ਜਲਾਲਾਬਾਦ,30 ਜੁਲਾਈ (ਜਤਿੰਦਰ ਪਾਲ ਸਿੰਘ/ਕਰਨ ਚੁਚਰਾ)-ਜਲਾਲਾਬਾਦ ’ਚ ਪੰਜਾਬ ਬੰਦ ਨੂੰ ਪੂਰਾ ਸਮਰਥਨ ਮਿਲਿਆ। ਇਸ ਦੇ ਹੱਕ ਵਿਚ ਜਲਾਲਾਬਾਦ ਦੇ ਬਾਜ਼ਾਰ ਪੂਰਨ ਤੋਰ ’ਤੇ ਬੰਦ ਰਹੇ ਅਤੇ ਸ਼ਾਮ ਨੂੰ 4 ਵਜੇ ਤੋਂ ਬਾਅਦ ਹੀ ਦੁਕਾਨਾਂ ਖੋਲੀਆਂ ਗਈਆਂ। ਬਰਨਾਲਾ ਵਿਖੇ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਸਫ਼ਾਈ ਸੇਵਕਾਂ ’ਤੇ ਪੁਲਿਸ ਵਲੋਂ ਕੀਤੇ ਗਏ ਕਥਿਤ ਤਸ਼ੱਦਦ ਖ਼ਿਲਾਫ਼ ਪੰਜਾਬ ਬੰਦ ਦੀ ਆਵਾਜ਼ ਕਾਰਨ ਸ਼ਹਿਰ ਵਿਚ ਵੀ ਬਾਲਮੀਕੀ ਸਮਾਜ ਅਤੇ ਸਫ਼ਾਈ ਕਰਮਚਾਰੀ ਵਲੋਂ ਵੱਖ‘ਵੱਖ ਸਮਾਜਸੇਵੀ ਸੰਸਥਾਵਾਂ ਦੇ ਸਹਿਯੋਗ ਦੇ ਨਾਲ ਰੋਸ ਮਾਰਚ ਵੀ ਕੀਤਾ ਗਿਆ। ਬਰਨਾਲਾ ਘਟਨਾ ਦੇ ਵਿਰੋਧ ਵਿਚ ਵੱਖ-ਵੱਖ ਜਥੇਬੰਦੀਆਂ ਵਲੋਂ ਸਫ਼ਾਈ ਸੇਵਕਾਂ ਨੂੰ ਇਨਸਾਫ਼ ਦਿਵਾਉਣ ਅਤੇ ਉਨ੍ਹਾਂ ਦੀਆਂ ਹੱਕੀ ਮੰਗਾਂ ਦੇ ਸਮਰਥਨ ਵਿਚ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਸੀ। ਵਪਾਰ ਮੰਡਲ ਜਲਾਲਾਬਾਦ ਵਲੋਂ ਵੀ ਸ਼ਹਿਰ ਨੂੰ ਮੁਕੰਮਲ ਬੰਦ ਰੱਖਣ ਦਾ ਐਲਾਨ ਕੀਤਾ ਗਿਆ ਸੀ ਅਤੇ ਅੱਜ ਪੂਰਾ ਸਾਥ ਦਿੱਤਾ ਗਿਆ। ਜਲਾਲਾਬਾਦ ਵਿਚ ਵੱਖ-ਵੱਖ ਸਮਾਜ ਸੇਵੀ ਜਥੇਬੰਦੀਆਂ ਅਤੇ ਯੂਨੀਅਨਾਂ ਵਲੋਂ ਸਫ਼ਾਈ ਸੇਵਕਾਂ ਦੇ ਹੱਕ ਵਿਚ ਪੂਰਨ ਸਮਰਥਨ ਦਿੱਤਾ ਗਿਆ, ਜਿਸ ਕਾਰਨ ਸ਼ਹਿਰ ਦੇ ਜ਼ਿਆਦਾਤਰ ਬਾਜ਼ਾਰ ਅਤੇ ਵਪਾਰਕ ਅਦਾਰੇ ਬੰਦ ਰਹੇ। ਸ਼ਹਿਰ ਦੀ ਅਨਾਜ ਮੰਡੀ, ਸਬਜ਼ੀ ਮੰਡੀ ਵੀ ਪੂਰੀ ਤਰਾਂ ਬੰਦ ਦਿਖਾਈ ਦਿੱਤੀ, ਜਦਕਿ ਦੁਕਾਨਾਂ ਪੂਰਨ ਤੋਰ ’ਤੇ ਬੰਦ ਰਹੀਆਂ ਅਤੇ ਆਮ ਕਾਰੋਬਾਰੀ ਗਤੀਵਿਧੀਆਂ ਠੱਪ ਰਹੀਆਂ। ਹਾਲਾਂਕਿ ਲੋਕਾਂ ਦੀ ਸਹੂਲਤ ਨੂੰ ਧਿਆਨ ਵਿਚ ਰੱਖਦੇ ਹੋਏ ਐਮਰਜੈਂਸੀ ਸੇਵਾਵਾਂ, ਸਕੂਲ-ਕਾਲਜ, ਪੈਟਰੋਲ ਪੰਪ ਅਤੇ ਮੈਡੀਕਲ ਸਟੋਰ ਆਮ ਵਾਂਗ ਖੁੱਲ੍ਹੇ ਰਹੇ। ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਅਤੇ ਆਮ ਲੋਕਾਂ ਨੇ ਸੂਬਾ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਸਫ਼ਾਈ ਸੇਵਕਾਂ ਨੂੰ ਇਨਸਾਫ਼ ਨਾ ਮਿਲਿਆ ਅਤੇ ਉਨ੍ਹਾਂ ਨਾਲ ਕੁੱਟਮਾਰ ਕਰਨ ਵਾਲੇ ਪੁਲਿਸ ਅਧਿਕਾਰੀਆਂ ਖ਼ਿਲਾਫ਼ ਸਖ਼ਤ ਕਾਰਵਾਈ ਨਾ ਕੀਤੀ ਗਈ ਤਾਂ ਇਹ ਸੰਘਰਸ਼ ਆਉਣ ਵਾਲੇ ਸਮੇਂ ਵਿਚ ਹੋਰ ਵੀ ਤੇਜ਼ ਕੀਤਾ ਜਾਵੇਗਾ। ਮੌਕੇ ’ਤੇ ਹਾਜ਼ਰ ਵੱਖ ਵੱਖ ਜਥੇਬੰਦੀਆਂ ਦੇ ਆਗੂਆਂ ਨੇ ਮੰਗ ਕੀਤੀ ਕਿ ਸਫ਼ਾਈ ਸੇਵਕਾਂ ਦੀਆਂ ਲੰਬੇ ਸਮੇਂ ਤੋਂ ਲਟਕ ਰਹੀਆਂ ਹੱਕੀ ਮੰਗਾਂ ਨੂੰ ਤੁਰੰਤ ਮੰਨਿਆ ਜਾਵੇ ਅਤੇ ਘਟਨਾ ਲਈ ਜ਼ਿੰਮੇਵਾਰ ਅਧਿਕਾਰੀਆਂ ਖ਼ਿਲਾਫ਼ ਨਿਰਪੱਖ ਜਾਂਚ ਕਰਵਾ ਕੇ ਕਾਨੂੰਨੀ ਕਾਰਵਾਈ ਕੀਤੀ ਜਾਵੇ।