ਫ਼ਾਜ਼ਿਲਕਾ, 15 ਜੂਨ (ਦਵਿੰਦਰ ਪਾਲ ਸਿੰਘ)-ਫ਼ਾਜ਼ਿਲਕਾ ਦੇ ਰੇਲਵੇ ਸਟੇਸ਼ਨ ਨੇੜੇ ਸੈਰ ਕਰ ਰਹੇ ਇਕ ਵਿਅਕਤੀ ਨਾਲ ਲੁੱਟ-ਖੋਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਵਾਰਦਾਤ ਦੌਰਾਨ ਪੀੜਤ ਵਲੋਂ ਰੌਲਾ ਪਾਉਣ ‘ਤੇ ਇਕੱਠੇ ਹੋਏ ਸਥਾਨਕ ਲੋਕਾਂ ਨੇ ਮੁਸਤੈਦੀ ਦਿਖਾਉਂਦੇ ਹੋਏ ਪਿੱਛਾ ਕਰਕੇ ਦੋ ਮੁਲਜ਼ਮਾਂ ਨੂੰ ਮੌਕੇ ‘ਤੇ ਹੀ ਦਬੋਚ ਲਿਆ। ਸੂਚਨਾ ਮਿਲਣ ‘ਤੇ ਸਥਾਨਕ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਦੋਵਾਂ ਮੁਲਜ਼ਮਾਂ ਨੂੰ ਹਿਰਾਸਤ ਵਿਚ ਲੈ ਲਿਆ ਹੈ। ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਪੀੜਤ ਪ੍ਰਸ਼ੋਤਮ ਕੁਮਾਰ ਨੇ ਦੱਸਿਆ ਕਿ ਰੇਲਵੇ ਸਟੇਸ਼ਨ ਦੇ ਕੋਲ ਸੈਰ ਕਰ ਰਹੇ ਸਨ। ਇਸੇ ਦੌਰਾਨ ਅਚਾਨਕ ਪਿੱਛੋਂ ਚਾਰ-ਪੰਜ ਨੌਜਵਾਨ ਆਏ ਅਤੇ ਉਨ੍ਹਾਂ ਨੂੰ ਜਕੜ ਲਿਆ। ਜਦੋਂ ਉਨ੍ਹਾਂ ਨੇ ਰੌਲਾ ਪਾਉਣ ਦੀ ਕੋਸ਼ਿਸ਼ ਕੀਤੀ ਤਾਂ ਲੁਟੇਰਿਆਂ ਨੇ ਉਨ੍ਹਾਂ ਦਾ ਮੂੰਹ ਬੰਦ ਕਰ ਦਿੱਤਾ ਅਤੇ ਜੇਬ ਵਿਚੋਂ ਪਰਸ ‘ਤੇ ਮੋਬਾਈਲ ਫ਼ੋਨ ਖੋਹ ਕੇ ਫ਼ਰਾਰ ਹੋ ਗਏ। ਪ੍ਰਸ਼ੋਤਮ ਕੁਮਾਰ ਵਲੋਂ ਵਾਰਦਾਤ ਤੋਂ ਬਾਅਦ ਉੱਚੀ-ਉੱਚੀ ਰੌਲਾ ਪਾਉਣ ‘ਤੇ ਆਸ-ਪਾਸ ਦੇ ਲੋਕ ਇਕੱਠੇ ਹੋ ਗਏ ਅਤੇ ਉਨ੍ਹਾਂ ਨੇ ਭੱਜ ਰਹੇ ਲੁਟੇਰਿਆਂ ਦਾ ਪਿੱਛਾ ਕੀਤਾ। ਲੋਕਾਂ ਨੇ ਫ਼ਿਰਨੀ ਰੋਡ ‘ਤੇ ਦੋ ਮੁਲਜ਼ਮਾਂ ਨੂੰ ਘੇਰ ਕੇ ਫੜ ਲਿਆ। ਗ਼ੁੱਸੇ ਵਿਚ ਆਏ ਲੋਕਾਂ ਨੇ ਫੜੇ ਗਏ ਮੁਲਜ਼ਮਾਂ ਦੀ ਜੰਮ ਕੇ ਕੁੱਟਮਾਰ ਕੀਤੀ ਅਤੇ ਬਾਅਦ ਵਿਚ ਪੁਲਿਸ ਨੂੰ ਬੁਲਾ ਕੇ ਉਨ੍ਹਾਂ ਦੇ ਹਵਾਲੇ ਕਰ ਦਿੱਤਾ। ਸਥਾਨਕ ਨਿਵਾਸੀਆਂ ਅਤੇ ਪੀੜਤ ਵਲੋਂ ਪੁਲਿਸ ਪ੍ਰਸ਼ਾਸਨ ਤੋਂ ਇਸ ਮਾਮਲੇ ਵਿਚ ਲੁੱਟ-ਖੋਹ ਕਰਨ ਵਾਲੇ ਬਾਕੀ ਮੁਲਜ਼ਮਾਂ ਨੂੰ ਜਲਦ ਗ੍ਰਿਫ਼ਤਾਰ ਕਰਕੇ ਸਖ਼ਤ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਉਣ ਦੀ ਮੰਗ ਕੀਤੀ ਜਾ ਰਹੀ ਹੈ।