ਮੰਡੀ ਘੁਬਾਇਆ, 30 ਜੂਨ (ਅਮਨ ਬਵੇਜਾ)-ਝੋਨੇ ਦੀ ਲਵਾਈ ਦੇ ਸੀਜ਼ਨ ਦੌਰਾਨ ਪਿੰਡ ਜੱਲਾ ਲੱਖੇ ਕੇ ਹਿਠਾੜ ਦੇ ਕਿਸਾਨ ਪਾਣੀ ਅਤੇ ਬਿਜਲੀ ਦੀ ਘਾਟ ਕਾਰਨ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰ ਰਹੇ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਸਮੇਂ ਸਿਰ ਸਿੰਚਾਈ ਲਈ ਨਾ ਤਾਂ ਨਹਿਰੀ ਪਾਣੀ ਮਿਲ ਰਿਹਾ ਹੈ ਅਤੇ ਨਾ ਹੀ ਖੇਤੀ ਮੋਟਰਾਂ ਲਈ ਲੋੜੀਂਦੀ ਬਿਜਲੀ ਸਪਲਾਈ ਹੋ ਰਹੀ ਹੈ। ਇਸ ਕਾਰਨ ਨਵੇਂ ਲਗਾਏ ਝੋਨੇ ਦੀ ਫ਼ਸਲ ਸੁੱਕਣ ਲੱਗ ਪਈ ਹੈ, ਜਿਸ ਨਾਲ ਕਿਸਾਨਾਂ ਦੀਆਂ ਚਿੰਤਾਵਾਂ ਵਧ ਗਈਆਂ ਹਨ। ਪਿੰਡ ਜੱਲਾ ਲੱਖੇ ਕੇ ਹਿਠਾੜ ਦੇ ਕਿੱਕਰ ਸਿੰਘ, ਮਨਜੀਤ ਸਿੰਘ ਅਤੇ ਗੁਰਪ੍ਰਤਾਪ ਸਿੰਘ ਆਦਿ ਕਿਸਾਨਾਂ ਨੇ ਦੱਸਿਆ ਕਿ ਝੋਨੇ ਦੀ ਫ਼ਸਲ ਨੂੰ ਸ਼ੁਰੂਆਤੀ ਦਿਨਾਂ ਵਿਚ ਲਗਾਤਾਰ ਪਾਣੀ ਦੀ ਲੋੜ ਹੁੰਦੀ ਹੈ ਪਰ ਬਿਜਲੀ ਦੀ ਪੂਰੀ ਸਪਲਾਈ ਅਤੇ ਨਹਿਰਾਂ ਵਿਚ ਪਾਣੀ ਦੀ ਕਮੀ ਕਾਰਨ ਉਹ ਸਮੇਂ ਸਿਰ ਸਿੰਚਾਈ ਨਹੀਂ ਕਰ ਪਾ ਰਹੇ। ਕਈ ਖੇਤਾਂ ਵਿਚ ਝੋਨੇ ਦੀ ਪਨੀਰੀ ਪੀਲੀ ਪੈਣ ਲੱਗੀ ਹੈ ਅਤੇ ਕੁੱਝ ਥਾਵਾਂ ’ਤੇ ਪੌਦੇ ਸੁੱਕਣੇ ਵੀ ਸ਼ੁਰੂ ਹੋ ਗਏ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਸਰਕਾਰ ਵੱਲੋਂ ਅੱਠ ਘੰਟੇ ਬਿਜਲੀ ਦੇਣ ਦੇ ਦਾਅਵੇ ਕੀਤੇ ਜਾਂਦੇ ਹਨ ਪਰ ਹਕੀਕਤ ਵਿਚ ਕਈ ਵਾਰ ਬਿਜਲੀ ਪੂਰੀ ਨਹੀਂ ਮਿਲਦੀ। ਵਾਰ-ਵਾਰ ਕੱਟ ਲੱਗਣ ਕਾਰਨ ਮੋਟਰਾਂ ਵੀ ਠੀਕ ਢੰਗ ਨਾਲ ਨਹੀਂ ਚੱਲਦੀਆਂ। ਇਲਾਕੇ ਦੇ ਕਿਸਾਨਾਂ ਨੇ ਦੱਸਿਆ ਕਿ ਖੇਤੀ ਪਹਿਲਾਂ ਹੀ ਮਹਿੰਗੀ ਹੋ ਚੁੱਕੀ ਹੈ। ਖਾਦ, ਬੀਜ ਅਤੇ ਡੀਜ਼ਲ ਦੀਆਂ ਵਧਦੀਆਂ ਕੀਮਤਾਂ ਨੇ ਉਨ੍ਹਾਂ ਤੇ ਆਰਥਿਕ ਬੋਝ ਵਧਾ ਦਿੱਤਾ ਹੈ। ਹੁਣ ਜੇਕਰ ਪਾਣੀ ਅਤੇ ਬਿਜਲੀ ਦੀ ਸਮੱਸਿਆ ਵੀ ਜਾਰੀ ਰਹੀ ਤਾਂ ਝੋਨੇ ਦੀ ਪੈਦਾਵਾਰ ਪ੍ਰਭਾਵਿਤ ਹੋ ਸਕਦੀ ਹੈ, ਜਿਸ ਨਾਲ ਉਨ੍ਹਾਂ ਨੂੰ ਭਾਰੀ ਆਰਥਿਕ ਨੁਕਸਾਨ ਝੱਲਣਾ ਪਵੇਗਾ। ਕਿਸਾਨਾਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਸਮੇਂ ਸਿਰ ਸਮੱਸਿਆ ਦਾ ਹੱਲ ਨਾ ਕੀਤਾ ਗਿਆ ਤਾਂ ਝੋਨੇ ਦੀ ਫ਼ਸਲ ਪ੍ਰਭਾਵਿਤ ਹੋ ਸਕਦੀ ਹੈ।ਕਿਸਾਨਾਂ ਨੇ ਮੰਗ ਕੀਤੀ ਕਿ ਉਨ੍ਹਾਂ ਨੂੰ ਪੂਰੀ ਬਿਜਲੀ ਅਤੇ ਖੇਤੀ ਲਈ ਪਾਣੀ ਮੁਹੱਈਆ ਕਰਵਾਇਆ ਜਾਵੇ।