ਫ਼ਾਜ਼ਿਲਕਾ, 30 ਜੂਨ (ਦਵਿੰਦਰ ਪਾਲ ਸਿੰਘ)–ਸਿਵਲ ਸਰਜਨ ਫ਼ਾਜ਼ਿਲਕਾ ਡਾ.ਕਵਿਤਾ ਸਿੰਘ ਦੇ ਨਿਰਦੇਸ਼ਾਂ, ਜ਼ਿਲ੍ਹਾ ਟੀਕਾਕਰਨ ਅਧਿਕਾਰੀ ਡਾ.ਰਿੰਕੂ ਚਾਵਲਾ ਅਤੇ ਸੀਨੀਅਰ ਮੈਡੀਕਲ ਅਫ਼ਸਰ ਡਾ.ਸੁਮੀਤ ਸਿੰਘ ਦੀ ਨਿਗਰਾਨੀ ਹੇਠ ਅਬੋਹਰ ਦੇ ਸਰਕਾਰੀ ਹਸਪਤਾਲ ਵਿਖੇ ਐੱਚ.ਪੀ.ਵੀ ਵੈਕਸੀਨੇਸ਼ਨ ਮੁਹਿੰਮ ਲਗਾਤਾਰ ਜਾਰੀ ਹੈ। ਸਿਵਲ ਹਸਪਤਾਲ ਵਿਚ ਕੀਤੇ ਗਏ ਐੱਚ.ਪੀ.ਵੀ ਟੀਕਾਕਰਨ ਦੌਰਾਨ ਡਾ.ਸੁਮੀਤ ਸਿੰਘ ਨੇ ਇਸ ਬਾਰੇ ਦੱਸਿਆ ਕਿ ਐੱਚ.ਪੀ.ਵੀ ਟੀਕਾ 14 ਤੋਂ 15 ਸਾਲ ਦੀ ਉਮਰ ਦੀਆਂ ਕੁੜੀਆਂ ਨੂੰ ਸਰਵਾਈਕਲ ਕੈਂਸਰ ਤੋਂ ਬਚਾਅ ਲਈ ਲਗਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਐੱਚ.ਪੀ.ਵੀ ਟੀਕਾਕਰਨ ਮਾਪਿਆਂ ਵਲੋਂ ਆਪਣੀ ਧੀਆਂ ਨੂੰ ਦਿੱਤੀ ਜਾਣ ਵਾਲੀ ਇੱਕ ਸੌਗਾਤ ਹੈ ਜੋ ਬੱਚੀਆਂ ਨੂੰ ਕੈਂਸਰ ਜਿਹੀ ਨਾਮੁਰਾਦ ਬਿਮਾਰੀ ਤੋਂ ਸੁਰੱਖਿਆ ਪ੍ਰਦਾਨ ਕਰਦੀ ਹੈ। ਮੈਡੀਕਲ ਸਪੈਸ਼ਲਿਸਟ ਡਾ.ਸੁਰੇਸ਼ ਕੰਬੋਜ ਨੇ ਦੱਸਿਆ ਕਿ ਸਰਵਾਈਕਲ ਕੈਂਸਰ ਵਰਗੀਆਂ ਬਿਮਾਰੀਆਂ ਨੂੰ ਰੋਕਣ ਲਈ ਸਮੇਂ ਸਿਰ ਐੱਚ.ਪੀ.ਵੀ ਟੀਕਾਕਰਨ ਸਭ ਤੋਂ ਪ੍ਰਭਾਵਸ਼ਾਲੀ ਤਰੀਕਾ ਹੈ। ਉਨ੍ਹਾਂ ਕਿਹਾ ਕਿ ਇਹ ਜਾਗਰੂਕਤਾ ਅਤੇ ਟੀਕਾਕਰਨ ਮੁਹਿੰਮ ਨਾ ਸਿਰਫ਼ ਬੱਚਿਆਂ ਤੱਕ ਸਗੋਂ ਉਨ੍ਹਾਂ ਦੇ ਪਰਿਵਾਰਾਂ ਤੱਕ ਵੀ ਪਹੁੰਚ ਰਹੀ ਹੈ, ਜਿਸ ਨਾਲ ਵਿਆਪਕ ਸਿਹਤ ਸੁਰੱਖਿਆ ਯਕੀਨੀ ਬਣਾਈ ਜਾ ਰਹੀ ਹੈ। ਹੁਣ ਇਸ ਮੁਹਿੰਮ ਵਿਚ 31 ਅਗਸਤ ਤੱਕ ਦਾ ਵਾਧਾ ਕੀਤਾ ਗਿਆ ਹੈ। ਸਿਹਤ ਕਰਮੀਆਂ ਵਲੋਂ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੀਆਂ ਧੀਆਂ ਦਾ ਸਮੇਂ ਸਿਰ ਟੀਕਾਕਰਨ ਯਕੀਨੀ ਬਣਾਉਣ ਤਾਂ ਜੋ ਹਰ ਬੱਚਾ ਇਸ ਜੀਵਨ-ਰੱਖਿਅਕ ਟੀਕੇ ਦਾ ਲਾਭ ਉਠਾ ਸਕੇ। ਇਸ ਮੌਕੇ ਮਨੋਰੋਗਾਂ ਦੇ ਮਾਹਿਰ ਡਾ. ਮਹੇਸ਼ ਕੁਮਾਰ, ਹੋਮਿਓਪੈਥੀ ਮੈਡੀਕਲ ਅਫ਼ਸਰ ਡਾ. ਮੁਕੇਸ਼ ਸਿੰਘ, ਡਿਪਟੀ ਮਾਸ ਮੀਡੀਆ ਅਫ਼ਸਰ ਮਨਬੀਰ ਸਿੰਘ, ਪੀ.ਪੀ ਯੂਨਿਟ ਤੋਂ ਦਿਨੇਸ਼ ਰਾਣੀ, ਲਖਵਿੰਦਰ ਕੌਰ, ਭਾਰਤ ਸੇਠੀ, ਅੰਕੁਸ਼ ਕੁਮਾਰ ਅਤੇ ਸੰਜੈ ਕੁਮਾਰ ਮੌਜੂਦ ਸਨ।