ਫ਼ਾਜ਼ਿਲਕਾ, 1 ਜੂਨ (ਦਵਿੰਦਰ ਪਾਲ ਸਿੰਘ)-ਪੰਜਾਬ ਸਰਕਾਰ ਵੱਲੋਂ ਧਰਤੀ ਹੇਠਲੇ ਪਾਣੀ ਦੀ ਬੱਚਤ ਕਰਨ ਦੇ ਅਹਿਮ ਉਦੇਸ਼ ਨਾਲ ਝੋਨੇ ਦੀ ਸਿੱਧੀ ਬਿਜਾਈ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ | ਇਸ ਤਕਨੀਕ ਨੂੰ ਅਪਣਾਉਣ ਵਾਲੇ ਕਿਸਾਨਾਂ ਨੂੰ 1500 ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਪ੍ਰੋਤਸਾਹਨ ਰਾਸ਼ੀ ਦਿੱਤੀ ਜਾਵੇਗੀ, ਜਿਸ ਲਈ ਸਰਕਾਰੀ ਪੋਰਟਲ 'ਤੇ ਰਜਿਸਟਰੇਸ਼ਨ ਦੀ ਪ੍ਰਕਿਰਿਆ ਬੀਤੀ 10 ਮਈ ਤੋਂ ਲਗਾਤਾਰ ਜਾਰੀ ਹੈ | ਪੋਰਟਲ 'ਤੇ ਅਪਲਾਈ ਕਰਨ ਦੀ ਆਖ਼ਰੀ 15 ਜੂਨ ਨਿਸ਼ਚਿਤ ਕੀਤੀ ਗਈ ਹੈ | ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਫ਼ਾਜ਼ਿਲਕਾ ਦੇ ਮੁੱਖ ਖੇਤੀਬਾੜੀ ਅਫ਼ਸਰ ਹਰਬੰਸ ਸਿੰਘ ਸਿੱਧੂ ਨੇ ਦੱਸਿਆ ਕਿ ਪਾਣੀ ਕੁਦਰਤ ਦੀ ਇਕ ਬਹੁਤ ਹੀ ਵਡਮੁੱਲੀ ਦਾਤ ਹੈ, ਜਿਸ ਤੋਂ ਬਿਨਾਂ ਮਨੁੱਖੀ ਜੀਵਨ ਜਾਂ ਜੀਵ-ਜੰਤੂਆਂ ਦੀ ਹੋਂਦ ਸੰਭਵ ਨਹੀਂ ਹੈ | ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਸਾਨੂੰ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਦੇ ਸੁਰੱਖਿਅਤ ਭਵਿੱਖ ਲਈ ਇਸ ਕੁਦਰਤੀ ਖ਼ਜ਼ਾਨੇ ਨੂੰ ਬਚਾਉਣ ਵਿਚ ਆਪਣਾ ਬਣਦਾ ਯੋਗਦਾਨ ਪਾਉਣਾ ਚਾਹੀਦਾ ਹੈ | ਇਹ ਤਾਂ ਹੀ ਸੰਭਵ ਹੋ ਸਕਦਾ ਹੈ ਜੇਕਰ ਕਿਸਾਨ ਰਵਾਇਤੀ ਕੱਦੂ ਕਰਨ ਦੇ ਤਰੀਕੇ ਨੂੰ ਛੱਡ ਕੇ ਵੱਧ ਤੋਂ ਵੱਧ ਰਕਬੇ ਵਿਚ ਝੋਨੇ ਦੀ ਸਿੱਧੀ ਬਿਜਾਈ ਕਰਨ | ਮੁੱਖ ਖੇਤੀਬਾੜੀ ਅਫ਼ਸਰ ਨੇ ਦੱਸਿਆ ਕਿ ਸਿੱਧੀ ਬਿਜਾਈ ਵਾਲੀ ਤਕਨੀਕ ਨਾਲ ਨਾ ਸਿਰਫ਼ ਪਾਣੀ ਦੀ ਬੱਚਤ ਹੁੰਦੀ ਹੈ, ਸਗੋਂ ਕਿਸਾਨਾਂ ਦੀ ਲੇਬਰ ਅਤੇ ਕੀਮਤੀ ਸਮਾਂ ਵੀ ਕਾਫ਼ੀ ਬਚਦਾ ਹੈ | ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ 15 ਜੂਨ ਦੀ ਆਖ਼ਰੀ ਤਾਰੀਖ਼ ਤੋਂ ਪਹਿਲਾਂ-ਪਹਿਲਾਂ ਪੋਰਟਲ 'ਤੇ ਆਪਣੀ ਰਜਿਸਟਰੇਸ਼ਨ ਲਾਜ਼ਮੀ ਕਰਵਾਉਣ | ਸ੍ਰੀ ਸਿੱਧੂ ਨੇ ਸਪਸ਼ਟ ਕੀਤਾ ਕਿ ਜੇਕਰ ਕਿਸੇ ਵੀ ਕਿਸਾਨ ਨੂੰ ਰਜਿਸਟਰੇਸ਼ਨ ਕਰਵਾਉਣ ਜਾਂ ਇਸ ਤਕਨੀਕ ਬਾਰੇ ਕੋਈ ਸਮੱਸਿਆ ਜਾਂ ਸ਼ੰਕਾ ਹੁੰਦੀ ਹੈ, ਤਾਂ ਉਹ ਮੁੱਖ ਖੇਤੀਬਾੜੀ ਅਫ਼ਸਰ ਦਫ਼ਤਰ ਫ਼ਾਜ਼ਿਲਕਾ, ਆਪਣੇ ਸਬੰਧਿਤ ਬਲਾਕ ਖੇਤੀਬਾੜੀ ਅਫ਼ਸਰ ਜਾਂ ਫਿਰ ਆਪਣੇ ਪਿੰਡ ਦੇ ਖੇਤੀਬਾੜੀ ਵਿਕਾਸ ਅਫ਼ਸਰ ਨਾਲ ਤੁਰੰਤ ਰਾਬਤਾ ਕਾਇਮ ਕਰ ਸਕਦੇ ਹਨ |