ਫ਼ਾਜ਼ਿਲਕਾ, 29 ਜੂਨ (ਅਮਰਜੀਤ ਸ਼ਰਮਾ)-ਆਤਮ ਵੱਲਭ ਵਿਦਿਆਲਿਆ ਵਿਚ ਆਯੋਜਿਤ ‘ਨਵ-ਚੇਤਨਾ’ ਸਮਰ ਕੈਂਪ ਹੁਨਰ-ਕ੍ਰਾਂਤੀ ਦਾ ਕੇਂਦਰ ਬਣ ਕੇ ਸਮਾਪਤ ਹੋਇਆ। ਜਿਸ ਨੇ ਵਿਦਿਆਰਥੀਆਂ ਦੀ ਸ਼ਖ਼ਸੀਅਤ ਨੂੰ ਇਕ ਨਵੀਂ ਦਿਸ਼ਾ ਦਿੱਤੀ ਹੈ। ਸਕੂਲ ਵਿਚ ਅਨੁਭਵੀ ਸਿੱਖਿਆ ਗਤੀਵਿਧੀਆਂ ਦਾ ਇਕ ਪ੍ਰੇਰਨਾਦਾਇਕ ਆਯੋਜਨ ਕੀਤਾ ਗਿਆ, ਜਿਸ ਦਾ ਮੁੱਖ ਉਦੇਸ਼ ‘ਰਾਸ਼ਟਰੀ ਸਿੱਖਿਆ ਨੀਤੀ 2020’ ਦੇ ਅਨੁਸਾਰ ਵਿਦਿਆਰਥੀਆਂ ਵਿਚ ਸਿਰਜਣਾਤਮਿਕਤਾ, ਆਤਮ-ਨਿਰਭਰਤਾ, ਲੀਡਰਸ਼ਿਪ ਦੇ ਗੁਣ ਅਤੇ ਜੀਵਨ-ਉਪਯੋਗੀ ਹੁਨਰਾਂ ਦਾ ਵਿਕਾਸ ਕਰਨਾ ਸੀ। ਇਸ ਕੈਂਪ ਨੇ ਵਿਦਿਆਰਥੀਆਂ ਨੂੰ ਕਿਤਾਬੀ ਗਿਆਨ ਦੀਆਂ ਸੀਮਾਵਾਂ ਤੋਂ ਬਾਹਰ ਕੱਢ ਕੇ ‘ਕਰਕੇ ਸਿੱਖਣ’ ਦੇ ਬਿਹਤਰੀਨ ਮੌਕੇ ਪ੍ਰਦਾਨ ਕੀਤੇ। ਕੈਂਪ ਦੌਰਾਨ ਵਿਦਿਆਰਥੀਆਂ ਨੇ ਵੱਖ-ਵੱਖ ਗਤੀਵਿਧੀਆਂ ਵਿਚ ਉਤਸ਼ਾਹ ਨਾਲ ਹਿੱਸਾ ਲਿਆ। ਬੱਚਿਆਂ ਨੇ ਨਾਟਕ ਦੀ ਪੇਸ਼ਕਾਰੀ ਰਾਹੀਂ ਸਦਾਚਾਰ ਅਤੇ ਮਨੁੱਖੀ ਸੰਵੇਦਨਾਵਾਂ ਦਾ ਇੱਕ ਮਜ਼ਬੂਤ ਸੰਦੇਸ਼ ਦਿੱਤਾ। ਕੈਂਪ ਦੇ ਸਮਾਪਤੀ ਸਮਾਰੋਹ ’ਤੇ ਸਕੂਲ ਦੀ ਪ੍ਰਿੰਸੀਪਲ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ‘ਨਵ-ਚੇਤਨਾ’ ਕੈਂਪ ਸਿਰਫ਼ ਮਨੋਰੰਜਨ ਦਾ ਸਾਧਨ ਨਹੀਂ ਸੀ, ਸਗੋਂ ਇਹ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਦਾ ਇਕ ਮਜ਼ਬੂਤ ਮੰਚ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਸਕੂਲ ਦਾ ਉਦੇਸ਼ ਸਿਰਫ਼ ਪ੍ਰੀਖਿਆ-ਕੇਂਦ੍ਰਿਤ ਸਿੱਖਿਆ ਦੇਣਾ ਨਹੀਂ, ਸਗੋਂ ਬੱਚਿਆਂ ਨੂੰ ਜੀਵਨ ਦੀਆਂ ਅਸਲ ਚੁਨੌਤੀਆਂ ਦਾ ਸਾਹਮਣਾ ਕਰਨ ਦੇ ਯੋਗ, ਸੰਵੇਦਨਸ਼ੀਲ ਅਤੇ ਆਤਮ-ਨਿਰਭਰ ਬਣਾਉਣਾ ਹੈ। ਪ੍ਰਿੰਸੀਪਲ ਅਨੁਸਾਰ ਅਸਲ ਸਿੱਖਿਆ ਉਦੋਂ ਹੀ ਸ਼ੁਰੂ ਹੁੰਦੀ ਹੈ ਜਦੋਂ ਵਿਦਿਆਰਥੀ ਖ਼ੁਦ ਪ੍ਰਯੋਗ ਅਤੇ ਸਿਰਜਣਾ ਕਰਦੇ ਹਨ। ਇਸ ਕੈਂਪ ਨੇ ਸਾਬਤ ਕਰ ਦਿੱਤਾ ਹੈ ਕਿ ਸਿੱਖਿਆ ਦਾ ਅਸਲ ਰੂਪ ਅਨੁਭਵ ਅਤੇ ਹੁਨਰ ਵਿਕਾਸ ਵਿਚ ਹੀ ਸਮਾਇਆ ਹੋਇਆ ਹੈ।