ਸ਼ਾਰਟ ਸਰਕਟ ਕਾਰਨ 7 ਪਸ਼ੂ ਸੜੇ, ਪਸ਼ੂ ਪਾਲਕ ਦਾ ਕਰੀਬ 8 ਲੱਖ ਰੁਪਏ ਦਾ ਨੁਕਸਾਨ
ਜਲਾਲਾਬਾਦ, 9 ਸਤੰਬਰ (ਜਤਿੰਦਰ ਪਾਲ ਸਿੰਘ)- ਜਲਾਲਾਬਾਦ ਹਲਕੇ ਦੇ ਪਿੰਡ ਚੱਕ ਜਾਨੀਸਰ ਵਿਖੇ ਬੀਤੀ ਰਾਤ ਇਕ ਪਸ਼ੂ ਪਾਲਕ ਦੇ ਪਸ਼ੂਆਂ ਵਾਲੇ ਵਾੜੇ ਨੂੰ ਸ਼ਾਰਟ ਸਰਕਟ ਕਾਰਨ ਅੱਗ ਲੱਗ ਜਾਣ ਨਾਲ 7 ਪਸ਼ੂਆਂ ਦੇ ਸੜ ਕੇ ਮਰਨ ਅਤੇ 2 ਪਸ਼ੂਆਂ ਦੇ ਬੁਰੀ ਤਰ੍ਹਾਂ ਝੁਲਸ ਜਾਣ ਦੀ ਦੁਖਦਾਈ ਘਟਨਾ ਸਾਹਮਣੇ ਆਈ ਹੈ। ਇਸ ਹਾਦਸੇ ਵਿਚ ਪੀੜਤ ਪਰਿਵਾਰ ਦਾ ਕਰੀਬ 8 ਲੱਖ ਰੁਪਏ ਦਾ ਨੁਕਸਾਨ ਹੋਣ ਦਾ ਅਨੁਮਾਨ ਹੈ।
ਵ
ਵਿਜੈ ਯਾਦਵ ਆਪਣੇ ਮਰੇ ਹੋਏ ਪਸ਼ੂ ਦਿਖਾਉਂਦਾ ਹੋਇਆ। ਤਸਵੀਰ-ਜਤਿੰਦਰ ਪਾਲ ਸਿੰਘ
10-09-2026
ਜਲਾਲਾਬਾਦ, 9 ਸਤੰਬਰ (ਜਤਿੰਦਰ ਪਾਲ ਸਿੰਘ)- ਜਲਾਲਾਬਾਦ ਹਲਕੇ ਦੇ ਪਿੰਡ ਚੱਕ ਜਾਨੀਸਰ ਵਿਖੇ ਬੀਤੀ ਰਾਤ ਇਕ ਪਸ਼ੂ ਪਾਲਕ ਦੇ ਪਸ਼ੂਆਂ ਵਾਲੇ ਵਾੜੇ ਨੂੰ ਸ਼ਾਰਟ ਸਰਕਟ ਕਾਰਨ ਅੱਗ ਲੱਗ ਜਾਣ ਨਾਲ 7 ਪਸ਼ੂਆਂ ਦੇ ਸੜ ਕੇ ਮਰਨ ਅਤੇ 2 ਪਸ਼ੂਆਂ ਦੇ ਬੁਰੀ ਤਰ੍ਹਾਂ ਝੁਲਸ ਜਾਣ ਦੀ ਦੁਖਦਾਈ ਘਟਨਾ ਸਾਹਮਣੇ ਆਈ ਹੈ। ਇਸ ਹਾਦਸੇ ਵਿਚ ਪੀੜਤ ਪਰਿਵਾਰ ਦਾ ਕਰੀਬ 8 ਲੱਖ ਰੁਪਏ ਦਾ ਨੁਕਸਾਨ ਹੋਣ ਦਾ ਅਨੁਮਾਨ ਹੈ। ਘਟਨਾ ਤੋਂ ਬਾਅਦ ਪਿੰਡ ਵਿਚ ਸੋਗ ਅਤੇ ਚਿੰਤਾ ਦਾ ਮਾਹੌਲ ਬਣਿਆ ਹੋਇਆ ਹੈ। ਪੀੜਤ ਪਸ਼ੂ ਪਾਲਕ ਵਿਜੈ ਯਾਦਵ ਪੁੱਤਰ ਸੀਆ ਰਾਮ ਯਾਦਵ ਨੇ ਦੱਸਿਆ ਕਿ ਉਹ ਪਸ਼ੂ ਪਾਲਨ ਦੇ ਨਾਲ-ਨਾਲ ਖੇਤ ਮਜ਼ਦੂਰੀ ਕਰਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਦੇ ਹਨ। ਉਨ੍ਹਾਂ ਦੱਸਿਆ ਕਿ ਪਸ਼ੂ ਉਨ੍ਹਾਂ ਦੀ ਆਮਦਨ ਦਾ ਇੱਕ ਵੱਡਾ ਸਹਾਰਾ ਸਨ। ਉਨ੍ਹਾਂ ਦੱਸਿਆ ਕਿ ਬੀਤੀ ਰਾਤ ਪਸ਼ੂਆਂ ਨੂੰ ਵਾੜੇ ਵਿਚ ਬੰਨ੍ਹ ਕੇ ਉਹ ਆਪਣੇ ਘਰ ਵਿਚ ਸਨ ਕਿ ਅਚਾਨਕ ਪਸ਼ੂਆਂ ਦੇ ਉੱਪਰ ਲੱਗੇ ਛੱਤ ਵਾਲੇ ਪੱਖੇ ਵਿਚ ਸਪਾਰਕਿੰਗ ਹੋਈ ਤੇ ਉਸ ਤੋਂ ਬਾਅਦ ਅੱਗ ਭੜਕ ਉੱਠੀ। ਵੇਖਦੇ ਹੀ ਵੇਖਦੇ ਅੱਗ ਨੇ ਭਿਆਨਕ ਰੂਪ ਧਾਰਨ ਕਰ ਲਿਆ ਤੇ ਪਸ਼ੂਆਂ ਵਾਲੇ ਵਾੜੇ ਨੂੰ ਆਪਣੀ ਲਪੇਟ ਵਿਚ ਲੈ ਲਿਆ। ਅੱਗ ਇੰਨੀ ਤੇਜ਼ੀ ਨਾਲ ਫੈਲੀ ਕਿ ਪਸ਼ੂਆਂ ਨੂੰ ਬਾਹਰ ਕੱਢਣ ਦਾ ਪੂਰਾ ਮੌਕਾ ਵੀ ਨਹੀਂ ਮਿਲ ਸਕਿਆ। ਵਿਜੈ ਯਾਦਵ ਅਨੁਸਾਰ ਅੱਗ ਦੀ ਲਪੇਟ ਵਿਚ ਆਉਣ ਕਾਰਨ ਉਨ੍ਹਾਂ ਦੀਆਂ 3 ਗਾਵਾਂ, 2 ਝੋਟੀਆਂ ਅਤੇ 1 ਬੱਕਰੀ ਸੜ ਕੇ ਮਰ ਗਈਆਂ। ਇਸ ਤੋਂ ਇਲਾਵਾ ਇੱਕ ਗੱਭਣ ਗਾਂ ਅਤੇ ਇੱਕ ਵੱਛੀ ਵੀ ਅੱਗ ਦੀ ਲਪੇਟ ’ਚ ਆ ਗਈ। ਪੀੜਤ ਨੇ ਦੱਸਿਆ ਕਿ ਗੱਭਣ ਗਾਂ ਦੀ ਹਾਲਤ ਵੀ ਚਿੰਤਾਜਨਕ ਬਣੀ ਹੋਈ ਹੈ।ਪੀੜਤ ਨੇ ਕਿਹਾ ਕਿ ਇੱਕੋ ਰਾਤ ਵਿਚ ਇੰਨਾ ਵੱਡਾ ਨੁਕਸਾਨ ਹੋਣ ਕਾਰਨ ਉਨ੍ਹਾਂ ਲਈ ਪਰਿਵਾਰ ਦਾ ਗੁਜ਼ਾਰਾ ਚਲਾਉਣਾ ਵੀ ਮੁਸ਼ਕਲ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਉਹ ਪਹਿਲਾਂ ਹੀ ਮਿਹਨਤ-ਮਜ਼ਦੂਰੀ ਕਰਕੇ ਬੜੀ ਮੁਸ਼ਕਲ ਨਾਲ ਘਰ ਦਾ ਖਰਚਾ ਚਲਾਉਂਦੇ ਹਨ। ਪਿੰਡ ਵਾਸੀਆਂ ਨੇ ਸਰਕਾਰ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਮੌਕੇ ਦਾ ਜਾਇਜ਼ਾ ਲੈ ਕੇ ਹੋਏ ਨੁਕਸਾਨ ਦੀ ਰਿਪੋਰਟ ਤਿਆਰ ਕਰਵਾਈ ਜਾਵੇ ਤੇ ਪੀੜਤ ਪਰਿਵਾਰ ਨੂੰ ਬਣਦੀ ਮੁਆਵਜ਼ਾ ਰਾਸ਼ੀ ਜਲਦ ਤੋਂ ਜਲਦ ਦਿੱਤੀ ਜਾਵੇ।