ਫ਼ਾਜ਼ਿਲਕਾ, 22 ਜੁਲਾਈ (ਦਵਿੰਦਰ ਪਾਲ ਸਿੰਘ)-ਪੀ.ਐੱਸ.ਈ.ਬੀ. ਇੰਪਲਾਈਜ਼ ਜੁਆਇੰਟ ਫੋਰਮ ਅਤੇ ਬਿਜਲੀ ਮੁਲਾਜ਼ਮ ਏਕਤਾ ਮੰਚ, ਪੀ.ਐੱਸ.ਪੀ.ਸੀ.ਐੱਲ.ਵੰਡ ਮੰਡਲ ਫ਼ਾਜ਼ਿਲਕਾ ਦੇ ਸੱਦੇ ’ਤੇ ਵੱਖ-ਵੱਖ ਜਥੇਬੰਦੀਆਂ ਵਲੋਂ ਮੰਨੀਆਂ ਮੰਗਾਂ ਲਾਗੂ ਨਾ ਕਰਨ ਦੇ ਰੋਸ ਵਜੋਂ ਦੂਸਰੇ ਦਿਨ ਮੰਡਲ ਦਫ਼ਤਰ ਫ਼ਾਜ਼ਿਲਕਾ ਦੇ ਗੇਟ ਅੱਗੇ ਵਿਸ਼ਾਲ ਰੋਸ ਰੈਲੀ ਕੀਤੀ ਗਈ। ਬੁਲਾਰਿਆਂ ਨੇ ਦੱਸਿਆ ਕਿ ਸਰਕਾਰ ਅਤੇ ਬਿਜਲੀ ਨਿਗਮ ਦੀ ਮੈਨੇਜਮੈਂਟ ਨਾਲ ਹੋਈਆਂ ਮੀਟਿੰਗਾਂ ਬੇਸਿੱਟਾ ਰਹਿਣ ਕਾਰਨ ਮੁਲਾਜ਼ਮਾਂ ’ਚ ਭਾਰੀ ਰੋਸ ਹੈ। ਉਨ੍ਹਾਂ ਦੀਆਂ ਮੁੱਖ ਮੰਗਾਂ ’ਚ 17-07-2020 ਦਾ ਪੱਤਰ ਰੱਦ ਕਰਕੇ ਛੇਵੇਂ ਪੇ ਕਮਿਸ਼ਨ ਅਨੁਸਾਰ ਵਧੀ ਹੋਈ ਤਨਖ਼ਾਹ ਦੇਣਾ, ਪਰਖ ਕਾਲ ਸਮੇਂ ਪੂਰੀ ਤਨਖ਼ਾਹ ਦੇਣਾ, ਪੁਰਾਣੀ ਪੈਨਸ਼ਨ ਬਹਾਲ ਕਰਨਾ, 18% ਡੀ.ਏ. ਦਾ ਬਕਾਇਆ ਜਾਰੀ ਕਰਨਾ ਅਤੇ ਖ਼ਾਲੀ ਪਈਆਂ ਅਸਾਮੀਆਂ ਭਰਨਾ ਸ਼ਾਮਲ ਹਨ। ਆਗੂਆਂ ਨੇ ਐਲਾਨ ਕੀਤਾ ਕਿ ਜੇਕਰ ਸਰਕਾਰ ਨੇ ਮੰਗਾਂ ਦਾ ਹੱਲ ਨਾ ਕੀਤਾ ਤਾਂ 23 ਅਤੇ 24 ਜੁਲਾਈ ਨੂੰ ਵੀ ਦੋ ਦਿਨ ਦੀ ਸਮੂਹਿਕ ਛੁੱਟੀ ਲੈ ਕੇ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ। ਇਸ ਮੌਕੇ ਮਲਕੀਤ ਸਿੰਘ, ਸੁਨੀਲ ਕੁਮਾਰ, ਨਟਵਰ ਸਿੰਘ, ਹੰਸਾ ਸਿੰਘ, ਮੇਜਰ ਸਿੰਘ, ਗੁਰਰਾਜ ਸਿੰਘ, ਸੁਰਿੰਦਰ ਕੁਮਾਰ, ਪੈਨਸ਼ਨਰ ਆਗੂ ਓਮ ਪ੍ਰਕਾਸ਼ ਅਤੇ ਹਰੀਸ਼ ਉੱਤਮ ਆਦਿ ਹਾਜ਼ਰ ਸਨ।