ਫ਼ਾਜ਼ਿਲਕਾ ਬਲਾਕ ’ਚ ਝੋਨੇ ਦੀ ਵਢਾਈ ਦਾ ਸੀਜ਼ਨ ਜ਼ੋਰਾਂ ’ਤੇ
ਪਰਮਲ ਅਤੇ ਬਾਸਮਤੀ ਦੀ ਆਮਦ ਨਾਲ ਮੰਡੀਆਂ ਭਰੀਆਂ
ਫ਼ਾਜ਼ਿਲਕਾ, 20 ਅਕਤੂਬਰ (ਦਵਿੰਦਰ ਪਾਲ ਸਿੰਘ)-ਸਰਹੱਦੀ ਜ਼ਿਲ੍ਹੇ ਫ਼ਾਜ਼ਿਲਕਾ ਦੇ ਬਲਾਕ ਫ਼ਾਜ਼ਿਲਕਾ ਅੰਦਰ ਇਸ ਵੇਲੇ ਝੋਨੇ ਦੀ ਵਢਾਈ ਦਾ ਸੀਜ਼ਨ ਪੂਰੇ ਜੋਰਾਂ-ਸ਼ੋਰਾਂ ਨਾਲ ਚੱਲ ਰਹਾ ਹੈ। ਖੇਤਾਂ ਵਿਚ ਕੰਬਾਈਨਾਂ ਦੀ ਗੂੰਜ ਅਤੇ ਮੰਡੀਆਂ ਵਿਚ ਟਰੈਕਟਰ-ਟਰਾਲੀਆਂ ਦੀਆਂ ਲੰਬੀਆਂ ਕਤਾਰਾਂ ਨੇ ਪੂਰੇ ਇਲਾਕੇ ਦੇ ਆਰਥਿਕ ਅਤੇ ਸਮਾਜਿਕ ਜੀਵਨ ਵਿਚ ਇੱਕ ਨਵੀਂ ਰੌਣਕ ਭਰ ਦਿੱਤੀ ਹੈ।
ਫ਼
ਫ਼ਾਜ਼ਿਲਕਾ ਦੀ ਅਨਾਜ ਮੰਡੀ ਵਿਚ ਆਏ ਝੋਨੇ ਦਾ ਦ੍ਰਿਸ਼। ਅਜੀਤ ਤਸਵੀਰ
21-10-2026
ਫ਼ਾਜ਼ਿਲਕਾ, 20 ਅਕਤੂਬਰ (ਦਵਿੰਦਰ ਪਾਲ ਸਿੰਘ)-ਸਰਹੱਦੀ ਜ਼ਿਲ੍ਹੇ ਫ਼ਾਜ਼ਿਲਕਾ ਦੇ ਬਲਾਕ ਫ਼ਾਜ਼ਿਲਕਾ ਅੰਦਰ ਇਸ ਵੇਲੇ ਝੋਨੇ ਦੀ ਵਢਾਈ ਦਾ ਸੀਜ਼ਨ ਪੂਰੇ ਜੋਰਾਂ-ਸ਼ੋਰਾਂ ਨਾਲ ਚੱਲ ਰਹਾ ਹੈ। ਖੇਤਾਂ ਵਿਚ ਕੰਬਾਈਨਾਂ ਦੀ ਗੂੰਜ ਅਤੇ ਮੰਡੀਆਂ ਵਿਚ ਟਰੈਕਟਰ-ਟਰਾਲੀਆਂ ਦੀਆਂ ਲੰਬੀਆਂ ਕਤਾਰਾਂ ਨੇ ਪੂਰੇ ਇਲਾਕੇ ਦੇ ਆਰਥਿਕ ਅਤੇ ਸਮਾਜਿਕ ਜੀਵਨ ਵਿਚ ਇੱਕ ਨਵੀਂ ਰੌਣਕ ਭਰ ਦਿੱਤੀ ਹੈ। ਚਾਲੂ ਸੀਜ਼ਨ ਦੌਰਾਨ ਫ਼ਾਜ਼ਿਲਕਾ ਬਲਾਕ ਦੇ ਹਜ਼ਾਰਾਂ ਹੈਕਟੇਅਰ ਰਕਬੇ ਵਿਚ ਬੀਜੀ ਗਈ ਪਰਮਲ ਅਤੇ ਬਾਸਮਤੀ ਦੀ ਫ਼ਸਲ ਦੀ ਕਟਾਈ ਅਤੇ ਮੰਡੀਕਰਨ ਦਾ ਕੰਮ ਪੂਰੀ ਤੇਜ਼ੀ ਨਾਲ ਚੱਲ ਰਿਹਾ ਹੈ। ਖੇਤੀਬਾੜੀ ਵਿਭਾਗ ਅਤੇ ਸਥਾਨਕ ਸਰਵੇਖਣ ਅਨੁਸਾਰ ਬਲਾਕ ਫ਼ਾਜ਼ਿਲਕਾ ਵਿਚ ਇਸ ਵਾਰ ਲਗਭਗ 35,000 ਹੈਕਟੇਅਰ ਰਕਬੇ ਵਿਚ ਪਰਮਲ ਝੋਨੇ ਦੀ ਬੀਜਾਂਦ ਕੀਤੀ ਗਈ ਸੀ। ਫ਼ਾਜ਼ਿਲਕਾ ਵਿਚ ਇਸ ਵਾਰ ਕਿਸਾਨਾਂ ਨੇ ਲਗਭਗ 25,000 ਹੈਕਟੇਅਰ ਰਕਬੇ ਵਿਚ ਬਾਸਮਤੀ ਦੀਆਂ ਵੱਖ-ਵੱਖ ਕਿਸਮਾਂ ਦੀ ਲਗਾਈ ਕੀਤੀ ਸੀ। ਪਰਮਲ ਝੋਨੇ ਦੀ ਵਢਾਈ ਦਾ ਵੱਡਾ ਹਿੱਸਾ ਮੁਕੰਮਲ ਹੋਣ ਦੀ ਸਥਿਤੀ ਵੱਲ ਵਧ ਰਿਹਾ ਹੈ। ਪ੍ਰਸ਼ਾਸਨ ਅਤੇ ਆੜ੍ਹਤੀਆਂ ਤੋਂ ਮਿਲੇ ਵੇਰਵਿਆਂ ਅਨੁਸਾਰ ਫ਼ਾਜ਼ਿਲਕਾ ਬਲਾਕ ਵਿਚ ਪਰਮਲ ਝੋਨੇ ਦੀ ਲਗਭਗ 65 ਤੋਂ 70 ਪ੍ਰਤੀਸ਼ਤ ਵਢਾਈ ਮੁਕੰਮਲ ਹੋ ਚੁੱਕੀ ਹੈ। ਅਗੇਤੀਆਂ ਕਿਸਮਾਂ ਦੀ ਕਟਾਈ ਲਗਭਗ ਖ਼ਤਮ ਹੋ ਚੁੱਕੀ ਹੈ, ਜਦਕਿ ਪਿਛੇਤੀਆਂ ਕਿਸਮਾਂ ’ਤੇ ਕੰਬਾਈਨਾਂ ਚੱਲ ਰਹੀਆਂ ਹਨ। ਹੁਣ ਤੱਕ ਵੱਢੇ ਗਏ ਪਰਮਲ ਝੋਨੇ ਦਾ ਲਗਭਗ 60 ਤੋਂ 65 ਪ੍ਰਤੀਸ਼ਤ ਹਿੱਸਾ ਮੰਡੀਆਂ ਵਿਚ ਪਹੁੰਚ ਕੇ ਵਿਕ ਚੁੱਕਾ ਹੈ। ਮਾਰਕੀਟ ਕਮੇਟੀ ਫ਼ਾਜ਼ਿਲਕਾ ਦੀਆਂ ਮੁੱਖ ਮੰਡੀਆਂ ਅਤੇ ਫੋਕਲ ਪੁਆਇੰਟਾਂ ’ਤੇ ਸਰਕਾਰੀ ਖ਼ਰੀਦ ਏਜੰਸੀਆਂ ਵਲੋਂ ਨਿਰਧਾਰਿਤ ਘੱਟੋ-ਘੱਟ ਸਮਰਥਨ ਮੁੱਲ ’ਤੇ ਬੋਲੀ ਲਗਾ ਕੇ ਖ਼ਰੀਦ ਕੀਤੀ ਜਾ ਰਹੀ ਹੈ। ਬਲਾਕ ਅੰਦਰ ਅਜੇ ਵੀ ਲਗਭਗ 30 ਤੋਂ 35 ਪ੍ਰਤੀਸ਼ਤ ਪਰਮਲ ਝੋਨਾ ਖੇਤਾਂ ਵਿਚ ਪੱਕ ਕੇ ਤਿਆਰ ਖੜ੍ਹਾ ਹੈ, ਜਿਸ ਦੀ ਵਢਾਈ ਅਗਲੇ 7 ਤੋਂ 10 ਦਿਨਾਂ ਦੇ ਅੰਦਰ-ਅੰਦਰ ਮੁਕੰਮਲ ਹੋਣ ਦੀ ਉਮੀਦ ਹੈ। ਬਾਸਮਤੀ ਝੋਨੇ ਦੀ ਵਢਾਈ ਅਤੇ ਮੰਡੀਕਰਨ ਦਾ ਕੰਮ ਪਰਮਲ ਦੇ ਨਾਲ-ਨਾਲ ਪਰ ਥੋੜ੍ਹਾ ਵੱਖਰੀ ਰਫ਼ਤਾਰ ਨਾਲ ਚੱਲ ਰਿਹਾ ਹੈ। ਹੁਣ ਤੱਕ ਬਾਸਮਤੀ ਝੋਨੇ ਦੀ ਕੁੱਲ ਫ਼ਸਲ ਦਾ ਲਗਭਗ 35 ਤੋਂ 40 ਪ੍ਰਤੀਸ਼ਤ ਹਿੱਸਾ ਹੀ ਮੰਡੀਆਂ ਵਿਚ ਪਹੁੰਚਿਆ ਹੈ। ਬਾਸਮਤੀ 1509 ਦੀ ਆਮਦ ਲਗਭਗ ਅੰਤਿਮ ਚਰਨ ਵਿਚ ਹੈ, ਜਦਕਿ 1121 ਅਤੇ 1718 ਕਿਸਮਾਂ ਦੀ ਆਮਦ ਹੁਣ ਸ਼ੁਰੂ ਹੋ ਰਹੀ ਹੈ। ਬਾਸਮਤੀ ਦਾ ਲਗਭਗ 60 ਤੋਂ 65 ਪ੍ਰਤੀਸ਼ਤ ਰਕਬਾ ਅਜੇ ਵੀ ਖੇਤਾਂ ਵਿਚ ਖੜ੍ਹਾ ਹੈ। ਬਲਾਕ ਦੇ ਕਈ ਅਗਾਂਹਵਧੂ ਕਿਸਾਨ ਬੇਲਰਾਂ ਦੀ ਮਦਦ ਨਾਲ ਪਰਾਲੀ ਦੀਆਂ ਗੱਠਾਂ ਬਣਾ ਕੇ ਜਾਂ ਸੁਪਰ ਸੀਡਰ, ਹੈਪੀ ਸੀਡਰ ਅਤੇ ਸਮਾਰਟ ਸੀਡਰ ਦੀ ਵਰਤੋਂ ਕਰਕੇ ਖੇਤਾਂ ਵਿਚ ਹੀ ਪਰਾਲੀ ਦਾ ਨਿਪਟਾਰਾ ਕਰਕੇ ਕਣਕ ਦੀ ਬੀਜਾਂਦ ਦੀ ਤਿਆਰੀ ਕਰ ਰਹੇ ਹਨ। ਖੇਤੀਬਾੜੀ ਅਧਿਕਾਰੀਆਂ ਅਤੇ ਮਾਰਕੀਟ ਕਮੇਟੀ ਫ਼ਾਜ਼ਿਲਕਾ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਜ਼ਿਲ੍ਹਾ ਪ੍ਰਸ਼ਾਸਨ ਦੇ ਦਿਸ਼ਾ-ਨਿਰਦੇਸ਼ਾਂ ਹੇਠ ਮੰਡੀਆਂ ਵਿਚ ਕਿਸਾਨਾਂ ਦੀ ਸੁਵਿਧਾ ਲਈ ਪੁਖ਼ਤਾ ਇੰਤਜ਼ਾਮ ਕੀਤੇ ਗਏ ਹਨ।