ਫ਼ਾਜ਼ਿਲਕਾ, 30 ਜੂਨ (ਦਵਿੰਦਰ ਪਾਲ ਸਿੰਘ)-ਮੀਰੀ ਅਤੇ ਪੀਰੀ ਦੇ ਮਾਲਕ ਛੇਵੇਂ ਪਾਤਿਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਰਜਿ. ਫ਼ਾਜ਼ਿਲਕਾ ਵਿਖੇ ਸੰਗਤਾਂ ਵਲੋਂ ਸ਼ਰਧਾਪੂਰਵਕ ਮਨਾਇਆ ਗਿਆ। ਅੰਮ੍ਰਿਤ ਵੇਲੇ ਤੋਂ ਹੀ ਸੰਗਤਾਂ ਗੁਰੂ ਘਰ ਨਤਮਸਤਕ ਹੋਣੀਆਂ ਸ਼ੁਰੂ ਹੋ ਗਈਆਂ। ਇਲਾਕੇ ਭਰ ਦੀਆਂ ਸੰਗਤਾਂ ਨੇ ਇਨ੍ਹਾਂ ਸਮਾਗਮਾਂ ਵਿਚ ਸ਼ਿਰਕਤ ਕੀਤੀ। ਅੰਮ੍ਰਿਤ ਵੇਲੇ ਪੰਜ ਬਾਣੀਆਂ ਦੇ ਨਿੱਤ ਨੇਮਾਂ ਨਾਲ ਪ੍ਰੋਗਰਾਮ ਦੀ ਸ਼ੁਰੂਆਤ ਹੋਈ। ਇਨ੍ਹਾਂ ਸਮਾਗਮਾਂ ਅੰਦਰ ਭਾਈ ਹਰਸਿਮਰਨਜੀਤ ਸਿੰਘ ਨੇ ਕਥਾ ਦਾ ਪ੍ਰਵਾਹ ਚਲਾਉਂਦਿਆਂ ਗੁਰੂ ਜੀ ਦੇ ਜੀਵਨ ਬਾਰੇ ਵਿਸਥਾਰਪੂਰਵਕ ਚਾਨਣਾ ਪਾਇਆ। ਉਨ੍ਹਾਂ ਨੇ ਮੀਰੀ ਅਤੇ ਪੀਰੀ ਦੇ ਸਿਧਾਂਤ ਸਬੰਧੀ ਵੀ ਸੰਗਤਾਂ ਨੂੰ ਜਾਣੂ ਕਰਵਾਇਆ। ਇਸ ਉਪਰੰਤ ਮਾਤਾ ਗੁਜ਼ਰ ਕੌਰ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਦੀਆਂ ਬੀਬੀਆਂ ਵਲੋਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸ਼ੁਰੂ ਕੀਤੇ ਸ੍ਰੀ ਸੁਖਮਨੀ ਸਾਹਿਬ ਦੇ ਪਾਠਾਂ ਦੀ ਲੜੀ ਦੇ ਭੋਗ ਪਾਏ ਗਏ। ਇਸ ਉਪਰੰਤ ਹਜ਼ੂਰੀ ਕਥਾ ਵਾਚਕ ਭਾਈ ਜਸਪ੍ਰੀਤ ਸਿੰਘ ਦੇ ਜਥੇ ਨੇ ਗੁਰਬਾਣੀ ਦੀ ਅੰਮ੍ਰਿਤ ਵਰਖਾ ਕੀਤੀ। ਇਨ੍ਹਾਂ ਸਮਾਗਮਾਂ ਅੰਦਰ ਭਾਈ ਕੰਵਲਜੀਤ ਸਿੰਘ ਮੈਨੇਜਰ, ਭਾਈ ਜਰਨੈਲ ਸਿੰਘ ਮੀਤ ਮੈਨੇਜਰ, ਭਾਈ ਦਵਿੰਦਰ ਸਿੰਘ ਮੁੱਖ ਸੇਵਾਦਾਰ, ਡਾ.ਬਲਬੀਰ ਸਿੰਘ, ਅਮਰਜੀਤ ਸਿੰਘ ਸੰਧੂ, ਪ੍ਰਭਜੀਤ ਸਿੰਘ ਕਾਠਪਾਲ, ਨਰੈਣ ਸਿੰਘ ਬੈਂਕ ਵਾਲੇ, ਇੰਦਰਜੀਤ ਸਿੰਘ ਅਹੂਜਾ, ਅਮਰ ਸਿੰਘ ਕਾਠਪਾਲ, ਪਰਮਜੀਤ ਸਿੰਘ ਫਾਰਮਾਸਿਸਟ, ਮਨਜੀਤ ਬਾਂਗਾਂ, ਦਵਿੰਦਰ ਸਿੰਘ ਬਰਾੜ, ਭਾਈ ਅਮਰੀਕ ਸਿੰਘ, ਪ੍ਰਿੰਸੀਪਲ ਨਰਿੰਦਰ ਸਿੰਘ, ਪ੍ਰੀਤਮ ਸਿੰਘ, ਅਰਸ਼ਦੀਪ ਸਿੰਘ, ਮਾ.ਸਰਬਜੀਤ ਸਿੰਘ, ਮਾ.ਸਹਿਜਪਾਲ ਸਿੰਘ, ਜੋਗਿੰਦਰ ਸਿੰਘ ਨਾਮਧਾਰੀ, ਰਘਬੀਰ ਸਿੰਘ ਸ਼ਾਹ, ਹਰਮਿੰਦਰ ਸਿੰਘ ਤਨੇਜਾ, ਸੁਖਵਿੰਦਰ ਸਿੰਘ ਤਨੇਜਾ, ਬਲਜੀਤ ਸਿੰਘ ਤਨੇਜਾ ਆਦਿ ਨੇ ਪੂਰਨ ਸੇਵਾ ਨਿਭਾਈ। ਸਮਾਪਤੀ ਉਪਰੰਤ ਮਿੱਸੇ ਪ੍ਰਸ਼ਾਦੇ, ਮੱਖਣ, ਦਹੀਂ, ਲੱਸੀ, ਅਚਾਰ ਦੇ ਲੰਗਰ ਅਤੁੱਟ ਵਰਤੇ।