੱਥੋਂ ਸਸਤਾ ਤੇਲ ਮਿਲਦਾ ਹੈ , ਖ਼ਰੀਦ ਕਰੇ ਅਤੇ ਮਹਿੰਗਾਈ ‘ਤੇ ਕਾਬੂ ਪਾਵੇ। ਆਗੂਆਂ ਨੇ ਕਿਹਾ ਕਿ ਜੇ ਲੋਕਾਂ ਦੀਆਂ ਮੁਸ਼ਕਲਾਂ ਦਾ ਹੱਲ ਨਾ ਕੀਤਾ ਗਿਆ ਤਾਂ ਕਿਸਾਨ ਯੂਨੀਅਨ ਵਲੋਂ ਸੰਘਰਸ਼ ਕੀਤਾ ਜਾਵੇਗਾ।