ਫ਼ਾਜ਼ਿਲਕਾ, 2 ਜੂਨ (ਦਵਿੰਦਰ ਪਾਲ ਸਿੰਘ)-ਸਿਹਤ ਵਿਭਾਗ ਫ਼ਾਜ਼ਿਲਕਾ ਵਲੋਂ ਜ਼ਿਲ੍ਹੇ ਵਿਚ ਮਾਂ-ਬੱਚਾ ਸਿਹਤ ਸੇਵਾਵਾਂ ਅਤੇ ਟੀਕਾਕਰਨ ਪ੍ਰੋਗਰਾਮ ਨੂੰ ਹੋਰ ਵਧੇਰੇ ਸੁਚਾਰੂ 'ਤੇ ਮਜ਼ਬੂਤ ਬਣਾਉਣ ਦੇ ਉਦੇਸ਼ ਨਾਲ ਇਕ ਅਹਿਮ ਮੀਟਿੰਗ ਕੀਤੀ ਗਈ | ਸਿਵਲ ਸਰਜਨ ਡਾ.ਕਵਿਤਾ ਸਿੰਘ ਦੀ ਪ੍ਰਧਾਨਗੀ ਅਤੇ ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ.ਰਿੰਕੂ ਚਾਵਲਾ ਦੀ ਵਿਸ਼ੇਸ਼ ਹਾਜ਼ਰੀ ਵਿਚ ਹੋਈ ਇਸ ਬੈਠਕ ਦੌਰਾਨ ਜ਼ਿਲ੍ਹੇ ਦੇ ਸਮੂਹ ਨੋਡਲ ਅਫ਼ਸਰਾਂ, ਮਾਸ ਮੀਡੀਆ ਵਿੰਗ ਅਤੇ ਸਾਰੀਆਂ ਐੱਲ.ਐੱਚ.ਵੀਜ਼ ਨੇ ਸ਼ਿਰਕਤ ਕੀਤੀ | ਇਸ ਉੱਚ ਪੱਧਰੀ ਬੈਠਕ ਦਾ ਮੁੱਖ ਮਕਸਦ ਮਾਂ-ਬੱਚਾ ਸਿਹਤ ਸੇਵਾਵਾਂ, ਰੁਟੀਨ ਟੀਕਾਕਰਨ, ਐੱਚ.ਪੀ.ਵੀ.ਟੀਕਾਕਰਨ ਅਤੇ ਪਲਸ ਪੋਲੀਓ ਮੁਹਿੰਮ ਦੀ ਪ੍ਰਗਤੀ ਦੀ ਸਮੀਖਿਆ ਕਰਨਾ ਅਤੇ ਭਵਿੱਖ ਦੀ ਰਣਨੀਤੀ ਉਲੀਕਣਾ ਸੀ | ਬੈਠਕ ਨੂੰ ਸੰਬੋਧਨ ਕਰਦਿਆਂ ਸਿਵਲ ਸਰਜਨ ਡਾ.ਕਵਿਤਾ ਸਿੰਘ ਨੇ ਕਿਹਾ ਕਿ ਸਿਹਤ ਵਿਭਾਗ ਦੀਆਂ ਸਾਰੀਆਂ ਜਨ-ਕਲਿਆਣਕਾਰੀ ਯੋਜਨਾਵਾਂ ਦਾ ਲਾਭ ਹਰ ਇਕ ਪਾਤਰ ਲਾਭਪਾਤਰੀ ਤੱਕ ਪਹੁੰਚਾਉਣਾ ਸਾਡਾ ਸਭ ਤੋਂ ਪਹਿਲਾ ਫ਼ਰਜ਼ ਹੈ | ਉਨ੍ਹਾਂ ਜ਼ੋਰ ਦੇ ਕੇ ਆਖਿਆ ਕਿ ਗਰਭਵਤੀ ਮਹਿਲਾਵਾਂ ਅਤੇ ਨਵਜੰਮੇ ਬੱਚਿਆਂ ਦੀ ਦੇਖਭਾਲ ਲਈ ਚੱਲ ਰਹੀਆਂ ਸੇਵਾਵਾਂ ਨੂੰ ਹੋਰ ਪ੍ਰਭਾਵਸ਼ਾਲੀ ਬਣਾਇਆ ਜਾਵੇ ਤਾਂ ਜੋ ਜ਼ਿਲ੍ਹੇ ਦਾ ਕੋਈ ਵੀ ਨਾਗਰਿਕ ਇਨ੍ਹਾਂ ਸਹੂਲਤਾਂ ਤੋਂ ਵਾਂਝਾ ਨਾ ਰਹੇ | ਉਨ੍ਹਾਂ ਸਮੂਹ ਸਟਾਫ਼ ਨੂੰ ਮਿਥੇ ਗਏ ਟੀਚਿਆਂ ਦੀ ਸਮੇਂ ਸਿਰ ਪ੍ਰਾਪਤੀ ਲਈ ਪੂਰੀ ਤਨਦੇਹੀ ਅਤੇ ਸਮਰਪਿਤ ਭਾਵਨਾ ਨਾਲ ਕੰਮ ਕਰਨ ਲਈ ਪ੍ਰੇਰਿਤ ਕੀਤਾ | ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ.ਰਿੰਕੂ ਚਾਵਲਾ ਨੇ ਟੀਕਾਕਰਨ ਪ੍ਰੋਗਰਾਮ ਦੀ ਅਹਿਮੀਅਤ ਬਾਰੇ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕੀਤੀ | ਉਨ੍ਹਾਂ ਕਿਹਾ ਕਿ ਟੀਕਾਕਰਨ ਬੱਚਿਆਂ ਨੂੰ ਘਾਤਕ ਬਿਮਾਰੀਆਂ ਤੋਂ ਬਚਾਉਣ ਦਾ ਸਭ ਤੋਂ ਕਾਰਗਰ ਤਰੀਕਾ ਹੈ, ਇਸ ਲਈ ਹਰ ਬੱਚੇ ਦਾ ਸੰਪੂਰਨ ਟੀਕਾਕਰਨ ਯਕੀਨੀ ਬਣਾਇਆ ਜਾਵੇ | ਡਾ.ਚਾਵਲਾ ਨੇ ਐਚ. ਪੀ. ਵੀ. ਵੈਕਸੀਨ ਬਾਰੇ ਵਿਸ਼ੇਸ਼ ਤੌਰ 'ਤੇ ਜਾਗਰੂਕਤਾ ਫੈਲਾਉਣ ਦੀ ਲੋੜ 'ਤੇ ਜ਼ੋਰ ਦਿੰਦਿਆਂ ਕਿਹਾ ਕਿ ਇਹ ਵੈਕਸੀਨ ਭਵਿੱਖ ਵਿਚ ਮਹਿਲਾਵਾਂ ਨੂੰ ਬੱਚੇਦਾਨੀ ਦੇ ਮੂੰਹ ਦੇ ਕੈਂਸਰ ਵਰਗੀ ਨਾਮੁਰਾਦ ਬਿਮਾਰੀ ਤੋਂ ਸੁਰੱਖਿਅਤ ਰੱਖਣ 'ਚ ਸਹਾਇਕ ਹੈ | ਬੈਠਕ ਦੌਰਾਨ ਆਉਣ ਵਾਲੀ ਪਲਸ ਪੋਲੀਓ ਮੁਹਿੰਮ ਨੂੰ ਸਫਲ ਬਣਾਉਣ ਲਈ ਵੀ ਵਿਸ਼ੇਸ਼ ਖ਼ਾਕਾ ਤਿਆਰ ਕੀਤਾ ਗਿਆ | ਸਮੂਹ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਨਿਰਦੇਸ਼ ਦਿੱਤੇ ਗਏ ਕਿ ਮੁਹਿੰਮ ਦੌਰਾਨ ਘਰ-ਘਰ ਜਾ ਕੇ ਹਰ ਇੱਕ ਬੱਚੇ ਨੂੰ ਪੋਲੀਓ ਦੀ ਦਵਾਈ ਪਿਲਾਈ ਜਾਵੇ ਅਤੇ ਕੋਈ ਵੀ ਬੱਚਾ ਇਸ ਤੋਂ ਵਾਂਝਾ ਨਾ ਰਹੇ | ਇਸ ਦੇ ਨਾਲ ਹੀ ਮਾਸ ਮੀਡੀਆ ਵਿੰਗ ਨੂੰ ਪਿੰਡਾਂ ਅਤੇ ਸ਼ਹਿਰਾਂ ਵਿਚ ਜਾਗਰੂਕਤਾ ਗਤੀਵਿਧੀਆਂ ਹੋਰ ਤੇਜ਼ ਕਰਨ ਦੇ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ | ਇਸ ਮੌਕੇ ਡਾ.ਮਨੀ ਗਰਗ, ਡਾ.ਵਿਸ਼ੂ ਸ਼ਰਮਾ, ਡਾ.ਅਨਿਲ, ਡਾ.ਦੁਸ਼ਯੰਤ ਯਾਦਵ, ਮਾਸ ਮੀਡੀਆ ਵਿੰਗ ਤੋਂ ਵਿਨੋਦ ਖੁਰਾਨਾ, ਦਿਵੇਸ਼ ਕੁਮਾਰ, ਸੁਨੀਲ ਟੰਡਨ, ਸੁਸ਼ੀਲ ਕੁਮਾਰ, ਪੂਜਾ ਅਤੇ ਚਾਈਨਾ ਸਮੇਤ ਸਿਹਤ ਵਿਭਾਗ ਦੇ ਹੋਰ ਕਰਮਚਾਰੀ ਹਾਜ਼ਰ ਸਨ | ਹਾਜ਼ਰ ਸਮੂਹ ਸਟਾਫ਼ ਨੇ ਵਿਸ਼ਵਾਸ ਦਿਵਾਇਆ ਕਿ ਉਹ ਆਪਣੀ ਡਿਊਟੀ ਪੂਰੀ ਇਮਾਨਦਾਰੀ ਨਾਲ ਨਿਭਾਉਂਦੇ ਹੋਏ ਸਿਹਤ ਵਿਭਾਗ ਦੇ ਟੀਚਿਆਂ ਨੂੰ ਪੂਰਾ ਕਰਨ 'ਚ ਆਪਣਾ ਬਣਦਾ ਯੋਗਦਾਨ ਪਾਉਣਗੇ |