ਅਬੋਹਰ, 30 ਜੁਲਾਈ (ਤੇਜਿੰਦਰ ਸਿੰਘ ਖ਼ਾਲਸਾ)-ਡੀ.ਏ.ਵੀ ਕਾਲਜ ਜਲੰਧਰ ਵਿਖੇ ਹੋਏ ਪੰਜਾਬ ਐਂਡ ਚੰਡੀਗੜ੍ਹ ਕਾਲਜ ਟੀਚਰਜ਼ ਯੂਨੀਅਨ ਦੇ 69ਵੇਂ ਜਨਰਲ ਇਜਲਾਸ ਦੌਰਾਨ ਡੀ.ਏ.ਵੀ ਕਾਲਜ ਅਬੋਹਰ ਦੇ ਸੀਨੀਅਰ ਪ੍ਰੋਫੈਸਰ ਅਤੇ ਲੰਬੇ ਸਮੇਂ ਤੱਕ ਫ਼ਾਜ਼ਿਲਕਾ ਜ਼ਿਲ੍ਹਾ ਇਕਾਈ ਦੇ ਪ੍ਰਧਾਨ ਰਹੇ ਡਾ.ਰਾਜੇਸ਼ ਖੱਤਰੀ ਨੂੰ ਯੂਨੀਅਨ ਦਾ ਉਪ ਪ੍ਰਧਾਨ ਚੁਣੇ ਜਾਣ ’ਤੇ ਡੀ.ਏ.ਵੀ ਕਾਲਜ ਅਬੋਹਰ ਦੀ ਸਥਾਨਕ ਇਕਾਈ ਵਲੋਂ ਖ਼ੁਸ਼ੀ ਦਾ ਪ੍ਰਗਟਾਵਾ ਕਰਦਿਆਂ ਉਨ੍ਹਾਂ ਨੂੰ ਹਾਰਦਿਕ ਵਧਾਈ ਅਤੇ ਸ਼ੁੱਭਕਾਮਨਾਵਾਂ ਦਿੱਤੀਆਂ ਗਈਆਂ। ਸਥਾਨਕ ਇਕਾਈ ਦੀ ਪ੍ਰਧਾਨ ਡਾ.ਕਿਰਨ ਗਰੋਵਰ, ਜਨਰਲ ਸਕੱਤਰ, ਨਵਨੀਤ ਗੋਲਛਾ, ਉਪ ਪ੍ਰਧਾਨ ਡਾ.ਸੌਰਭ ਨਾਰੰਗ, ਸੰਯੁਕਤ ਸਕੱਤਰ ਡਾ.ਮਨੋਜ ਕੁਮਾਰ, ਵਿੱਤ ਸਕੱਤਰ ਡਾ.ਵਿਜੈ ਛਾਬੜਾ, ਡਾ.ਤਰਸੇਮ ਸ਼ਰਮਾ, ਪ੍ਰੋ.ਕੁਨਾਲ ਸ਼ਰਮਾ, ਡਾ.ਸੰਦੀਪ ਅਗਰਵਾਲ ਅਤੇ ਇਕਾਈ ਦੇ ਸਮੂਹ ਮੈਂਬਰਾਂ ਨੇ ਡਾ.ਖੱਤਰੀ ਨੂੰ ਇਸ ਮਹੱਤਵਪੂਰਨ ਅਤੇ ਵੱਕਾਰੀ ਜ਼ਿੰਮੇਵਾਰੀ ਲਈ ਵਧਾਈ ਦਿੰਦਿਆਂ ਕਿਹਾ ਕਿ ਇਹ ਸਿਰਫ਼ ਡੀ.ਏ.ਵੀ ਕਾਲਜ ਅਬੋਹਰ ਹੀ ਨਹੀਂ ਸਗੋਂ ਸਮੁੱਚੇ ਫ਼ਾਜ਼ਿਲਕਾ ਜ਼ਿਲ੍ਹੇ ਦੇ ਅਧਿਆਪਕ ਭਾਈਚਾਰੇ ਲਈ ਮਾਣ ਵਾਲੀ ਗੱਲ ਹੈ। ਇਕਾਈ ਦੇ ਮੈਂਬਰਾਂ ਨੇ ਕਿਹਾ ਕਿ ਡਾ.ਰਾਜੇਸ਼ ਖੱਤਰੀ ਨੇ ਜ਼ਿਲ੍ਹਾ ਪ੍ਰਧਾਨ ਵਜੋਂ ਆਪਣੇ ਲੰਬੇ ਕਾਰਜਕਾਲ ਦੌਰਾਨ ਕਾਲਜ ਅਧਿਆਪਕਾਂ ਦੀਆਂ ਸਮੱਸਿਆਵਾਂ ਦੇ ਹੱਲ ਅਤੇ ਉਨ੍ਹਾਂ ਦੇ ਹੱਕਾਂ ਦੀ ਰਾਖੀ ਲਈ ਹਮੇਸ਼ਾ ਸਰਗਰਮ ਅਤੇ ਪ੍ਰਭਾਵਸ਼ਾਲੀ ਭੂਮਿਕਾ ਨਿਭਾਈ ਹੈ। ਉਨ੍ਹਾਂ ਦੇ ਤਜਰਬੇ, ਸਮਰਪਣ ਅਤੇ ਮਜ਼ਬੂਤ ਲੀਡਰਸ਼ਿਪ ਨੂੰ ਦੇਖਦਿਆਂ ਯੂਨੀਅਨ ਦੀ ਕੇਂਦਰੀ ਕਾਰਜਕਾਰਨੀ ਵਿਚ ਉਨ੍ਹਾਂ ਨੂੰ ਉਪ ਪ੍ਰਧਾਨ ਵਰਗੀ ਅਹਿਮ ਜ਼ਿੰਮੇਵਾਰੀ ਸੌਂਪਣਾ ਇਕ ਸਵਾਗਤ ਯੋਗ ਅਤੇ ਉਚਿੱਤ ਫ਼ੈਸਲਾ ਹੈ।