ਲੁਧਿਆਣਾ, 2 ਜੁਲਾਈ (ਡਾ. ਤਰਲੋਚਨ ਸਿੰਘ)-ਉਮਰ ਦਾ ਵੱਡਾ ਹਿੱਸਾ ਇੰਗਲੈਂਡ ਵਿਚ ਅਧਿਆਪਨ ਕਾਰਜ ਕਰਨ ਵਾਲੇ ਕਹਾਣੀਕਾਰ ਸ਼ਿਵਚਰਨ ਸਿੰਘ ਗਿੱਲ ਦੀਆਂ ਛੇ ਕਹਾਣੀ ਪੁਸਤਕਾਂ ਰੰਗ ਦਾ ਪੱਤਾ, ਖੂਹ ਦੀ ਮਿੱਟੀ, ਮਰਦਾਵੀ ਔਰਤ, ਸਾਹਾਂ ਦਾ ਭਾਰ, ਖਰਾ ਖੋਟ, ਗਊ ਹੱਤਿਆ ਅਤੇ ਮਿੰਨੀ ਕਹਾਣੀਆਂ ’ਤੇ ਆਧਾਰਿਤ ਪੁਸਤਕ ‘‘ਸ਼ਿਵਚਰਨ ਸਿੰਘ ਗਿੱਲ ਦੀਆਂ ਸਾਰੀਆਂ ਕਹਾਣੀਆਂ’’ ਨੂੰ ਅੱਜ ਪੰਜਾਬੀ ਲੋਕ ਵਿਰਾਸਤ ਅਕਾਦਮੀ ਲੁਧਿਆਣਾ ਵਲੋਂ ਪ੍ਰੋ. ਗੁਰਭਜਨ ਸਿੰਘ ਗਿੱਲ, ਨਾਟਕਕਾਰ ਡਾ. ਪਾਲੀ ਭੁਪਿੰਦਰ ਸਿੰਘ, ਸ਼ਿਵਚਰਨ ਸਿੰਘ ਗਿੱਲ, ਇੰਦਰਦੀਪ ਸਿੰਘ ਗਿੱਲ ਅਤੇ ਪੰਜਾਬ ਰਾਜ ਖ਼ੁਰਾਕ ਕਮਿਸ਼ਨ ਦੇ ਚੇਅਰਮੈਨ ਬਾਲ ਮੁਕੰਦ ਸ਼ਰਮਾ ਨੇ ਲੋਕ ਅਰਪਣ ਕੀਤੀ। ਇਸ ਪੁਸਤਕ ਬਾਰੇ ਬੋਲਦਿਆਂ ਪੰਜਾਬੀ ਲੋਕ ਵਿਰਾਸਤ ਅਕਾਦਮੀ ਦੇ ਚੇਅਰਮੈਨ ਪ੍ਰੋ. ਗੁਰਭਜਨ ਗਿੱਲ ਨੇ ਕਿਹਾ ਕਿ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਰੂਮੀ ਦੇ ਜੰਮਪਲ ਸ਼ਿਵਚਰਨ ਸਿੰਘ ਗਿੱਲ ਪੰਜਾਬੀ ਪ੍ਰਵਾਸੀ ਕਹਾਣੀ ਦਾ ਸਮਰੱਥ ਤੇ ਪਹਿਲੀ ਪ੍ਰਵਾਸੀ ਪੀੜ੍ਹੀ ਦਾ ਬੁਲੰਦ ਚਿਹਰਾ ਹੈ। ਉਸ ਨੇ ਪ੍ਰਵਾਸੀ ਜੀਵਨ ਦੀਆਂ ਗੁੰਝਲਾਂ, ਕਠਨਾਈਆਂ ਅਤੇ ਨਸਲਵਾਦ ਵਿਰੁੱਧ ਸੰਘਰਸ਼ ਨੂੰ ਬਹੁਤ ਨੇੜਿਉਂ ਵੇਖਿਆ ਤੇ ਚਿਤਰਿਆ ਹੈ।ਉਸ ਦੀਆਂ ਕਹਾਣੀਆਂ ਪ੍ਰਵਾਸੀ ਜੀਵਨ ਦੇ ਕੌੜੇ ਯਥਾਰਥ ਦੀ ਤਰਜਮਾਨੀ ਕਰਦੀਆਂ ਹਨ। ਪ੍ਰੋ. ਗਿੱਲ ਨੇ ਕਿਹਾ ਕਿ ਸ਼ਿਵਚਰਨ ਸਿੰਘ ਗਿੱਲ ਨੇ ਆਪਣੇ ਸਿਰਜਣਾਤਮਿਕ ਅਮਲ ਦੇ ਸਹਾਰੇ ਪ੍ਰਵਾਸੀ ਪੰਜਾਬੀ ਕਹਾਣੀ ਦੀ ਬੁੱਕਲ ਨੂੰ ਵਿਸ਼ਾਲ ਕੀਤਾ ਹੈ। ਉਸ ਦੇ ਭਾਵੇਂ ਹੁਣ ਤੱਕ ਵੱਖ ਵੱਖ ਸਮੇਂ ਤੇ ‘ਰੰਗ ਦਾ ਪੱਤਾ’, ‘ਖੂਹ ਦੀ ਮਿੱਟੀ’, ‘ਮਰਦਾਵੀਂ ਔਰਤ’, ‘ਸਾਹਾਂ ਦਾ ਭਾਰ’, ‘ਖਰਾ ਖੋਟ’, ‘ਗਊ ਹੱਤਿਆ’ ਆਦਿ ਕਹਾਣੀ ਸੰਗ੍ਰਹਿ ਛਪੇ ਹਨ। ਇਸ ਪੁਸਤਕ ਨੂੰ ਸ਼ਿਵਚਰਨ ਗਿੱਲ ਦੀ ਬੇਟੀ ਸ਼ਿਵਦੀਪ ਕੌਰ ਢੇਸੀ ਨੇ ਸੰਪਾਦਿਤ ਕਰਕੇ ਪ੍ਰਵਾਸੀ ਪੰਜਾਬੀ ਸਾਹਿੱਤ ਨੂੰ ਵਡਮੁੱਲਾ ਤੋਹਫ਼ਾ ਦਿੱਤਾ ਹੈ। ਡਾ. ਪਾਲੀ ਭੁਪਿੰਦਰ ਸਿੰਘ ਨੇ ਕਿਹਾ ਕਿ ਸ਼ਿਵਚਰਨ ਗਿੱਲ ਦੇ ਪਰਿਵਾਰ ਵਲੋਂ ਸਾਰੀਆਂ ਕਹਾਣੀਆਂ ਨੂੰ ਇਕੋ ਜਿਲਦ ਵਿਚ ਇਕੱਤਰ ਕਰਕੇ ਬਹੁਤ ਸਲਾਹੁਣਯੋਗ ਕਾਰਜ ਕੀਤਾ ਹੈ। ਇਹ ਪੁਸਤਕ ਭਵਿੱਖ ਦੇ ਖੋਜ ਵਿਦਿਆਰਥੀਆਂ ਲਈ ਸਹਾਇਕ ਸਾਬਤ ਹੋਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਲਾਇਬਰੇਰੀ ਵਿਚ ਇਸ ਪੁਸਤਕ ਨੂੰ ਰੱਖਿਆ ਜਾਵੇਗਾ। ਪੰਜਾਬ ਖ਼ੁਰਾਕ ਕਮਿਸ਼ਨ ਦੇ ਚੇਅਰਮੈਨ ਬਾਲ ਮੁਕੰਦ ਸ਼ਰਮਾ ਨੇ ਕਿਹਾ ਕਿ ਵਿਦੇਸ਼ਾਂ ਵਿਚ ਸਾਹਿੱਤ ਰਚਨਾ ਕਰਨ ਵਾਲੇ ਲੇਖਕ ਆਪਣੇ ਵਤਨ ਦੇ ਬਿਨ ਤਨਖ਼ਾਹੋਂ ਰਾਜਦੂਤ ਹੁੰਦੇ ਹਨ। ਇੰਗਲੈਂਡ ਵੱਸਦਿਆਂ ਸ਼ਿਵਚਰਨ ਗਿੱਲ ਨੇ ਵੀ ਆਪਣੀਆਂ ਲਿਖਤਾਂ ਰਾਹੀਂ ਇਹੀ ਕਾਰਜ ਕੀਤਾ ਹੈ। ਉਨ੍ਹਾਂ ਇਸ ਵੱਡੀ ਪੁਸਤਕ ਦੇ ਪ੍ਰਕਾਸ਼ਨ ਲਈ ਸੁਖਵਿੰਦਰ ਸੁੱਖੀ ਮਾਲਕ ਕੈਲੀਬਰ ਪਬਲੀਕੇਸ਼ਨਜ਼ ਪਟਿਆਲਾ ਨੂੰ ਵੀ ਮੁਬਾਰਕ ਦਿੱਤੀ। ਸ਼ਿਵਚਰਨ ਸਿੰਘ ਗਿੱਲ ਪਰਿਵਾਰ ਵਲੋਂ ਇੰਦਰਦੀਪ ਸਿੰਘ ਗਿੱਲ ਨੇ ਆਏ ਮਹਿਮਾਨਾਂ ਦਾ ਪੁਸਤਕ ਲੋਕ ਅਰਪਣ ਲਈ ਧੰਨਵਾਦ ਕੀਤਾ। ਇਸ ਮੌਕੇ ਡਾ. ਨਰੇਸ਼ ਕੁਮਾਰ ਪ੍ਰੋਫੈਸਰ ਤੇ ਮੁਖੀ ਪੰਜਾਬੀ ਤੇ ਡੋਗਰੀ ਵਿਭਾਗ ਸੈਂਟਰਲ ਯੂਨੀਵਰਸਿਟੀ ਧਰਮਸ਼ਾਲਾ, ਹਿਮਾਚਲ ਪ੍ਰਦੇਸ਼ ਦੀ ਮੁਲਾਕਾਤਾਂ ’ਤੇ ਆਧਾਰਿਤ ਕਿਤਾਬ ‘‘ਲੇਖਕ ਵੇਲ਼ਾ’’ ਤੇ ਡਾ. ਲਖਵਿੰਦਰ ਜੌਹਲ ਦੀ ਸੰਪਾਦਨਾ ਹੇਠ ਛਪਦੇ ਸਾਹਿੱਤਿਕ ਪੱਤਰ ਕਾਵਿ ਲੋਕ ਦੇ ਸੁਰਜੀਤ ਰਾਮਪੁਰੀ ਵਿਸ਼ੇਸ਼ ਅੰਕ ਦੀਆਂ ਕਾਪੀਆਂ ਵੀ ਦੋਹਾਂ ਮਹਿਮਾਨਾਂ ਨੂੰ ਭੇਂਟ ਕੀਤੀਆਂ।