ਰੇਲਵੇ ਪੁਲ ਨੇੜੇ ਖੁੱਲ੍ਹੀ ਖੂਹੀ ਬਣੀ ਹਾਦਸੇ ਦਾ ਕਾਰਨ, ਨੌਜਵਾਨ ਗੰਭੀਰ ਜ਼ਖ਼ਮੀ
ਫ਼ਾਜ਼ਿਲਕਾ, 17 ਅਕਤੂਬਰ (ਅਮਰਜੀਤ ਸ਼ਰਮਾ)- ਸ਼ਹਿਰ ਅੰਦਰ ਬਣੇ ਜ਼ਮੀਨਦੋਜ਼ ਰੇਲਵੇ ਪੁਲ ਦੇ ਨੇੜੇ ਪਾਣੀ ਦੀ ਨਿਕਾਸੀ ਲਈ ਬਣਾਈ ਗਈ ਖੂਹੀ ਦਾ ਢੱਕਣ ਅੱਧਾ ਖੁੱਲ੍ਹਾ ਹੋਣ ਕਾਰਨ ਇਕ ਨੌਜਵਾਨ ਹਾਦਸੇ ਦਾ ਸ਼ਿਕਾਰ ਹੋ ਗਿਆ। ਖੂਹੀ ਵਿਚ ਡਿੱਗਣ ਕਾਰਨ ਨੌਜਵਾਨ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ ਜਿਸ ਨੂੰ ਇਲਾਜ ਲਈ ਤੁਰੰਤ ਸਿਵਲ ਹਸਪਤਾਲ ਪਹੁੰਚਾਇਆ ਗਿਆ।
ਫ਼ਾਜ਼ਿਲਕਾ, 17 ਅਕਤੂਬਰ (ਅਮਰਜੀਤ ਸ਼ਰਮਾ)- ਸ਼ਹਿਰ ਅੰਦਰ ਬਣੇ ਜ਼ਮੀਨਦੋਜ਼ ਰੇਲਵੇ ਪੁਲ ਦੇ ਨੇੜੇ ਪਾਣੀ ਦੀ ਨਿਕਾਸੀ ਲਈ ਬਣਾਈ ਗਈ ਖੂਹੀ ਦਾ ਢੱਕਣ ਅੱਧਾ ਖੁੱਲ੍ਹਾ ਹੋਣ ਕਾਰਨ ਇਕ ਨੌਜਵਾਨ ਹਾਦਸੇ ਦਾ ਸ਼ਿਕਾਰ ਹੋ ਗਿਆ। ਖੂਹੀ ਵਿਚ ਡਿੱਗਣ ਕਾਰਨ ਨੌਜਵਾਨ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ ਜਿਸ ਨੂੰ ਇਲਾਜ ਲਈ ਤੁਰੰਤ ਸਿਵਲ ਹਸਪਤਾਲ ਪਹੁੰਚਾਇਆ ਗਿਆ। ਜਾਣਕਾਰੀ ਅਨੁਸਾਰ ਨੌਜਵਾਨ ਰੇਲ ਗੱਡੀ ’ਤੇ ਚੜ੍ਹਨ ਲਈ ਕਾਹਲੀ ਵਿਚ ਭੱਜ ਰਿਹਾ ਸੀ ਕਿ ਇਸ ਦੌਰਾਨ ਉਹ ਪਾਣੀ ਦੀ ਨਿਕਾਸੀ ਲਈ ਬਣਾਈ ਗਈ ਖੂਹੀ ਵਿਚ ਜਾ ਡਿੱਗਿਆ। ਖੂਹੀ ਦਾ ਅੱਧਾ ਢੱਕਣ ਬੰਦ ਸੀ ਜਦਕਿ ਬਾਕੀ ਹਿੱਸਾ ਖੁੱਲ੍ਹਾ ਹੋਣ ਕਾਰਨ ਇਹ ਹਾਦਸਾ ਵਾਪਰ ਗਿਆ। ਘਟਨਾ ਤੋਂ ਬਾਅਦ ਰਾਹਗੀਰਾਂ ਵਲੋਂ ਰੌਲਾ ਪਾਉਣ ’ਤੇ ਆਸ-ਪਾਸ ਦੇ ਲੋਕ ਇਕੱਠੇ ਹੋ ਗਏ ਤੇ ਪੁਲਿਸ ਨੂੰ ਸੂਚਨਾ ਦਿੱਤੀ ਗਈ। ਇਸ ਤੋਂ ਬਾਅਦ ਖੂਹੀ ਵਿਚ ਉੱਤਰਨ ਲਈ ਫਾਇਰ ਬ੍ਰਿਗੇਡ ਦੀ ਪੌੜੀ ਮੰਗਵਾਈ ਗਈ ਜਿਸ ਤੋਂ ਬਾਅਦ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੇ ਖੂਹੀ ਦੇ ਵਿਚ ਪੌੜੀ ਉਤਾਰੀ। ਖੂਹੀ ਵਿਚ ਡਿੱਗਿਆ ਉਕਤ ਨੌਜਵਾਨ ਬੜਾ ਹੌਸਲੇ ਵਾਲਾ ਸੀ ਜੋ ਕਿ ਖ਼ੁਦ ਹੀ ਬੁਰੀ ਤਰ੍ਹਾਂ ਜ਼ਖਮੀ ਹਾਲਤ ਵਿਚ ਆਪਣੇ ਆਪ ਹੀ ਪੌੜੀ ’ਤੇ ਚੜ੍ਹ ਕੇ ਬਾਹਰ ਨਿਕਲ ਗਿਆ। ਇਸ ਤੋਂ ਬਾਅਦ ਉਸ ਨੂੰ ਇਲਾਜ ਲਈ ਸਿਵਲ ਹਸਪਤਾਲ ਲਿਜਾਇਆ ਗਿਆ ਜਿਸ ਦੀ ਪਹਿਚਾਣ ਅਰਸ਼ਦੀਪ ਵਾਸੀ ਚਿਮਨੇਵਾਲਾ ਵਜੋਂ ਹੋਈ ਹੈ। ਗ਼ਨੀਮਤ ਰਹੀ ਕਿ ਇਹ ਹਾਦਸਾ ਦਿਨ ਵੇਲੇ ਵਾਪਰਿਆ, ਜਿਸ ਕਾਰਨ ਰਾਹਗੀਰਾਂ ਦੀ ਨਜ਼ਰ ਖੁੱਲ੍ਹੀ ਖੂਹੀ ਵਿਚ ਡਿੱਗੇ ਨੌਜਵਾਨ ’ਤੇ ਪੈ ਗਈ ਤੇ ਸਮੇਂ ਸਿਰ ਬਚਾਅ ਕਾਰਜ ਸ਼ੁਰੂ ਹੋ ਸਕੇ। ਘਟਨਾ ਨੇ ਰੇਲਵੇ ਪੁਲ ਨੇੜੇ ਖੁੱਲ੍ਹੀ ਪਈ ਖੂਹੀ ਤੇ ਸੁਰੱਖਿਆ ਪ੍ਰਬੰਧਾਂ ’ਤੇ ਸਵਾਲ ਖੜ੍ਹੇ ਕਰ ਦਿੱਤੇ ਹਨ।