ਅਬੋਹਰ, 12 ਜੂਨ (ਵਿਵੇਕ ਹੂੜੀਆ)-ਸ਼ਹਿਰ ਵਿਚ ਲਗਾਤਾਰ ਵੱਧ ਰਹੀਆਂ ਹੱਤਿਆ, ਖ਼ੁਦਕੁਸ਼ੀ, ਨਸ਼ਾਖੋਰੀ, ਲੁੱਟ-ਖੋਹ ਅਤੇ ਹੋਰ ਅਪਰਾਧਿਕ ਘਟਨਾਵਾਂ ਨੂੰ ਲੈ ਕੇ ਸਮਾਜ ਸੇਵੀ ਗਗਨ ਚੁੱਘ ਨੇ ਡੂੰਘੀ ਚਿੰਤਾ ਪ੍ਰਗਟ ਕੀਤੀ ਹੈ | ਉਨ੍ਹਾਂ ਕਿਹਾ ਕਿ ਜੇਕਰ ਸਮਾਂ ਰਹਿੰਦੇ ਇਨ੍ਹਾਂ ਗੰਭੀਰ ਸਮੱਸਿਆਵਾਂ 'ਤੇ ਪ੍ਰਭਾਵਸ਼ਾਲੀ ਕਾਬੂ ਨਾ ਪਾਇਆ ਗਿਆ ਤਾਂ ਆਉਣ ਵਾਲੇ ਸਮੇਂ ਵਿਚ ਅਬੋਹਰ ਦੀ ਸਥਿਤੀ ਹੋਰ ਵੀ ਭਿਆਨਕ ਹੋ ਸਕਦੀ ਹੈ | ਇਸ ਦੇ ਲਈ ਕੇਵਲ ਪ੍ਰਸ਼ਾਸਨ ਜਾਂ ਪੁਲਿਸ ਹੀ ਨਹੀਂ, ਸਗੋਂ ਸਮਾਜ ਦੇ ਹਰੇਕ ਨਾਗਰਿਕ ਨੂੰ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਅੱਗੇ ਆਉਣਾ ਪਵੇਗਾ | ਵਰਤਮਾਨ ਵਿਚ ਜਿਸ ਤਰ੍ਹਾਂ ਅਪਰਾਧ ਅਤੇ ਨਸ਼ਿਆਂ ਨਾਲ ਜੁੜੀਆਂ ਘਟਨਾਵਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ, ਉਹ ਪੂਰੇ ਸਮਾਜ ਲਈ ਚਿੰਤਾ ਦਾ ਵਿਸ਼ਾ ਹੈ | ਉਨ੍ਹਾਂ ਕਿਹਾ ਕਿ ਨੌਜਵਾਨਾਂ ਦਾ ਨਸ਼ਿਆਂ ਦੀ ਗਿ੍ਫ਼ਤ ਵਿਚ ਜਾਣਾ, ਆਪਸੀ ਰੰਜਸ਼ਾਂ ਕਾਰਨ ਵੱਧ ਰਹੀ ਹਿੰਸਾ, ਚੋਰੀ, ਲੁੱਟ-ਖੋਹ ਆਦਿ ਸਮੱਸਿਆਵਾਂ ਦਾ ਹੱਲ ਕੇਵਲ ਕਾਨੂੰਨ ਦੇ ਸਹਾਰੇ ਸੰਭਵ ਨਹੀਂ ਹੈ ਬਲਕਿ ਇਸ ਦੇ ਲਈ ਪੁਲਿਸ, ਆਮ ਜਨਤਾ, ਕੌਂਸਲਰਾਂ, ਸਮਾਜਿਕ ਸੰਸਥਾਵਾਂ, ਧਾਰਮਿਕ ਜਥੇਬੰਦੀਆਂ, ਵਿੱਦਿਅਕ ਅਦਾਰਿਆਂ ਅਤੇ ਸਮਾਜ ਸੇਵੀਆਂ ਵਿਚਕਾਰ ਬਿਹਤਰ ਤਾਲਮੇਲ ਅਤੇ ਸਹਿਯੋਗ ਬੇਹੱਦ ਜ਼ਰੂਰੀ ਹੈ | ਉਨ੍ਹਾਂ ਕਿਹਾ ਕਿ ਅੱਜ ਲੋੜ ਕੇਵਲ ਆਲੋਚਨਾ ਕਰਨ ਦੀ ਨਹੀਂ, ਬਲਕਿ ਸਮਾਜ ਨੂੰ ਜਾਗਰੂਕ ਕਰਨ ਅਤੇ ਨੌਜਵਾਨਾਂ ਨੂੰ ਸਹੀ ਦਿਸ਼ਾ ਦੇਣ ਦੀ ਹੈ | ਮਾਪਿਆਂ ਨੂੰ ਵੀ ਆਪਣੇ ਬੱਚਿਆਂ ਦੀਆਂ ਗਤੀਵਿਧੀਆਂ 'ਤੇ ਨਜ਼ਰ ਰੱਖਣੀ ਚਾਹੀਦੀ ਹੈ ਅਤੇ ਉਨ੍ਹਾਂ ਨੂੰ ਸਿੱਖਿਆ, ਖੇਡਾਂ ਅਤੇ ਸਕਾਰਾਤਮਿਕ ਕਾਰਜਾਂ ਵੱਲ ਪ੍ਰੇਰਿਤ ਕਰਨਾ ਚਾਹੀਦੀ ਹੈ | ਉਨ੍ਹਾਂ ਨਾਗਰਿਕਾਂ ਨੂੰ ਸੱਦਾ ਦਿੱਤਾ ਕਿ ਉਹ ਅਪਰਾਧ ਮੁਕਤ, ਨਸ਼ਾ ਮੁਕਤ ਅਤੇ ਸੁਰੱਖਿਅਤ ਅਬੋਹਰ ਦੇ ਨਿਰਮਾਣ ਵਿਚ ਆਪਣੀ ਸਰਗਰਮ ਭੂਮਿਕਾ ਯਕੀਨੀ ਬਣਾਉਣ, ਤਾਂ ਜੋ ਸ਼ਹਿਰ ਦੀ ਪਛਾਣ ਸ਼ਾਂਤੀ, ਭਾਈਚਾਰੇ ਅਤੇ ਵਿਕਾਸ ਦੇ ਰੂਪ ਵਿਚ ਬਣੀ ਰਹੇ |