03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-07-2026

ਸੇਵਾਮੁਕਤ ਅਧਿਆਪਕਾਂ ਦੇ ਬਕਾਏ, ਦਫ਼ਤਰਾਂ ’ਚ ਭ੍ਰਿਸ਼ਟਾਚਾਰ ਤੇ ਉਗਰਾਹੀ ਦਾ ਮੁੱਦਾ ਡੀ.ਈ.ਓ. ਕੋਲ ਉਠਾਇਆ

Ad Position 21
No active advertisement
ਅਜੀਤ ਡੈਸਕ 08-07-2026
ਫ਼ਾਜ਼ਿਲਕਾ, 7 ਜੁਲਾਈ (ਦਵਿੰਦਰ ਪਾਲ ਸਿੰਘ)-ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਜ਼ਿਲ੍ਹਾ ਫ਼ਾਜ਼ਿਲਕਾ ਦੇ ਇਕ ਵਫ਼ਦ ਨੇ ਜ਼ਿਲ੍ਹਾ ਸਰਪ੍ਰਸਤ ਭਗਵੰਤ ਭਟੇਜਾ ਅਤੇ ਜ਼ਿਲ੍ਹਾ ਪ੍ਰਧਾਨ ਪਰਮਜੀਤ ਸਿੰਘ ਸੋਰੇਵਾਲਾ ਦੀ ਅਗਵਾਈ ਹੇਠ ਜ਼ਿਲ੍ਹਾ ਸਿੱਖਿਆ ਅਫ਼ਸਰ (ਪ੍ਰਾਇਮਰੀ) ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਵਫ਼ਦ ਨੇ ਜ਼ਿਲ੍ਹੇ ਦੇ ਸੇਵਾਮੁਕਤ ਅਤੇ ਸੇਵਾ ਨਿਭਾਅ ਰਹੇ ਅਧਿਆਪਕਾਂ ਦੀਆਂ ਲੰਮੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਮੰਗਾਂ, ਦਫ਼ਤਰਾਂ ਵਿਚ ਫੈਲੀ ਬੇਨਿਯਮੀਆਂ ਅਤੇ ਭ੍ਰਿਸ਼ਟਾਚਾਰ ਨਾਲ ਜੁੜੇ ਮੁੱਦਿਆਂ ਨੂੰ ਅਧਿਕਾਰੀਆਂ ਦੇ ਸਾਹਮਣੇ ਜ਼ੋਰਦਾਰ ਢੰਗ ਨਾਲ ਉਠਾਇਆ। ਵਫ਼ਦ ਨੇ ਜ਼ਿਲ੍ਹਾ ਸਿੱਖਿਆ ਅਫ਼ਸਰ (ਪ੍ਰਾਇਮਰੀ) ਕੋਲ ਸੇਵਾਮੁਕਤ ਬੀ.ਪੀ.ਈ.ਓ.ਰਾਮ ਕ੍ਰਿਸ਼ਨ ਧੁਨਕੀਆ ਦੀ ਸੋਧੀ ਹੋਈ ਪੈਨਸ਼ਨ ਦੇ ਬਕਾਏ ਦੇ ਬਿੱਲ ਪਿਛਲੇ ਛੇ ਮਹੀਨਿਆਂ ਤੋਂ ਲਟਕਣ ’ਤੇ ਸਖ਼ਤ ਰੋਸ ਪ੍ਰਗਟਾਇਆ। ਇਸ ਤੋਂ ਇਲਾਵਾ ਫ਼ਾਜ਼ਿਲਕਾ ਅਤੇ ਖੂਈਆਂ ਸਰਵਰ ਬਲਾਕਾਂ ਵਲੋਂ ਸੇਵਾਮੁਕਤ ਅਧਿਆਪਕਾਂ ਦੇ ਤਨਖ਼ਾਹ ਕਮਿਸ਼ਨ ਦੇ ਬਕਾਏ ਹੁਣ ਤੱਕ ਜਾਰੀ ਨਾ ਕੀਤੇ ਜਾਣ ਦਾ ਮੁੱਦਾ ਵੀ ਚੁੱਕਿਆ ਗਿਆ। ਯੂਨੀਅਨ ਨੇ ਗੰਭੀਰ ਦੋਸ਼ ਲਾਉਂਦਿਆਂ ਕਿਹਾ ਕਿ ਕਈ ਬੀ.ਪੀ.ਈ.ਓ.ਦਫ਼ਤਰਾਂ ’ਚ ਫਾਰਮ ਨੰਬਰ-16, ਖੇਡਾਂ ਅਤੇ ਹੋਰ ਦਫ਼ਤਰੀ ਖ਼ਰਚਿਆਂ ਦੇ ਨਾਂ ’ਤੇ ਅਧਿਆਪਕਾਂ ਕੋਲੋਂ ਕਥਿਤ ਤੌਰ ’ਤੇ ਪੈਸੇ ਇਕੱਠੇ ਕੀਤੇ ਜਾ ਰਹੇ ਹਨ। ਉਨ੍ਹਾਂ ਇਸ ਉਗਰਾਹੀ ’ਤੇ ਤੁਰੰਤ ਰੋਕ ਲਾਉਣ ਦੀ ਮੰਗ ਕੀਤੀ। ਇਸ ਦੇ ਨਾਲ ਹੀ ਨਬਾਰਡ, ਚਾਰਦੀਵਾਰੀ ਅਤੇ ਮੁਰੰਮਤ ਗਰਾਂਟ ਜਾਰੀ ਹੋਣ ਵਿਚ ਹੋ ਰਹੀ ਦੇਰੀ ਕਾਰਨ ਅਧਿਆਪਕਾਂ ਨੂੰ ਉਧਾਰ ਸਮਗਰੀ ਲੈ ਕੇ ਵਿਕਾਸ ਕਾਰਜ ਕਰਵਾਉਣੇ ਪੈ ਰਹੇ ਹਨ, ਜਦਕਿ ਛੇ ਮਹੀਨੇ ਬੀਤ ਜਾਣ ਦੇ ਬਾਵਜੂਦ ਸਬੰਧਿਤ ਗਰਾਂਟ ਜਾਰੀ ਨਹੀਂ ਕੀਤੀ ਗਈ, ਜਿਸ ’ਤੇ ਵਫ਼ਦ ਨੇ ਡੂੰਘੀ ਚਿੰਤਾ ਪ੍ਰਗਟਾਈ। ਜ਼ਿਲ੍ਹਾ ਸਿੱਖਿਆ ਅਫ਼ਸਰ (ਪ੍ਰਾਇਮਰੀ) ਨੇ ਵਫ਼ਦ ਨੂੰ ਭਰੋਸਾ ਦਿੱਤਾ ਕਿ ਸੇਵਾਮੁਕਤ ਮੁਲਾਜ਼ਮਾਂ ਦੇ ਬਕਾਏ, ਬਲਾਕ ਦਫ਼ਤਰਾਂ ਦੀ ਕਾਰਜਪ੍ਰਣਾਲੀ ਅਤੇ ਅਧਿਆਪਕਾਂ ਤੋਂ ਪੈਸੇ ਇਕੱਠੇ ਕਰਨ ਸਬੰਧੀ ਰਿਪੋਰਟ ਤਲਬ ਕਰਕੇ ਜਲਦ ਬਣਦੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਇਹ ਵੀ ਦੱਸਿਆ ਕਿ ਸੂਬਾ ਪੱਧਰ ਤੋਂ ਗਰਾਂਟ ਦੀ ਮੁੜ-ਵੰਡ ਹੋ ਚੁੱਕੀ ਹੈ ਅਤੇ ਇਸੇ ਹਫ਼ਤੇ ਸਕੂਲਾਂ ਨੂੰ ਰਾਸ਼ੀ ਜਾਰੀ ਕਰ ਦਿੱਤੀ ਜਾਵੇਗੀ। ਦੂਜੇ ਪਾਸੇ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਨਾਲ ਹੋਈ ਬੈਠਕ ਦੌਰਾਨ ਕੁੱਝ ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਵਲੋਂ ਅਧਿਆਪਕਾਂ ਦੇ ਬਕਾਏ ਲਟਕਾਉਣ ਦਾ ਮੁੱਦਾ ਚੁੱਕਣ ’ਤੇ ਉਨ੍ਹਾਂ ਮੌਕੇ ’ਤੇ ਹੀ ਸਬੰਧਿਤ ਡੀ.ਡੀ.ਓਜ.ਤੋਂ ਰਿਪੋਰਟ ਮੰਗ ਲਈ। ਯੂਨੀਅਨ ਨੇ ਐਲਾਨ ਕੀਤਾ ਕਿ ਉਠਾਏ ਗਏ ਮੁੱਦਿਆਂ ’ਤੇ ਹੋਣ ਵਾਲੀ ਕਾਰਵਾਈ ਦੀ ਸਮੀਖਿਆ ਕਰਨ ਲਈ ਗੌਰਮਿੰਟ ਟੀਚਰਜ਼ ਯੂਨੀਅਨ ਦਾ ਵਫ਼ਦ ਆਉਂਦੇ ਸੋਮਵਾਰ ਨੂੰ ਦੁਬਾਰਾ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਨਾਲ ਮੁਲਾਕਾਤ ਕਰੇਗਾ। ਇਸ ਮੌਕੇ ਮੁਲਾਜ਼ਮ ਲਹਿਰ ਚੰਡੀਗੜ੍ਹ ਦੇ ਮੁੱਖ ਸੰਪਾਦਕ ਰਾਮ ਕ੍ਰਿਸ਼ਨ ਧੁਨਕੀਆ, ਜ਼ਿਲ੍ਹਾ ਸਕੱਤਰ ਨਿਸ਼ਾਂਤ ਅਗਰਵਾਲ, ਵਿੱਤ ਸਕੱਤਰ ਅਮਨਦੀਪ ਸਿੰਘ, ਰਾਜੀਵ ਚਗਤੀ, ਕੁਲਬੀਰ ਗਿੱਲ, ਸੇਵਾਮੁਕਤ ਸੀ.ਐੱਚ.ਟੀ. ਮਾਲਾ ਰਾਮ, ਰਵਿੰਦਰ ਸਿੰਘ ਸਮੇਤ ਹੋਰ ਅਧਿਆਪਕ ਆਗੂ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਅਬੋਹਰ ਨਗਰ ਨਿਗਮ ਦੇ ਮੇਅਰ ਦੀ ਚੋਣ ਅਣਮਿੱਥੇ ਸਮੇਂ ਲਈ ਰੱਦ ਹੋਈ ਅਗਲੀ ਖ਼ਬਰ ਸ਼ਹਿਰ ਦੀ ਸਫ਼ਾਈ ਵਿਵਸਥਾ ਨੂੰ ਹੋਰ ਮਜ਼ਬੂਤ ਬਣਾਉਣ ਲਈ ਨਗਰ ਕੌਂਸਲ ਵਲੋਂ ‘ਸਫ਼ਾਈ ਕਮੇਟੀ’ ਦਾ ਗਠਨ
Ad Position 24
No active advertisement