08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-06-2026

ਜਲਾਲਾਬਾਦ ਨਗਰ ਕੌਂਸਲ ਚੋਣਾਂ ਵਿਚ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਨੇ ਆਪਣੇ ਉਮੀਦਵਾਰਾਂ ਦੇ ਹੱਕ ’ਚ ਲਗਾਈ ਸਿਰ ਧੜ ਦੀ ਬਾਜ਼ੀ

Ad Position 21
No active advertisement
ਅਜੀਤ ਡੈਸਕ 30-06-2026
ਫ਼ਾਜ਼ਿਲਕਾ, 29 ਜੂਨ (ਦਵਿੰਦਰ ਪਾਲ ਸਿੰਘ)-ਜਲਾਲਾਬਾਦ ਨਗਰ ਕੌਂਸਲ ਦੀਆਂ ਹੋ ਰਹੀਆਂ ਆਮ ਚੋਣਾਂ ਨੂੰ ਲੈ ਕੇ ਸ਼ਹਿਰ ਅੰਦਰ ਸਿਆਸੀ ਸਰਗਰਮੀਆਂ ਪੂਰੇ ਜੋਬਨ ’ਤੇ ਹਨ। ਚੋਣ ਮੈਦਾਨ ਵਿਚ ਨਿੱਤਰੇ ਵੱਖ-ਵੱਖ ਸਿਆਸੀ ਪਾਰਟੀਆਂ ਦੇ ਉਮੀਦਵਾਰਾਂ ਅਤੇ ਆਜ਼ਾਦ ਉਮੀਦਵਾਰਾਂ ਵਲੋਂ ਆਪਣੀ ਜਿੱਤ ਯਕੀਨੀ ਬਣਾਉਣ ਲਈ ਦਿਨ-ਰਾਤ ਇਕ ਕੀਤਾ ਜਾ ਰਿਹਾ ਹੈ। ਸ਼ਹਿਰ ਦੇ ਵੱਖ-ਵੱਖ ਵਾਰਡਾਂ ਵਿਚ ਉਮੀਦਵਾਰਾਂ ਵਲੋਂ ਚਲਾਏ ਜਾ ਰਹੇ ਚੋਣ ਪ੍ਰਚਾਰ, ਨੁੱਕੜ ਮੀਟਿੰਗਾਂ ਅਤੇ ਜਲਸਿਆਂ ਕਾਰਨ ਚੋਣ ਅਖਾੜਾ ਪੂਰੀ ਤਰ੍ਹਾਂ ਭਖ ਚੁੱਕਾ ਹੈ। ਚੋਣਾਂ ਦੇ ਐਲਾਨ ਤੋਂ ਬਾਅਦ ਹਰ ਵਾਰਡ ਦੀਆਂ ਗਲੀਆਂ, ਮੋੜਾਂ ਅਤੇ ਸਾਂਝੀਆਂ ਥਾਵਾਂ ’ਤੇ ਚੋਣ ਸਰਗਰਮੀਆਂ ਸਾਫ਼ ਦੇਖਣ ਨੂੰ ਮਿਲ ਰਹੀਆਂ ਹਨ। ਵੱਖ-ਵੱਖ ਪਾਰਟੀਆਂ ਦੇ ਉਮੀਦਵਾਰਾਂ ਵਲੋਂ ਰੋਜ਼ਾਨਾ ਦਰਜਨਾਂ ਦੀ ਗਿਣਤੀ ਵਿਚ ਨੁੱਕੜ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ, ਜਿੱਥੇ ਉਹ ਵੋਟਰਾਂ ਦੇ ਸਨਮੁੱਖ ਹੋ ਕੇ ਆਪਣੇ ਵਿਕਾਸ ਏਜੰਡੇ ਰੱਖ ਰਹੇ ਹਨ। ਉਮੀਦਵਾਰਾਂ ਵਲੋਂ ਸਵੇਰ ਤੋਂ ਲੈ ਕੇ ਦੇਰ ਰਾਤ ਤੱਕ ਘਰ-ਘਰ ਜਾ ਕੇ ਵੋਟਾਂ ਮੰਗੀਆਂ ਜਾ ਰਹੀਆਂ ਹਨ ਅਤੇ ਬਜ਼ੁਰਗਾਂ ਤੋਂ ਆਸ਼ੀਰਵਾਦ ਲਿਆ ਜਾ ਰਿਹਾ ਹੈ। ਇਨ੍ਹਾਂ ਨੁੱਕੜ ਮੀਟਿੰਗਾਂ ਅਤੇ ਜਲਸਿਆਂ ਦੌਰਾਨ ਸ਼ਹਿਰ ਦੀ ਬਦਹਾਲ ਸਫ਼ਾਈ ਵਿਵਸਥਾ, ਪੀਣ ਵਾਲੇ ਸਾਫ਼ ਪਾਣੀ ਦੀ ਸਪਲਾਈ, ਗਲੀਆਂ-ਨਾਲੀਆਂ ਦੀ ਮੁਰੰਮਤ, ਸਟਰੀਟ ਲਾਈਟਾਂ ਅਤੇ ਸੀਵਰੇਜ ਦੀ ਸਮੱਸਿਆ ਮੁੱਖ ਮੁੱਦੇ ਬਣੇ ਹੋਏ ਹਨ। ਵਿਰੋਧੀ ਪਾਰਟੀਆਂ ਦੇ ਉਮੀਦਵਾਰ ਮੌਜੂਦਾ ਪ੍ਰਸ਼ਾਸਨ ਅਤੇ ਸਾਬਕਾ ਨੁਮਾਇੰਦਿਆਂ ਦੀਆਂ ਨਾਕਾਮੀਆਂ ਨੂੰ ਉਭਾਰ ਰਹੇ ਹਨ। ਇਨ੍ਹਾਂ ਚੋਣਾ ਵਿਚ ਆਮ ਆਦਮੀ ਪਾਰਟੀ ਵਲੋਂ ਹਲਕਾ ਵਿਧਾਇਕ ਜਗਦੀਪ ਕੰਬੋਜ ਗੋਲਡੀ, ਮਾਰਕੀਟ ਕਮੇਟੀ ਦੇ ਚੇਅਰਮੈਨ ਦੇਵਰਾਜ ਸ਼ਰਮਾ, ਆਪ ਦੇ ਸੀਨੀਅਰ ਆਗੂ ਜਰਨੈਲ ਸਿੰਘ ਮੁਖ਼ੀਜਾ ਤੋਂ ਇਲਾਵਾ ਵਿਧਾਇਕ ਦੀ ਪਤਨੀ ਸ੍ਰੀਮਤੀ ਸੋਬੀਆ ਕੰਬੋਜ ਉਮੀਦਵਾਰਾਂ ਦੇ ਹੱਕ ਵਿਚ ਡਟੇ ਹੋਏ ਹਨ। ਉਹ ਹਲਕੇ ਦੇ ਵਿਕਾਸ ’ਚ ਕੀਤੇ ਕਾਰਜਾਂ ਦਾ ਹਵਾਲਾ ਦੇ ਕੇ ਵੋਟਾਂ ਦੀ ਮੰਗ ਕਰ ਰਹੇ ਹਨ। ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਦੀ ਚੋਣ ਮੁਹਿੰਮ ਹਲਕਾ ਇੰਚਾਰਜ ਸਤਿੰਦਰਜੀਤ ਸਿੰਘ ਮੰਟਾ ਨੇ ਸੰਭਾਲੀ ਹੋਈ ਹੈ। ਉਹ ਆਪਣੇ ਨਾਲ ਹਲਕੇ ਦੇ ਹੋਰ ਸੀਨੀਅਰ ਆਗੂਆਂ ਪ੍ਰੇਮ ਵਲੇਚਾ, ਸਾਬਕਾ ਜ਼ਿਲ੍ਹਾ ਪ੍ਰਧਾਨ ਜਗਸੀਰ ਸਿੰਘ ਬੱਬੂ ਜੈਮਲ ਵਾਲਾ, ਹਰਜੀਤ ਸਿੰਘ ਹੀਰਾ ਅਰਨੀਵਾਲਾ, ਗੁਰਵੈਦ ਸਿੰਘ ਕਾਠਗੜ੍ਹ ਆਦਿ ਉਨ੍ਹਾਂ ਦੀ ਚੋਣ ਮੁਹਿੰਮ ਨੂੰ ਭਖਾ ਰਹੇ ਹਨ। ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਭਾਵੇਂ ਇਕ ਸੁਰ ਵਿਚ ਨਹੀਂ ਹਨ ਪਰ ਉਮੀਦਵਾਰਾਂ ਦੀ ਮਦਦ ਵੱਖਰੇ-ਵੱਖਰੇ ਤੌਰ ’ਤੇ ਜਾ ਕੇ ਕਰ ਰਹੇ ਹਨ। ਕਾਂਗਰਸ ਦੀ ਚੋਣ ਮੁਹਿੰਮ ਸਾਬਕਾ ਮੰਤਰੀ ਹੰਸਰਾਜ ਜੋਸਨ, ਕਾਂਗਰਸ ਦੇ ਸੂਬਾ ਬੀ.ਸੀ.ਵਿੰਗ ਦੇ ਪ੍ਰਧਾਨ ਰਾਜ ਬਖ਼ਸ਼ ਕੰਬੋਜ, ਸਾਬਕਾ ਵਿਧਾਇਕ ਰਮਿੰਦਰ ਆਵਲਾ ਸਾਰੇ ਆਗੂ ਆਪਣੇ ਸਾਥੀਆਂ ਨੂੰ ਨਾਲ ਲੈ ਕੇ ਕਾਂਗਰਸ ਪਾਰਟੀ ਵਲੋਂ ਆਪਣੇ ਕਾਰਜਕਾਲ ਸਮੇਂ ਕੀਤੇ ਵਿਕਾਸ ਕੰਮਾਂ ਅਤੇ ਸੱਤਾਧਾਰੀ ਪਾਰਟੀ ਵਲੋਂ ਕੀਤੇ ਵਾਅਦਿਆਂ ਨੂੰ ਪੂਰਾ ਨਾ ਕਰਨ ਦੇ ਦੋਸ਼ ਲਗਾ ਰਹੇ ਹਨ। ਭਾਜਪਾ ਵਲੋਂ ਪਾਰਟੀ ਉਮੀਦਵਾਰਾਂ ਦੀ ਚੋਣ ਮੁਹਿੰਮ ਜ਼ਿਲ੍ਹਾ ਪ੍ਰਧਾਨ ਸੁਖਵਿੰਦਰ ਸਿੰਘ ਕਾਕਾ ਕੰਬੋਜ ਨੇ ਸੰਭਾਲੀ ਹੋਈ ਹੈ। ਉਹ ਭਾਜਪਾ ਦੇ ਗੁਆਂਢੀ ਹਲਕਿਆਂ ਤੋਂ ਵਰਕਰਾਂ ਨੂੰ ਬੁਲਾ ਕੇ ਰਿਸ਼ਤੇਦਾਰਾਂ ਦੇ ਘਰ ਭੇਜ ਰਹੇ ਹਨ। ਸਿਆਸੀ ਮਾਹਿਰਾਂ ਮੁਤਾਬਿਕ ਇਸ ਵਾਰ ਦਾ ਚੋਣ ਮੁਕਾਬਲਾ ਕਾਫ਼ੀ ਦਿਲਚਸਪ ਅਤੇ ਫਸਵਾਂ ਹੋਣ ਦੀ ਉਮੀਦ ਹੈ, ਕਿਉਂਕਿ ਕਈ ਵਾਰਡਾਂ ਵਿਚ ਆਜ਼ਾਦ ਉਮੀਦਵਾਰ ਮੁੱਖ ਪਾਰਟੀਆਂ ਦੇ ਸਮੀਕਰਨ ਵਿਗਾੜ ਰਹੇ ਹਨ। ਜ਼ਮੀਨੀ ਪੱਧਰ ’ਤੇ ਕੀਤੀਆਂ ਜਾ ਰਹੀਆਂ ਨੁੱਕੜ ਮੀਟਿੰਗਾਂ ਦੇ ਨਾਲ-ਨਾਲ ਉਮੀਦਵਾਰਾਂ ਵਲੋਂ ਡਿਜੀਟਲ ਮੀਡੀਆ ਦਾ ਵੀ ਭਰਪੂਰ ਸਹਾਰਾ ਲਿਆ ਜਾ ਰਿਹਾ ਹੈ। ਜਿਵੇਂ-ਜਿਵੇਂ ਮਤਦਾਨ ਦੇ ਦਿਨ ਨੇੜੇ ਆ ਰਹੇ ਹਨ, ਤਿਵੇਂ-ਤਿਵੇਂ ਉਮੀਦਵਾਰਾਂ ਦੇ ਦਿਲਾਂ ਦੀਆਂ ਧੜਕਣਾਂ ਵਧਦੀਆਂ ਜਾ ਰਹੀਆਂ ਹਨ ਅਤੇ ਸ਼ਹਿਰ ਵਾਸੀਆਂ ਵਿਚ ਵੀ ਇਸ ਚੋਣ ਨੂੰ ਲੈ ਕੇ ਭਾਰੀ ਉਤਸ਼ਾਹ ਦੇਖਿਆ ਜਾ ਰਿਹਾ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਜਲਾਲਾਬਾਦ ਦੇ ਸੂਝਵਾਨ ਵੋਟਰ ਨਗਰ ਕੌਂਸਲ ਦੀ ਚਾਬੀ ਕਿਸ ਪਾਰਟੀ ਜਾਂ ਉਮੀਦਵਾਰ ਦੇ ਹੱਥ ਸੌਂਪਦੇ ਹਨ।
Ad Position 22
No active advertisement
ਪਿਛਲੀ ਖ਼ਬਰ ਦੂਜੇ ਦਿਨ ਅਬੋਹਰ ’ਚ 6492 ਬੱਚਿਆਂ ਨੂੰ ਪਿਲਾਈਆਂ ਪੋਲੀਓ ਰੋਕੂ ਬੂੰਦਾਂ- ਐੱਸ.ਐਮ.ਓ ਡਾ. ਸੁਮੀਤ ਸਿੰਘ ਅਗਲੀ ਖ਼ਬਰ ਬਿਜਲੀ ਅਧਿਕਾਰੀ ਵਲੋਂ ਵਿਸ਼ਵਾਸ ਦਿਵਾਉਣ ’ਤੇ ਕਿਸਾਨਾਂ ਵਲੋਂ ਮੰਤਰੀ ਈ. ਟੀ. ਓ. ਦੇ ਘਰ ਦਾ ਘਿਰਾਓ ਮੁਲਤਵੀ
Ad Position 24