ਅਬੋਹਰ, 26 ਜੁਲਾਈ (ਤੇਜਿੰਦਰ ਸਿੰਘ ਖ਼ਾਲਸਾ)-ਨਗਰ ਨਿਗਮ ਦੇ ਸਫ਼ਾਈ ਸੇਵਕਾਂ ਦੀ ਚੱਲ ਰਹੀ ਹੜਤਾਲ ਕਾਰਨ ਸ਼ਹਿਰ ਵਿਚ ਫੈਲੀ ਗੰਦਗੀ ਨੂੰ ਦੇਖਦੇ ਹੋਏ ਭਾਈ ਘਨੱਈਆ ਜੀ ਸੇਵਾ ਸੁਸਾਇਟੀ ਵਲੋਂ ਸਮਾਜਿਕ ਜ਼ਿੰਮੇਵਾਰੀ ਨਿਭਾਉਂਦਿਆਂ ਸਫ਼ਾਈ ਮੁਹਿੰਮ ਚਲਾਈ ਗਈ। ਸੁਸਾਇਟੀ ਦੇ ਸੇਵਾਦਾਰਾਂ ਨੇ ਮਲੋਟ ਰੋਡ ਸਥਿਤ ਕੂੜਾ ਡੰਪ ਅਤੇ ਨਹਿਰੂ ਸਟੇਡੀਅਮ ਨੇੜੇ ਬਣੇ ਕੂੜਾ ਡੰਪਾਂ ਦੀ ਸਫ਼ਾਈ ਕਰਕੇ ਇਲਾਕੇ ਨੂੰ ਸਾਫ਼-ਸੁਥਰਾ ਬਣਾਉਣ ਦਾ ਉਪਰਾਲਾ ਕੀਤਾ। ਇਸ ਮੌਕੇ ਸੁਸਾਇਟੀ ਦੇ ਪ੍ਰਧਾਨ ਪਰਮਿੰਦਰ ਸਿੰਘ ਪੰਮਾ ਖ਼ਾਲਸਾ ਨੇ ਕਿਹਾ ਕਿ ਸਫ਼ਾਈ ਕੇਵਲ ਨਗਰ ਨਿਗਮ ਦੀ ਹੀ ਨਹੀਂ, ਸਗੋਂ ਹਰ ਨਾਗਰਿਕ ਦੀ ਸਾਂਝੀ ਜ਼ਿੰਮੇਵਾਰੀ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਘਰਾਂ ਅਤੇ ਆਲੇ-ਦੁਆਲੇ ਦੀ ਸਫ਼ਾਈ ਦਾ ਵਿਸ਼ੇਸ਼ ਧਿਆਨ ਰੱਖਣ, ਕੂੜਾ ਇੱਧਰ-ਉੱਧਰ ਨਾ ਸੁੱਟਣ ਅਤੇ ਸਫ਼ਾਈ ਪ੍ਰਤੀ ਜਾਗਰੂਕ ਹੋ ਕੇ ਸਿਹਤਮੰਦ ਅਤੇ ਸੁੰਦਰ ਸ਼ਹਿਰ ਦੀ ਸਿਰਜਣਾ ਵਿਚ ਆਪਣਾ ਯੋਗਦਾਨ ਪਾਉਣ। ਸਫ਼ਾਈ ਅਭਿਆਨ ਦੌਰਾਨ ਬਲਵਿੰਦਰ ਸਿੰਘ ਬਿੰਦਰ ਖ਼ਾਲਸਾ, ਅਕਾਲੀ ਆਗੂ ਹਰਪਾਲ ਸਿੰਘ ਸੰਧੂ ਸਮੇਤ ਸੁਸਾਇਟੀ ਦੇ ਹੋਰ ਸੇਵਾਦਾਰ ਵੀ ਹਾਜ਼ਰ ਰਹੇ। ਸ਼ਹਿਰ ਵਾਸੀਆਂ ਨੇ ਸੁਸਾਇਟੀ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਇਸ ਨੂੰ ਸਮਾਜ ਸੇਵਾ ਦੀ ਪ੍ਰੇਰਨਾਦਾਇਕ ਮਿਸਾਲ ਕਰਾਰ ਦਿੱਤਾ।