ਅਬੋਹਰ, 2 ਜੂਨ (ਵਿਵੇਕ ਹੂੜੀਆ)-ਇੰਪੀਰੀਅਲ ਇੰਟਰਨੈਸ਼ਨਲ ਸਕੂਲ ਫ਼ਾਰ ਐਕਸੀਲੈਂਸ ਖੂਈਆਂ ਸਰਵਰ ਲਈ ਇਹ ਬੇਹੱਦ ਮਾਣ ਵਾਲੀ ਗੱਲ ਹੈ ਕਿ ਸਕੂਲ ਦੀ ਗਣਿਤ ਅਧਿਆਪਕਾ ਕੁਮਾਰੀ ਆਂਚਲ ਗਗਨੇਜਾ ਨੇ ਦਿੱਲੀ ਪਬਲਿਕ ਸਕੂਲ, ਅਬੋਹਰ ਵਿਖੇ ਆਯੋਜਿਤ 'ਸੀ.ਬੀ.ਐਸ.ਈ. ਕੈਪੇਸਿਟੀ ਬਿਲਡਿੰਗ ਪ੍ਰੋਗਰਾਮ' ਵਿਚ ਬਤੌਰ ਰਿਸੋਰਸ ਪਰਸਨ ਸ਼ਿਰਕਤ ਕਰਦਿਆਂ ਆਪਣੀ ਅਹਿਮ ਭੂਮਿਕਾ ਨਿਭਾਈ | ਸੀ.ਬੀ.ਐੱਸ.ਈ. ਦੀ ਸਰਪ੍ਰਸਤੀ ਹੇਠ ਕਰਵਾਈ ਗਈ ਇਸ ਇਕ ਰੋਜ਼ਾ ਵਰਕਸ਼ਾਪ ਦਾ ਮੁੱਖ ਵਿਸ਼ਾ 'ਵਿਦਿਆਰਥੀਆਂ ਵਿਚ ਮਾਨਸਿਕ ਸਿਹਤ ਅਤੇ ਖ਼ੁਸ਼ਹਾਲੀ ਨੂੰ ਉਤਸ਼ਾਹਿਤ ਕਰਨਾ' ਸੀ | ਇਸ ਪ੍ਰੋਗਰਾਮ ਦਾ ਮੁੱਖ ਉਦੇਸ਼ ਅਧਿਆਪਕਾਂ ਨੂੰ ਵਿਦਿਆਰਥੀਆਂ ਦੀ ਮਾਨਸਿਕ ਅਤੇ ਭਾਵਨਾਤਮਕ ਸਿਹਤ ਪ੍ਰਤੀ ਜਾਗਰੂਕ ਕਰਨਾ ਅਤੇ ਸਕੂਲਾਂ ਵਿਚ ਇਕ ਸਕਾਰਾਤਮਿਕ, ਸੁਰੱਖਿਅਤ ਅਤੇ ਸਹਿਯੋਗੀ ਮਾਹੌਲ ਸਿਰਜਣ ਦੇ ਪ੍ਰਭਾਵਸ਼ਾਲੀ ਤਰੀਕਿਆਂ ਤੋਂ ਜਾਣੂ ਕਰਵਾਉਣਾ ਸੀ | ਵਰਕਸ਼ਾਪ ਦੌਰਾਨ ਕੁਮਾਰੀ ਆਂਚਲ ਗਗਨੇਜਾ ਨੇ ਹਾਜ਼ਰ ਅਧਿਆਪਕਾਂ ਨਾਲ ਸਾਰਥਿਕ ਸੰਵਾਦ ਰਚਾਇਆ | ਉਨ੍ਹਾਂ ਨੇ ਮਾਨਸਿਕ ਸਿਹਤ ਨਾਲ ਜੁੜੇ ਵੱਖ-ਵੱਖ ਪਹਿਲੂਆਂ, ਵਿਹਾਰਕ ਰਣਨੀਤੀਆਂ ਅਤੇ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਲੋੜੀਂਦੀਆਂ ਸਰਵੋਤਮ ਵਿੱਦਿਅਕ ਪ੍ਰਣਾਲੀਆਂ ਬਾਰੇ ਵਿਸਥਾਰਪੂਰਵਕ ਚਰਚਾ ਕੀਤੀ | ਸਕੂਲ ਦੇ ਪਿ੍ੰਸੀਪਲ ਰਵੀ ਕੁਮਾਰ ਨੇ ਇਸ ਸ਼ਾਨਦਾਰ ਪ੍ਰਾਪਤੀ 'ਤੇ ਖ਼ੁਸ਼ੀ ਜ਼ਾਹਿਰ ਕਰਦਿਆਂ ਕਿਹਾ ਕਿ ਸਾਡੇ ਅਧਿਆਪਕਾਂ ਦਾ ਸੀ.ਬੀ.ਐੱਸ.ਈ. ਦੇ ਰਾਸ਼ਟਰੀ ਮੰਚਾਂ 'ਤੇ ਬਤੌਰ ਰਿਸੋਰਸ ਪਰਸਨ ਯੋਗਦਾਨ ਪਾਉਣਾ ਸਕੂਲ ਦੀ ਉੱਚ ਵਿੱਦਿਅਕ ਗੁਣਵੱਤਾ ਅਤੇ ਅਗਵਾਈ ਸਮਰੱਥਾ ਦਾ ਪ੍ਰਤੱਖ ਪ੍ਰਮਾਣ ਹੈ | ਇਹ ਪ੍ਰਾਪਤੀ ਪੂਰੇ ਸਕੂਲ ਪਰਿਵਾਰ ਲਈ ਮਾਣ ਵਾਲੀ ਗੱਲ ਹੈ |