ਫ਼ਾਜ਼ਿਲਕਾ, 2 ਜੂਨ (ਦਵਿੰਦਰ ਪਾਲ ਸਿੰਘ)-ਸ਼ੋ੍ਰਮਣੀ ਅਕਾਲੀ ਦਲ ਪੁਨਰ ਸੁਰਜੀਤ ਜ਼ਿਲ੍ਹਾ ਫ਼ਾਜ਼ਿਲਕਾ ਇਕਾਈ ਵਲੋਂ ਪੰਜਾਬ ਦੇ ਗੰਭੀਰ ਮਸਲਿਆਂ ਨੂੰ ਲੈ ਕੇ ਡੀ.ਸੀ.ਦਫ਼ਤਰ ਮੂਹਰੇ ਰੋਸ ਧਰਨਾ ਦਿੰਦਿਆਂ ਪੰਜਾਬ ਦੇ ਗਵਰਨਰ ਦੇ ਨਾਂਅ ਇਕ ਮੰਗ ਪੱਤਰ ਸੌਂਪਿਆ | ਇਸ ਮੌਕੇ ਧਰਨੇ ਨੂੰ ਸੰਬੋਧਨ ਕਰਦਿਆਂ ਵੱਖ-ਵੱਖ ਆਗੂਆਂ ਜ਼ਿਲ੍ਹਾ ਪ੍ਰਧਾਨ ਐਡਵੋਕੇਟ ਗੁਰਜਿੰਦਰ ਸਿੰਘ ਗਰੇਵਾਲ, ਜਥੇਦਾਰ ਚਰਨ ਸਿੰਘ ਕੰਧਵਾਲਾ ਹਾਜ਼ਰ ਖਾਂ, ਜਥੇਦਾਰ ਗੁਰਲਾਲ ਸਿੰਘ ਆਦਿ ਨੇ ਮੰਗ ਪੱਤਰ ਬਾਰੇ ਦੱਸਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਾਨੂੰਨ 2026 ਵਿਚ ਸੋਧ ਕੀਤੀ ਜਾਵੇ, ਇਹ ਕਾਨੂੰਨ ਬਹੁਤ ਜਲਦੀ, ਸਿੱਖ ਸੰਸਥਾਵਾਂ, ਸਿੱਖ ਵਿਦਵਾਨਾਂ ਦੀ ਸਲਾਹ ਲਏ ਬਿਨਾਂ ਪਾਸ ਕੀਤਾ ਗਿਆ ਹੈ | ਜਿਸ ਕਾਰਨ ਇਸ ਵਿਚ ਭਾਰੀ ਤਰੱੁਟੀਆਂ ਪਾਈਆਂ ਜਾ ਰਹੀਆਂ ਹਨ | ਉਨ੍ਹਾਂ ਦੱਸਿਆ ਕਿ ਮੌਕੇ 'ਤੇ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਆਪਣਾ ਬਣਦਾ ਰੋਲ ਅਦਾ ਨਹੀਂ ਕੀਤਾ | ਜਿਸ ਕਾਰਨ ਪੰਜਾਬ ਸਰਕਾਰ ਅਤੇ ਸਿੱਖ ਸੰਸਥਾਵਾਂ ਵਿਚਕਾਰ ਤਕਰਾਰ ਦੀ ਸਥਿਤੀ ਬਣ ਗਈ ਹੈ | ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮਾਣ ਸਤਿਕਾਰ ਨੂੰ ਢਾਅ ਲਗਾਉਣ ਵਾਲਿਆਂ ਨੂੰ ਵੱਧ ਤੋਂ ਵੱਧ ਸਜ਼ਾ ਮਿਲੇ ਪਰ ਕਾਨੂੰਨ ਨੇ ਸੇਵਾ ਸੰਭਾਲ ਕਰਨ ਵਾਲਿਆਂ ਨੂੰ ਦੋਸ਼ੀਆਂ ਦੇ ਬਰਾਬਰ ਖੜ੍ਹਾ ਕਰ ਦਿੱਤਾ ਹੈ | ਉਨ੍ਹਾਂ ਕਿਹਾ ਕਿ 1984 ਅੰਦਰ ਕਾਂਗਰਸ ਸਰਕਾਰ ਨੇ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਅਗਵਾਈ ਹੇਠ ਇਕ ਮੰਦਭਾਗਾ ਕਾਰਜ ਕੀਤਾ ਸੀ | ਜਿਸ ਨਾਲ ਪੂਰੀ ਸਿੱਖ ਕੌਮ ਨੂੰ ਦੁਸ਼ਮਣ ਸਮਝ ਕੇ ਸਾਡੇ ਸਭ ਤੋਂ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਉੱਪਰ ਤੋਪਾਂ ਨਾਲ ਹਮਲਾ ਕਰ ਦਿੱਤਾ ਸੀ | ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਢਹਿ ਢੇਰੀ ਕਰ ਦਿੱਤਾ ਗਿਆ | ਹਜ਼ਾਰਾਂ ਬੇਦੋਸ਼ੇ ਸਿੱਖ, ਬੀਬੀਆਂ, ਬੱਚੇ, ਬਜ਼ੁਰਗਾਂ ਅਤੇ ਨੌਜਵਾਨਾ ਨੂੰ ਗੋਲੀ ਦੀ ਨਿਸ਼ਾਨਾ ਬਣਾਇਆ ਗਿਆ | ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਨੂੰ ਇਸ ਸਾਕੇ ਲਈ ਪਾਰਲੀਮੈਂਟ ਵਿਚ ਮੁਆਫ਼ੀ ਮੰਗੇ, ਇੰਦਰਾ ਗਾਂਧੀ ਨੂੰ ਇਸ ਕਾਂਡ ਦੀ ਮੁੱਖ ਜ਼ਿੰਮੇਵਾਰ ਦੋਸ਼ੀ ਕਰਾਰ ਦੇ ਕੇ ਉਸ ਤੋਂ ਭਾਰਤ ਰਤਨ ਦਾ ਖ਼ਿਤਾਬ ਵਾਪਸ ਲਿਆ ਜਾਵੇ, ਇੰਦਰਾ ਗਾਂਧੀ ਏਅਰਪੋਰਟ ਦਿੱਲੀ ਦਾ ਨਾਂਅ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ ਨਾਮ 'ਤੇ ਰੱਖਿਆ ਜਾਵੇ | 2015 ਵਿਚ ਹੋਈਆਂ ਬੇਅਦਬੀ ਦੀਆਂ ਘਟਨਾਵਾਂ ਲਈ ਜ਼ਿੰਮੇਵਾਰ ਇਕ ਵੀ ਦੋਸ਼ੀ ਨੂੰ ਸਰਕਾਰਾਂ ਨੇ ਹਾਲੇ ਕਾਬੂ ਨਹੀਂ ਕੀਤਾ | ਉਨ੍ਹਾਂ ਕਿਹਾ ਕਿ ਡੇਰਾ ਮੁਖੀ ਰਾਮ ਰਹੀਮ ਅਤੇ ਉਸ ਦੀ ਨਜ਼ਦੀਕੀ ਹਨੀਪ੍ਰੀਤ ਕੌਰ ਦਾ ਨਾਂਅ ਵੱਖ-ਵੱਖ ਜਾਂਚ ਰਿਪੋਰਟਾਂ ਵਿਚ ਜ਼ਾਹਿਰ ਹੋ ਚੁੱਕਿਆ ਹੈ ਪਰ ਪੰਜਾਬ ਸਰਕਾਰ ਅਜੇ ਤੱਕ ਉਨ੍ਹਾਂ ਨੂੰ ਹਿਰਾਸਤ ਵਿਚ ਨਹੀਂ ਲੈ ਰਹੀ | ਉਨ੍ਹਾਂ ਮੰਗ ਕੀਤੀ ਕਿ ਸ਼ੋ੍ਰਮਣੀ ਕਮੇਟੀ ਦੀਆਂ ਆਮ ਚੋਣਾਂ ਕਰਵਾਈਆਂ ਜਾਣ, ਜੇਲ੍ਹਾਂ ਵਿਚ ਬੰਦ ਬੇਕਸੂਰ ਸਿੱਖਾਂ ਨੂੰ ਰਿਹਾਅ ਕੀਤਾ ਜਾਵੇ, ਖੇਤੀ ਮੰਗਾਂ ਵੱਲ ਧਿਆਨ ਦੇਣਾ ਜ਼ਰੂਰੀ ਬਣਦਾ ਹੈ | ਉਨ੍ਹਾਂ ਕਿਹਾ ਕਿ ਕਿਸਾਨਾਂ ਦੇ ਸਾਰੇ ਕਰਜ਼ੇ ਮੁਆਫ਼ ਹੋਣ, ਸਮਰਥਨ ਮੁੱਲ ਵਿਚ ਗਰੰਟੀ ਨਾਲ ਫ਼ਸਲੀ ਵਿਭਿੰਨਤਾ ਲਿਆਂਦੀ ਜਾਵੇ, ਦਰਿਆਈ ਪਾਣੀਆਂ ਦਾ ਪੰਜਾਬ ਨੂੰ ਪੂਰਾ ਹੱਕ ਦਿੱਤਾ ਜਾਵੇ, ਮਜ਼ਦੂਰ, ਖੇਤੀ ਮਜ਼ਦੂਰ, ਉਦਯੋਗਿਕ ਮਜ਼ਦੂਰਾਂ ਦੇ ਕਰਜ਼ੇ ਮਾਫ਼ ਕੀਤੇ ਜਾਣ | ਉਨ੍ਹਾਂ ਨੂੰ ਸਸਤੇ ਘਰ ਅਤੇ ਮਨਰੇਗਾ ਵਿਚ ਪੂਰਾ ਕੰਮ ਦਿੱਤਾ ਜਾਵੇ, ਕਰਤਾਰਪੁਰ ਦਾ ਲਾਂਘਾ ਜਲਦੀ ਸ਼ੁਰੂ ਕੀਤਾ ਜਾਵੇ, ਦਰਿਆਈ ਪਾਣੀਆਂ ਅਤੇ ਬਿਜਲੀ ਪ੍ਰੋਜੈਕਟਾਂ ਦਾ ਕੰਟਰੋਲ ਪੰਜਾਬ ਸਰਕਾਰ ਨੂੰ ਸੌਂਪਿਆ ਜਾਵੇ | ਇਸ ਮੌਕੇ ਗੁਰਜਿੰਦਰ ਸਿੰਘ ਗਰੇਵਾਲ, ਜਥੇਦਾਰ ਚਰਨ ਸਿੰਘ, ਬਲਦੇਵ ਸਿੰਘ, ਗੁਰਭੇਜ ਸਿੰਘ, ਗੁਰਲਾਲ ਸਿੰਘ, ਗੁਰਵਿੰਦਰ ਸਿੰਘ, ਗੁਰਮੀਤ ਸਿੰਘ, ਮਹਾਵੀਰ ਖੁੱਡੀਆਂ, ਗੁਰਮੀਤ ਸਿੰਘ ਗੋਗੀ, ਗੁਰਮੇਜ ਸਿੰਘ, ਜਸਬੀਰ ਸਿੰਘ ਕੁੰਡਲ, ਜਗਦੀਪ ਸਿੰਘ ਐਡਵੋਕੇਟ, ਚਰਨਜੀਤ ਸਿੰਘ ਘੱਲੂ, ਸਵਰਨ ਸਿੰਘ ਲਹੌਰੀਆ, ਰਘਬੀਰ ਸਿੰਘ, ਦਰਸ਼ਨ ਸਿੰਘ, ਬਲਜੀਤ ਸਿੰਘ ਸ਼ਾਹਪੁਰਾ, ਓਾਕਾਰ ਸਿੰਘ ਆਦਿ ਹਾਜ਼ਰ ਸਨ |