ਫ਼ਾਜ਼ਿਲਕਾ ਨਗਰ ਕੌਂਸਲ ’ਤੇ ਭਾਜਪਾ ਦਾ ਕਬਜ਼ਾ, ਬਦਲੇ ਸਿਆਸੀ ਸਮੀਕਰਨ ‘ਆਪ’ ਦੀ ਗੈਰ-ਹਾਜ਼ਰੀ ਅਤੇ ਕਾਂਗਰਸ ਦੀ ਹਾਰ ਤੋਂ ਬਾਅਦ ਸ਼ਹਿਰ ਦੀ ਰਾਜਨੀਤੀ ਕਿਸ ਮੋੜ ’ਤੇ?
ਅਜੀਤ ਡੈਸਕ
23-07-2026
ਫ਼ਾਜ਼ਿਲਕਾ, 22 ਜੁਲਾਈ- ਫ਼ਾਜ਼ਿਲਕਾ ਨਗਰ ਕੌਂਸਲ ਦੇ ਅਹੁਦੇਦਾਰਾਂ ਦੀ ਚੋਣ ਬੀਤੇ ਦਿਨ ਪੁਖ਼ਤਾ ਸੁਰੱਖਿਆ ਪ੍ਰਬੰਧਾਂ ਹੇਠ ਨਗਰ ਕੌਂਸਲ ਦਫ਼ਤਰ ਵਿਖੇ ਅਮਨ-ਅਮਾਨ ਨਾਲ ਨੇਪਰੇ ਚੜ੍ਹੀ। ਇਸ ਚੋਣ ਪ੍ਰਕਿਰਿਆ ਦੌਰਾਨ ਸ਼ਹਿਰ ਦੀ ਸਿਆਸਤ ਵਿਚ ਵੱਡਾ ਉਲਟ ਫੇਰ ਦੇਖਣ ਨੂੰ ਮਿਲਿਆ, ਜਿੱਥੇ ਬਹੁਮਤ ਦਾ ਅੰਕੜਾ ਪੂਰਾ ਨਾ ਹੋਣ ਦੇ ਬਾਵਜੂਦ ਭਾਰਤੀ ਜਨਤਾ ਪਾਰਟੀ ਆਪਣੇ ਉਮੀਦਵਾਰ ਨੂੰ ਪ੍ਰਧਾਨ ਬਣਾਉਣ ਵਿਚ ਕਾਮਯਾਬ ਰਹੀ। ਨਗਰ ਕੌਂਸਲ ਚੋਣਾਂ ਵਿਚ ਪ੍ਰਧਾਨਗੀ ਦੇ ਅਹੁਦੇ ਲਈ ਹੋਈ ਵੋਟਿੰਗ ਦੌਰਾਨ ਭਾਜਪਾ ਦੇ ਉਮੀਦਵਾਰ ਨੂੰ 12 ਵੋਟਾਂ ਮਿਲੀਆਂ, ਜਦਕਿ ਕਾਂਗਰਸ ਦੇ ਉਮੀਦਵਾਰ ਦੇ ਪੱਖ ਵਿਚ 9 ਵੋਟਾਂ ਭੁਗਤੀਆਂ। ਇਸ ਤਰ੍ਹਾਂ ਭਾਜਪਾ ਉਮੀਦਵਾਰ ਨੂੰ ਜੇਤੂ ਕਰਾਰ ਦਿੱਤਾ ਗਿਆ। ਇਸ ਪੂਰੀ ਚੋਣ ਪ੍ਰਕਿਰਿਆ ਦਾ ਸਭ ਤੋਂ ਅਹਿਮ ਪਹਿਲੂ ਆਮ ਆਦਮੀ ਪਾਰਟੀ ਦੇ 4 ਕੌਂਸਲਰਾਂ ਦੀ ਮੀਟਿੰਗ ’ਚੋਂ ਗੈਰ-ਹਾਜ਼ਰੀ ਰਿਹਾ। ਜਿੱਥੇ ਕਾਂਗਰਸ ਪਾਰਟੀ ਦਾਅਵਾ ਕਰ ਰਹੀ ਸੀ ਕਿ ਪ੍ਰਧਾਨਗੀ ਦਾ ਤਾਜ ਉਨ੍ਹਾਂ ਦੇ ਉਮੀਦਵਾਰ ਦੇ ਸਿਰ ਸਜੇਗਾ, ਉੱਥੇ ਹੀ ‘ਆਪ’ ਕੌਂਸਲਰਾਂ ਦੀ ਗੈਰ-ਹਾਜ਼ਰੀ ਨੇ ਭਾਜਪਾ ਲਈ ਰਾਹ ਸੁਖਾਲਾ ਕਰ ਦਿੱਤਾ। ਨਗਰ ਕੌਂਸਲ ’ਤੇ ਭਾਜਪਾ ਦਾ ਕਬਜ਼ਾ ਹੋਣ ਤੋਂ ਬਾਅਦ ਹੁਣ ਸਭ ਤੋਂ ਵੱਡਾ ਸਵਾਲ ਇਹ ਖੜ੍ਹਾ ਹੁੰਦਾ ਹੈ ਕਿ ਕੀ ਭਾਜਪਾ ਸ਼ਹਿਰ ਦੇ ਵਿਕਾਸ ਕਾਰਜਾਂ ਨੂੰ ਸਫਲਤਾਪੂਰਵਕ ਨੇਪਰੇ ਚਾੜ੍ਹ ਸਕੇਗੀ ? ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ, ਇਸ ਲਈ ਨਗਰ ਕੌਂਸਲ ਨੂੰ ਗਰਾਂਟਾਂ ਅਤੇ ਪ੍ਰਸ਼ਾਸਨਿਕ ਮਨਜ਼ੂਰੀਆਂ ਲਈ ਸੂਬਾ ਸਰਕਾਰ ਨਾਲ ਤਾਲਮੇਲ ਬਣਾ ਕੇ ਚੱਲਣਾ ਪਵੇਗਾ। ਜੇਕਰ ਸਿਆਸੀ ਖਿੱਚੋਤਾਣ ਜਾਰੀ ਰਹਿੰਦੀ ਹੈ ਤਾਂ ਸ਼ਹਿਰੀ ਵਿਕਾਸ ਦੀ ਰਫ਼ਤਾਰ ਮੱਠੀ ਪੈਣ ਦਾ ਖ਼ਦਸ਼ਾ ਹੈ। ਜਿੱਤ ਦਾ ਦਾਅਵਾ ਕਰਨ ਵਾਲੀ ਕਾਂਗਰਸ ਲਈ ਇਹ ਨਤੀਜਾ ਇਕ ਵੱਡਾ ਸਿਆਸੀ ਝਟਕਾ ਮੰਨਿਆ ਜਾ ਰਿਹਾ ਹੈ। ਪ੍ਰਧਾਨਗੀ ਦਾ ਅਹੁਦਾ ਹੱਥੋਂ ਨਿਕਲਣ ਤੋਂ ਬਾਅਦ ਹੁਣ ਕਾਂਗਰਸ ਵਿਰੋਧੀ ਧਿਰ ਦੀ ਭੂਮਿਕਾ ਵਿਚ ਕਿਸ ਤਰ੍ਹਾਂ ਦਾ ਰੁੱਖ ਅਖ਼ਤਿਆਰ ਕਰਦੀ ਹੈ, ਇਹ ਦੇਖਣਾ ਦਿਲਚਸਪ ਹੋਵੇਗਾ। ਕਾਂਗਰਸ ਆਉਣ ਵਾਲੇ ਦਿਨਾਂ ਵਿਚ ਨਗਰ ਕੌਂਸਲ ਦੇ ਫ਼ੈਸਲਿਆਂ ਅਤੇ ਵਿਕਾਸ ਕਾਰਜਾਂ ’ਤੇ ਤਿੱਖੀ ਨਜ਼ਰ ਰੱਖ ਕੇ ਹਮਲਾਵਰ ਰੁੱਖ ਅਪਣਾ ਸਕਦੀ ਹੈ। ਮੀਟਿੰਗ ਵਿਚੋਂ ਗੈਰ-ਹਾਜ਼ਰ ਰਹਿਣ ਕਰਕੇ ਆਮ ਆਦਮੀ ਪਾਰਟੀ ਦੀ ਸਥਾਨਕ ਲੀਡਰਸ਼ਿਪ ’ਤੇ ਵੀ ਕਈ ਸਵਾਲ ਖੜ੍ਹੇ ਹੋ ਰਹੇ ਹਨ। ਆਉਣ ਵਾਲੇ ਸਮੇਂ ਵਿਚ ਸ਼ਹਿਰੀ ਰਾਜਨੀਤੀ ਵਿਚ ਆਪਣੀ ਪਕੜ ਮਜ਼ਬੂਤ ਰੱਖਣ ਲਈ ‘ਆਪ’ ਨੂੰ ਆਪਣੀ ਰਣਨੀਤੀ ’ਤੇ ਮੁੜ ਵਿਚਾਰ ਕਰਨ ਦੀ ਲੋੜ ਪਵੇਗੀ। ਫ਼ਾਜ਼ਿਲਕਾ ਨਗਰ ਕੌਂਸਲ ’ਤੇ ਭਾਜਪਾ ਦਾ ਕਬਜ਼ਾ ਹੋਣ ਨਾਲ ਸ਼ਹਿਰ ਦਾ ਸਿਆਸੀ ਪਾਰਾ ਚੜ੍ਹ ਗਿਆ ਹੈ। ਹੁਣ ਇਹ ਦੇਖਣਾ ਹੋਵੇਗਾ ਕਿ ਭਾਜਪਾ ਸੂਬਾ ਸਰਕਾਰ ਨਾਲ ਤਾਲਮੇਲ ਬਣਾ ਕੇ ਵਿਕਾਸ ਦੇ ਦਾਅਵਿਆਂ ’ਤੇ ਖਰੀ ਉੱਤਰਦੀ ਹੈ ਜਾਂ ਫਿਰ ਸਿਆਸੀ ਖਿੱਚੋਤਾਣ ਦਾ ਖ਼ਮਿਆਜ਼ਾ ਸ਼ਹਿਰ ਦੇ ਵਿਕਾਸ ਨੂੰ ਭੁਗਤਣਾ ਪਵੇਗਾ।