ਫਿਰੋਜ਼ਪੁਰ, 7 ਜੂਨ (ਚਾਵਲਾ)-ਫਿਰੋਜ਼ਪੁਰ ਮੰਡਲ ਵਿਚ 'ਫਿੱਟ ਇੰਡੀਆ ਮਿਸ਼ਨ' ਦੇ ਅਧੀਨ ਇਕ ਵਿਸ਼ੇਸ਼ ਸਾਈਕਲ ਰੈਲੀ ਦਾ ਆਯੋਜਨ ਕੀਤਾ ਗਿਆ | ਇਸ ਪ੍ਰੋਗਰਾਮ ਵਿਚ ਰੇਲ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਉਤਸ਼ਾਹ ਨਾਲ ਭਾਗ ਲਿਆ | ਸੀਨੀਅਰ ਮੰਡਲ ਵਣਜ/ਫਰੇਟ ਮੈਨੇਜਰ ਪਰਮਦੀਪ ਸਿੰਘ ਸੈਣੀ, ਮੰਡਲ ਮਕੈਨੀਕਲ ਇੰਜੀਨੀਅਰ ਅਚਰਜ ਗੁਪਤਾ, ਸਪੋਰਟਸ ਸੈਕਟਰੀ ਸੁਨੀਲ ਕੈਟ ਅਤੇ ਮੰਡਲ ਦੇ ਹੋਰ ਅਧਿਕਾਰੀਆਂ, ਕਰਮਚਾਰੀਆਂ ਅਤੇ ਉਨ੍ਹਾਂ ਦੇ ਪਰਿਵਾਰਿਕ ਮੈਂਬਰਾਂ ਨੇ ਇਸ ਰੈਲੀ ਵਿੱਚ ਸਰਗਰਮੀ ਨਾਲ ਹਿੱਸਾ ਲਿਆ | ਇਸ ਸਾਈਕਲਿੰਗ ਰੈਲੀ ਦਾ ਆਯੋਜਨ ਮੰਡਲ ਦਫ਼ਤਰ ਤੋਂ ਝੋਕ ਰੋਡ ਤੱਕ ਕੀਤਾ ਗਿਆ | ਭਾਗੀਦਾਰਾਂ ਨੇ ਸਵੇਰ ਦੀ ਤਾਜ਼ੀ ਹਵਾ ਵਿਚ ਸਾਈਕਲ ਚਲਾਉਂਦੇ ਹੋਏ 'ਸਵਸਥ ਸਰੀਰ, ਸਵਸਥ ਭਾਰਤ' ਦਾ ਸੰਦੇਸ਼ ਦਿੱਤਾ | ਇਸ ਮਾਧਿਅਮ ਰਾਹੀਂ 'ਫਿੱਟ ਇੰਡੀਆ ਮਿਸ਼ਨ' ਨੂੰ ਘਰ-ਘਰ ਪਹੁੰਚਾਉਣ ਦੇ ਸੰਕਲਪ ਨੂੰ ਵੀ ਦੁਹਰਾਇਆ ਗਿਆ | ਮੰਡਲ ਰੇਲ ਪ੍ਰਬੰਧਕ ਸੰਜੀਵ ਕੁਮਾਰ ਨੇ 'ਫਿੱਟ ਇੰਡੀਆ ਮਿਸ਼ਨ' ਦੀ ਮਹੱਤਤਾ 'ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਫਿੱਟ ਰਹਿਣ ਲਈ ਵੱਧ ਤੋਂ ਵੱਧ ਲੋਕਾਂ ਨੂੰ ਸਾਈਕਲ ਚਲਾਉਣਾ ਚਾਹੀਦਾ ਹੈ | ਇਸ ਨਾਲ ਸਾਡੀ ਸਿਹਤ ਦੇ ਨਾਲ-ਨਾਲ ਵਾਤਾਵਰਣ 'ਤੇ ਵੀ ਚੰਗਾ ਪ੍ਰਭਾਵ ਪਵੇਗਾ |