ਜਲਾਲਾਬਾਦ, 7 ਜੁਲਾਈ (ਕਰਨ ਚੁਚਰਾ)-ਜਲਾਲਾਬਾਦ ਨਗਰ ਕੌਂਸਲ ਚੋਣਾਂ ਵਿਚ ਆਮ ਆਦਮੀ ਪਾਰਟੀ ਵਲੋਂ ਦਰਜ ਕੀਤੀ ਗਈ ਸ਼ਾਨਦਾਰ ਅਤੇ ਇਤਿਹਾਸਕ ਜਿੱਤ ਤੋਂ ਬਾਅਦ ਅੱਜ ਸ਼ਹਿਰ ਵਿਚ ਜਸ਼ਨ ਦਾ ਮਾਹੌਲ ਦੇਖਣ ਨੂੰ ਮਿਲਿਆ। ਇਸ ਮੌਕੇ ਜੇਤੂ ਕੌਂਸਲਰਾਂ ਵਲੋਂ ਹਲਕਾ ਵਿਧਾਇਕ ਜਗਦੀਪ ਕੰਬੋਜ ਗੋਲਡੀ ਦੀ ਅਗਵਾਈ ਹੇਠ ਇਕ ਵਿਸ਼ਾਲ ਅਤੇ ਸ਼ਾਨਦਾਰ ‘ਧੰਨਵਾਦੀ ਮਾਰਚ’ ਕੱਢਿਆ ਗਿਆ। ਇਹ ਧੰਨਵਾਦੀ ਮਾਰਚ ਸਥਾਨਕ ਮਾਰਕੀਟ ਕਮੇਟੀ ਦਫ਼ਤਰ ਤੋਂ ਸ਼ੁਰੂ ਹੋਇਆ। ਇਸ ਤੋਂ ਬਾਅਦ ਇਹ ਮਾਰਚ ਸ਼ਹਿਰ ਦੇ ਸਾਰੇ ਮੁੱਖ ਬਾਜ਼ਾਰਾਂ ਅਤੇ ਚੌਕਾਂ ਵਿਚੋਂ ਦੀ ਲੰਘਿਆ। ਮਾਰਚ ਦੌਰਾਨ ਸ਼ਹਿਰ ਵਾਸੀਆਂ ਵਲੋਂ ਥਾਂ-ਥਾਂ ’ਤੇ ਵਿਧਾਇਕ ਗੋਲਡੀ ਕੰਬੋਜ ਅਤੇ ਜੇਤੂ ਕੌਂਸਲਰਾਂ ਦਾ ਫੁੱਲਾਂ ਦੀ ਵਰਖਾ ਕਰਕੇ ਅਤੇ ਲੱਡੂ ਵੰਡ ਕੇ ਨਿੱਘਾ ਸਵਾਗਤ ਕੀਤਾ ਗਿਆ। ਮਾਰਚ ਦੌਰਾਨ ਵਿਧਾਇਕ ਜਗਦੀਪ ਕੰਬੋਜ ਗੋਲਡੀ ਅਤੇ ਸਮੂਹ ਜੇਤੂ ਕੌਂਸਲਰਾਂ ਨੇ ਹੱਥ ਜੋੜ ਕੇ ਸਮੂਹ ਜਲਾਲਾਬਾਦ ਵਾਸੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਲੋਕਾਂ ਨੇ ਆਮ ਆਦਮੀ ਪਾਰਟੀ ਦੀਆਂ ਲੋਕ-ਪੱਖੀ ਨੀਤੀਆਂ ਅਤੇ ਵਿਕਾਸ ਕਾਰਜਾਂ ’ਤੇ ਮੋਹਰ ਲਗਾਈ ਹੈ। ਇਸ ਮੌਕੇ ਪਾਰਟੀ ਦੇ ਅਹੁਦੇਦਾਰ, ਭਾਰੀ ਗਿਣਤੀ ਵਿਚ ਵਰਕਰ ਅਤੇ ਸ਼ਹਿਰ ਦੇ ਪਤਵੰਤੇ ਸੱਜਣ ਮੌਜੂਦ ਸਨ। ਵਿਧਾਇਕ ਗੋਲਡੀ ਕੰਬੋਜ ਨੇ ਕਿਹਾ ਕਿ ਮੈਂ ਸਮੂਹ ਜਲਾਲਾਬਾਦ ਵਾਸੀਆਂ ਦਾ ਸਿਰ ਝੁਕਾ ਕੇ ਤਹਿ ਦਿਲੋਂ ਧੰਨਵਾਦ ਕਰਦਾ ਹਾਂ, ਜਿਨ੍ਹਾਂ ਨੇ ਨਗਰ ਕੌਂਸਲ ਚੋਣਾਂ ਵਿਚ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਇੰਨਾ ਵੱਡਾ ਫ਼ਤਵਾ ਦੇ ਕੇ ਇਤਿਹਾਸਕ ਜਿੱਤ ਦੁਆਈ ਹੈ। ਇਹ ਜਿੱਤ ਕਿਸੇ ਵਿਅਕਤੀ ਵਿਸ਼ੇਸ਼ ਦੀ ਨਹੀਂ, ਸਗੋਂ ਜਲਾਲਾਬਾਦ ਦੇ ਹਰ ਇਕ ਨਾਗਰਿਕ ਦੀ ਜਿੱਤ ਹੈ। ਜਿਸ ਨੇ ਨਫ਼ਰਤ ਅਤੇ ਭ੍ਰਿਸ਼ਟਾਚਾਰ ਦੀ ਰਾਜਨੀਤੀ ਨੂੰ ਨਕਾਰ ਕੇ ਵਿਕਾਸ ਅਤੇ ਇਮਾਨਦਾਰੀ ਨੂੰ ਚੁਣਿਆ ਹੈ। ਕੱਢੇ ਗਏ ਧੰਨਵਾਦੀ ਮਾਰਚ ਦੌਰਾਨ ਸ਼ਹਿਰ ਵਾਸੀਆਂ ਨੇ ਜੋ ਪਿਆਰ ਅਤੇ ਆਸ਼ੀਰਵਾਦ ਦਿੱਤਾ ਹੈ, ਉਸ ਨੇ ਸਾਡੀ ਜ਼ਿੰਮੇਵਾਰੀ ਹੋਰ ਵਧਾ ਦਿੱਤੀ ਹੈ।