ਫ਼ਾਜ਼ਿਲਕਾ, 2 ਜੁਲਾਈ (ਦਵਿੰਦਰ ਪਾਲ ਸਿੰਘ)-ਜਲਾਲਾਬਾਦ ਵਿਧਾਨ ਸਭਾ ਹਲਕੇ ਅੰਦਰ ਨਗਰ ਕੌਂਸਲ ਦੀਆਂ ਚੋਣਾਂ ਨੂੰ ਲੈ ਕੇ ਸਿਆਸੀ ਪਾਰਾ ਪੂਰੀ ਤਰ੍ਹਾਂ ਗਰਮਾ ਚੁੱਕਾ ਹੈ। ਵੋਟਾਂ ਪੈਣ ਦੇ ਕੰਮ ਵਿਚ ਹੁਣ ਸਿਰਫ਼ 3 ਦਿਨਾਂ ਦਾ ਸਮਾਂ ਬਾਕੀ ਰਹਿ ਗਿਆ ਹੈ, ਜਿਸ ਕਾਰਨ ਸਾਰੀਆਂ ਸਿਆਸੀ ਪਾਰਟੀਆਂ ਅਤੇ ਉਮੀਦਵਾਰਾਂ ਨੇ ਵੋਟਰਾਂ ਨੂੰ ਰਿਝਾਉਣ ਲਈ ਆਪਣੀ ਪੂਰੀ ਤਾਕਤ ਝੋਕ ਦਿੱਤੀ ਹੈ। ਇਸ ਵਾਰ ਜਲਾਲਾਬਾਦ ਦੇ ਸ਼ਹਿਰੀ ਹਲਕੇ ਵਿਚ ਆਮ ਆਦਮੀ ਪਾਰਟੀ, ਸ਼੍ਰੋਮਣੀ ਅਕਾਲੀ ਦਲ, ਕਾਂਗਰਸ ਅਤੇ ਭਾਰਤੀ ਜਨਤਾ ਪਾਰਟੀ ਵਿਚਾਲੇ ਬਹੁ-ਕੋਣਾ ਅਤੇ ਬੇਹੱਦ ਦਿਲਚਸਪ ਮੁਕਾਬਲਾ ਦੇਖਣ ਨੂੰ ਮਿਲ ਰਿਹਾ ਹੈ। ਇਸ ਦੇ ਨਾਲ ਹੀ ਵੱਡੀ ਗਿਣਤੀ ਵਿਚ ਚੋਣ ਮੈਦਾਨ ’ਚ ਉੱਤਰੇ ਆਜ਼ਾਦ ਉਮੀਦਵਾਰਾਂ ਨੇ ਮੁੱਖ ਪਾਰਟੀਆਂ ਦੇ ਰਵਾਇਤੀ ਵੋਟ ਬੈਂਕ ਵਿਚ ਸੰਨ੍ਹ ਲਗਾ ਕੇ ਚੋਣ ਸਮੀਕਰਨਾਂ ਨੂੰ ਹੋਰ ਉਲਝਾ ਦਿੱਤਾ ਹੈ। ਜਦ ਕਿ ਕਈ ਦਹਾਕਿਆਂ ਬਾਅਦ ਅਕਾਲੀ ਦਲ ਅਤੇ ਭਾਜਪਾ ਨਗਰ ਕੌਂਸਲ ਦੀਆਂ ਚੋਣਾਂ ਵੱਖ-ਵੱਖ ਹੋ ਕੇ ਲੜ ਰਹੇ ਹਨ। ਜਦ ਕਿ ਅਕਾਲੀ-ਭਾਜਪਾ ਗੱਠਜੋੜ ਸਾਂਝੇ ਤੌਰ ’ਤੇ ਪਹਿਲਾਂ ਚੋਣ ਮੈਦਾਨ ਵਿਚ ਕੁੱਦਦਾ ਸੀ। ਇਸ ਦਾ ਇਨ੍ਹਾਂ ਚੋਣਾਂ ’ਤੇ ਦੋਵੇਂ ਪਾਰਟੀਆਂ ਨੂੰ ਕਿਤਨਾ ਫ਼ਰਕ ਪੈਂਦਾ ਹੈ, ਇਹ ਚੋਣ ਨਤੀਜਿਆਂ ਤੋਂ ਸਪਸ਼ਟ ਹੋਵੇਗਾ। ਸੂਬੇ ਵਿਚ ਸੱਤਾਧਾਰੀ ਹੋਣ ਦੇ ਨਾਤੇ ‘ਆਪ’ ਵਲੋਂ ਵਿਕਾਸ ਕਾਰਜਾਂ, ਮੁਫ਼ਤ ਬਿਜਲੀ ਅਤੇ ਸਥਾਨਕ ਪ੍ਰਸ਼ਾਸਨਿਕ ਸੁਧਾਰਾਂ ਦੇ ਮੁੱਦੇ ’ਤੇ ਵੋਟਾਂ ਮੰਗੀਆਂ ਜਾ ਰਹੀਆਂ ਹਨ। ਪਾਰਟੀ ਦੇ ਸਥਾਨਕ ਆਗੂ ਅਤੇ ਵਿਧਾਇਕ ਹਲਕੇ ਵਿਚ ਪੂਰੀ ਤਰ੍ਹਾਂ ਸਰਗਰਮ ਹਨ। ਸੱਤਾ ਪੱਖ ਹੋਣ ਕਰਕੇ ‘ਆਪ’ ਦਾ ਪੱਲੜਾ ਕਈ ਵਾਰਡਾਂ ਵਿਚ ਮਜ਼ਬੂਤ ਨਜ਼ਰ ਆ ਰਿਹਾ ਹੈ, ਪਰ ਕੁੱਝ ਵਾਰਡਾਂ ਵਿਚ ਸਥਾਨਕ ਐਂਟੀ-ਇਨਕੰਬੈਂਸੀ ਅਤੇ ਟਿਕਟ ਨਾ ਮਿਲਣ ਕਾਰਨ ਬਾਗ਼ੀ ਹੋਏ ਆਗੂਆਂ ਤੋਂ ਚੁਣੌਤੀ ਮਿਲ ਰਹੀ ਹੈ। ਅਕਾਲੀ ਦਲ ਇਸ ਚੋਣ ਰਾਹੀਂ ਸ਼ਹਿਰੀ ਸਿਆਸਤ ਵਿਚ ਵਾਪਸੀ ਕਰਨ ਲਈ ਪੂਰਾ ਜ਼ੋਰ ਲਗਾ ਰਿਹਾ ਹੈ। ਪਾਰਟੀ ਪੁਰਾਣੇ ਸ਼ਹਿਰੀ ਵਿਕਾਸ ਕਾਰਜਾਂ ਅਤੇ ਸਥਾਨਕ ਕਾਰੋਬਾਰੀਆਂ ਨਾਲ ਮਜ਼ਬੂਤ ਸੰਬੰਧਾਂ ਦੇ ਦਮ ’ਤੇ ਚੋਣ ਲੜ ਰਹੀ ਹੈ। ਕਈ ਵਾਰਡਾਂ ਵਿਚ ਅਕਾਲੀ ਦਲ ਦੇ ਉਮੀਦਵਾਰ ਸੱਤਾਧਾਰੀ ਧਿਰ ਨੂੰ ਸਿੱਧੀ ਟੱਕਰ ਦੇ ਰਹੇ ਹਨ। ਕਾਂਗਰਸ ਪਾਰਟੀ ਵਲੋਂ ਸ਼ਹਿਰ ਦੇ ਪੁਰਾਣੇ ਵਰਕਰਾਂ ਨੂੰ ਮੈਦਾਨ ਵਿਚ ਉਤਾਰਿਆ ਗਿਆ ਹੈ। ਕਾਂਗਰਸ ਮੌਜੂਦਾ ਸਰਕਾਰ ਦੀਆਂ ਕਮੀਆਂ ਅਤੇ ਸ਼ਹਿਰ ਦੀਆਂ ਬੁਨਿਆਦੀ ਸਹੂਲਤਾਂ ਦੇ ਮੁੱਦੇ ਨੂੰ ਮੁੱਖ ਰੱਖ ਕੇ ਚੋਣ ਪ੍ਰਚਾਰ ਕਰ ਰਹੀ ਹੈ। ਭਾਜਪਾ ਵਲੋਂ ਇਸ ਵਾਰ ਸ਼ਹਿਰੀ ਵੋਟ ਬੈਂਕ, ਖ਼ਾਸ ਕਰਕੇ ਵਪਾਰੀ ਵਰਗ ’ਤੇ ਅੱਖ ਰੱਖੀ ਜਾ ਰਹੀ ਹੈ। ਕੇਂਦਰ ਸਰਕਾਰ ਦੀਆਂ ਸਕੀਮਾਂ ਅਤੇ ਸ਼ਹਿਰੀ ਸੁਰੱਖਿਆ ਨੂੰ ਮੁੱਦਾ ਬਣਾ ਕੇ ਭਾਜਪਾ ਉਮੀਦਵਾਰ ਘਰ-ਘਰ ਪ੍ਰਚਾਰ ਕਰ ਰਹੇ ਹਨ। ਹਾਲਾਂਕਿ ਕੁੱਝ ਵਾਰਡਾਂ ਵਿਚ ਮੁਕਾਬਲਾ ਤਿਕੋਣਾ ਹੈ, ਪਰ ਭਾਜਪਾ ਕਈ ਵਾਰਡਾਂ ਵਿਚ ਦੂਜੀਆਂ ਪਾਰਟੀਆਂ ਦੇ ਸਮੀਕਰਨ ਵਿਗਾੜਨ ਦੀ ਸਮਰੱਥਾ ਰੱਖਦੀ ਹੈ। ਇਸ ਵਾਰ ਦੀਆਂ ਚੋਣਾਂ ਦੀ ਸਭ ਤੋਂ ਵੱਡੀ ਖ਼ਾਸੀਅਤ ਇਹ ਹੈ ਕਿ ਵਾਰਡਾਂ ਦੇ ਸਥਾਨਕ ਮੁਕਾਬਲਿਆਂ ਵਿਚ ਪਾਰਟੀ ਚਿੰਨ੍ਹ ਨਾਲੋਂ ਉਮੀਦਵਾਰ ਦੇ ਨਿੱਜੀ ਅਕਸ ਨੂੰ ਵੱਧ ਅਹਿਮੀਅਤ ਮਿਲ ਰਹੀ ਹੈ। ਟਿਕਟਾਂ ਦੀ ਵੰਡ ਤੋਂ ਨਾਰਾਜ਼ ਹੋ ਕੇ ਆਜ਼ਾਦ ਤੌਰ ’ਤੇ ਚੋਣ ਲੜ ਰਹੇ ਕਈ ਰਸੂਖਦਾਰ ਆਗੂਆਂ ਨੇ ਮੁੱਖ ਪਾਰਟੀਆਂ ਦੀ ਨੀਂਦ ਉਡਾ ਦਿੱਤੀ ਹੈ। ਰਾਜਨੀਤਿਕ ਮਾਹਿਰਾਂ ਮੁਤਾਬਿਕ ਕਈ ਵਾਰਡਾਂ ਵਿਚ ਜਿੱਤ-ਹਾਰ ਦਾ ਫ਼ੈਸਲਾ ਬਹੁਤ ਹੀ ਬਾਰੀਕ ਫ਼ਰਕ (ਮਾਰਜਿਨ) ਨਾਲ ਹੋਵੇਗਾ, ਜਿੱਥੇ ਆਜ਼ਾਦ ਉਮੀਦਵਾਰ ਵੱਡੀ ਭੂਮਿਕਾ ਨਿਭਾਉਣਗੇ। ਮੌਜੂਦਾ ਹਾਲਾਤ ਅਤੇ ਜਨਤਾ ਦੇ ਰੁਝਾਨ ਨੂੰ ਦੇਖਦੇ ਹੋਏ ਇਹ ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਜਿਹੜੇ ਵਾਰਡਾਂ ਵਿਚ ਉਮੀਦਵਾਰ ਸਥਾਨਕ ਪੱਧਰ ’ਤੇ ਲੋਕਾਂ ਦੇ ਸੁਖ-ਦੁੱਖ ਵਿਚ ਸ਼ਾਮਿਲ ਰਹੇ ਹਨ, ਉੱਥੇ ਪਾਰਟੀ ਕੋਈ ਵੀ ਹੋਵੇ, ਉਮੀਦਵਾਰ ਦੇ ਸਫਲ ਹੋਣ ਦੇ ਆਸਾਰ ਵਧੇਰੇ ਹਨ। ਕੁੱਲ 17 ਵਾਰਡਾਂ ’ਚੋਂ ਲਗਭਗ ਅੱਧੀਆਂ ਸੀਟਾਂ ’ਤੇ ‘ਆਪ’ ਅਤੇ ਅਕਾਲੀ ਦਲ ਵਿਚਾਲੇ ਸਿੱਧੀ ਟੱਕਰ ਹੈ, ਜਦਕਿ ਬਾਕੀ ਸੀਟਾਂ ’ਤੇ ਕਾਂਗਰਸ, ਭਾਜਪਾ ਅਤੇ ਆਜ਼ਾਦ ਉਮੀਦਵਾਰਾਂ ਦੀ ਮੌਜੂਦਗੀ ਕਾਰਨ ਮੁਕਾਬਲਾ ਚੌਕੋਨਾ ਹੋ ਗਿਆ ਹੈ। ਵੋਟਾਂ ਪੈਣ ਤੋਂ ਪਹਿਲਾਂ ਦੇ ਆਖ਼ਰੀ 3 ਦਿਨ ਸਿਆਸੀ ਜੋੜ-ਤੋੜ ਲਈ ਸਭ ਤੋਂ ਅਹਿਮ ਮੰਨੇ ਜਾ ਰਹੇ ਹਨ। ਇਸ ਦੌਰਾਨ ਵੋਟਰਾਂ ਦੇ ਅੰਦਰੂਨੀ ਫ਼ੈਸਲੇ ਅਤੇ ਪਾਰਟੀਆਂ ਵਲੋਂ ਲਗਾਏ ਜਾਣ ਵਾਲੇ ਆਖ਼ਰੀ ਸਿਆਸੀ ਦਾਅ ਹੀ ਹਾਰ-ਜਿੱਤ ਦੀ ਅਸਲ ਤਸਵੀਰ ਸਾਫ਼ ਕਰਨਗੇ। ਹੁਣ ਦੇਖਣਾ ਇਹ ਹੋਵੇਗਾ ਕਿ ਜਲਾਲਾਬਾਦ ਦੇ ਸੂਝਵਾਨ ਵੋਟਰ ਨਗਰ ਕੌਂਸਲ ਦੀ ਚਾਬੀ ਕਿਸ ਪਾਰਟੀ ਦੇ ਹੱਥ ਸੌਂਪਦੇ ਹਨ।