ਫ਼ਿਰੋਜ਼ਪੁਰ, 11 ਜੂਨ (ਗੁਰਿੰਦਰ ਸਿੰਘ)-ਥਾਣਾ ਸਦਰ ਫ਼ਿਰੋਜ਼ਪੁਰ ਪੁਲਿਸ ਨੇ ਨਸ਼ਾ ਤਸਕਰੀ ਵਿਰੁੱਧ ਕਾਰਵਾਈ ਕਰਦਿਆਂ 8 ਗ੍ਰਾਮ ਹੈਰੋਇਨ ਸਮੇਤ ਇਕ ਨੌਜਵਾਨ ਨੂੰ ਗਿ੍ਫ਼ਤਾਰ ਕੀਤਾ ਹੈ | ਜਦਕਿ ਪੁੱਛਗਿੱਛ ਦੌਰਾਨ ਉਸ ਦੇ ਇਕ ਹੋਰ ਸਾਥੀ ਨੂੰ ਵੀ ਮਾਮਲੇ ਵਿਚ ਨਾਮਜ਼ਦ ਕਰਕੇ ਕਾਬੂ ਕਰ ਲਿਆ ਗਿਆ ਹੈ | ਜਾਣਕਾਰੀ ਦਿੰਦਿਆਂ ਸਬ ਇੰਸਪੈਕਟਰ ਜਸਵਿੰਦਰ ਸਿੰਘ ਨੇ ਦੱਸਿਆ ਕਿ ਬੀਤੇ ਦਿਨ ਉਹ ਆਪਣੇ ਸਾਥੀ ਕਰਮਚਾਰੀਆਂ ਸਮੇਤ ਗਸ਼ਤ 'ਤੇ ਸਨ | ਇਸ ਦੌਰਾਨ ਮਿਲੀ ਗੁਪਤ ਸੂਚਨਾ ਦੇ ਆਧਾਰ 'ਤੇ ਪੁਲਿਸ ਨੇ ਪਿੰਡ ਪੱਲਾ ਮੇਘਾਂ ਨੇੜੇ ਬੰਨ੍ਹ ਤੋਂ ਵੰਸ਼ ਪੁੱਤਰ ਖ਼ੁਸ਼ੀ ਰਾਮ ਵਾਸੀ ਪੱਲਾ ਮੇਘਾਂ ਨੂੰ ਕਾਬੂ ਕੀਤਾ | ਤਲਾਸ਼ੀ ਦੌਰਾਨ ਉਸ ਦੇ ਕਬਜ਼ੇ ਵਿਚੋਂ 8 ਗ੍ਰਾਮ ਹੈਰੋਇਨ ਬਰਾਮਦ ਹੋਈ | ਮੁੱਢਲੀ ਪੁੱਛਗਿੱਛ ਦੌਰਾਨ ਦੋਸ਼ੀ ਵੰਸ਼ ਨੇ ਅਮਨਦੀਪ ਸਿੰਘ ਉਰਫ਼ ਅਮਨਾ ਪੁੱਤਰ ਮੰਗਲ ਸਿੰਘ ਵਾਸੀ ਪੱਲਾ ਮੇਘਾਂ ਦਾ ਨਾਮ ਸਾਹਮਣੇ ਲਿਆਂਦਾ | ਇਸ ਤੋਂ ਬਾਅਦ ਪੁਲਿਸ ਨੇ ਮੁਕੱਦਮੇ ਵਿਚ ਧਾਰਾ 29 ਐਨ.ਡੀ.ਪੀ.ਐੱਸ. ਐਕਟ ਦਾ ਵਾਧਾ ਕਰਦਿਆਂ ਅਮਨਦੀਪ ਉਰਫ਼ ਅਮਨਾ ਨੂੰ ਨਾਮਜ਼ਦ ਕਰਕੇ ਉਸ ਨੂੰ ਵੀ ਗਿ੍ਫ਼ਤਾਰ ਕਰ ਲਿਆ ਗਿਆ | ਪੁਲਿਸ ਵਲੋਂ ਦੋਵਾਂ ਉਕਤ ਦੋਸ਼ੀਆਂ ਖ਼ਿਲਾਫ਼ ਥਾਣਾ ਸਦਰ ਫ਼ਿਰੋਜ਼ਪੁਰ ਵਿਖੇ ਧਾਰਾ 21, 29, 61 ਅਤੇ 85 ਐਨ.ਡੀ.ਪੀ.ਐੱਸ. ਐਕਟ (ਨਾਨ-ਕਮਰਸ਼ੀਅਲ ਤਹਿਤ) ਕੇਸ ਦਰਜ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ |