ਫ਼ਾਜ਼ਿਲਕਾ ਦੇ ਸਰਕਾਰੀ ਸਕੂਲ ’ਚ ਸਾਈਬਰ ਕ੍ਰਾਈਮ ਪੁਲਿਸ ਵਲੋਂ ਜਾਗਰੂਕਤਾ ਸੈਮੀਨਾਰ
ਫ਼ਾਜ਼ਿਲਕਾ, 29 ਅਕਤੂਬਰ (ਦਵਿੰਦਰ ਪਾਲ ਸਿੰਘ)-ਫ਼ਾਜ਼ਿਲਕਾ ਦੇ ਪਿੰਡ ਆਸਿਫ਼ਾਵਾਲਾ ਸਥਿਤ ਪੀ. ਐੱਮ.
ਫ਼ਾਜ਼ਿਲਕਾ, 29 ਅਕਤੂਬਰ (ਦਵਿੰਦਰ ਪਾਲ ਸਿੰਘ)-ਫ਼ਾਜ਼ਿਲਕਾ ਦੇ ਪਿੰਡ ਆਸਿਫ਼ਾਵਾਲਾ ਸਥਿਤ ਪੀ.ਐੱਮ. ਸ੍ਰੀ ਸਰਕਾਰੀ ਹਾਈ ਸਕੂਲ ਵਿਖੇ ਸਾਈਬਰ ਕ੍ਰਾਈਮ ਪੁਲਿਸ ਵਲੋਂ ਇਕ ਜਾਗਰੂਕਤਾ ਸੈਮੀਨਾਰ ਲਗਾਇਆ ਗਿਆ। ਇਸ ਸੈਮੀਨਾਰ ਦੌਰਾਨ ਵਿਦਿਆਰਥੀਆਂ ਨੂੰ ਸਾਈਬਰ ਅਪਰਾਧਾਂ ਅਤੇ ਆਨਲਾਈਨ ਠੱਗੀ ਤੋਂ ਬਚਣ ਦੇ ਤਰੀਕਿਆਂ ਬਾਰੇ ਮਹੱਤਵਪੂਰਨ ਜਾਣਕਾਰੀ ਸਾਂਝੀ ਕੀਤੀ ਗਈ। ਸੈਮੀਨਾਰ ਦੌਰਾਨ ਪੁਲਿਸ ਟੀਮ ਵਲੋਂ ਬੱਚਿਆਂ ਨੂੰ ਸਮਝਾਇਆ ਗਿਆ ਕਿ ਕਿਸੇ ਵੀ ਅਣਜਾਣ ਵਿਅਕਤੀ ਨਾਲ ਆਪਣੀ ਨਿੱਜੀ ਜਾਣਕਾਰੀ, ਬੈਂਕ ਖਾਤੇ ਦੇ ਵੇਰਵੇ, ਓ.ਟੀ.ਪੀ. ਅਤੇ ਹੋਰ ਗੁਪਤ ਜਾਣਕਾਰੀ ਕਦੇ ਵੀ ਸਾਂਝੀ ਨਹੀਂ ਕਰਨੀ ਚਾਹੀਦੀ। ਇਸ ਤੋਂ ਇਲਾਵਾ ਸੋਸ਼ਲ ਮੀਡੀਆ ਦੀ ਵਰਤੋਂ ਕਰਦੇ ਸਮੇਂ ਸਾਵਧਾਨੀ ਵਰਤਣ ਅਤੇ ਆਨਲਾਈਨ ਧੋਖਾਧੜੀ ਤੋਂ ਬਚਣ ਲਈ ਜ਼ਰੂਰੀ ਨੁਕਤੇ ਦੱਸੇ ਗਏ। ਇਸ ਮੌਕੇ ਵਿਦਿਆਰਥੀਆਂ ਨੂੰ ਸਾਈਬਰ ਠੱਗੀ ਦਾ ਸ਼ਿਕਾਰ ਹੋਣ ’ਤੇ ਤੁਰੰਤ ਸ਼ਿਕਾਇਤ ਦਰਜ ਕਰਵਾਉਣ ਲਈ 1930 ਹੈਲਪ ਲਾਈਨ ਨੰਬਰ ਬਾਰੇ ਜਾਣਕਾਰੀ ਦਿੱਤੀ ਗਈ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਜੇਕਰ ਕਿਸੇ ਵੀ ਵਿਅਕਤੀ ਨਾਲ ਆਨਲਾਈਨ ਵਿੱਤੀ ਧੋਖਾਧੜੀ ਹੁੰਦੀ ਹੈ, ਤਾਂ ਉਸ ਨੂੰ ਬਿਨਾਂ ਕਿਸੇ ਦੇਰੀ ਦੇ 1930 ਹੈਲਪ ਲਾਈਨ ਨੰਬਰ ’ਤੇ ਸੰਪਰਕ ਕਰਨਾ ਚਾਹੀਦਾ ਹੈ। ਇਹ ਜਾਗਰੂਕਤਾ ਮੁਹਿੰਮ ਫ਼ਾਜ਼ਿਲਕਾ ਸਾਈਬਰ ਥਾਣੇ ਦੀ ਐੱਸ.ਐੱਚ.ਓ.ਪਰਮਿਲਾ ਰਾਣੀ ਦੇ ਦਿਸ਼ਾ-ਨਿਰਦੇਸ਼ਾਂ ਹੇਠ ਚਲਾਈ ਗਈ। ਇਸ ਦਾ ਮੁੱਖ ਉਦੇਸ਼ ਬੱਚਿਆਂ ਨੂੰ ਸਾਈਬਰ ਅਪਰਾਧਾਂ ਪ੍ਰਤੀ ਜਾਗਰੂਕ ਕਰਨਾ ਅਤੇ ਉਨ੍ਹਾਂ ਨੂੰ ਡਿਜੀਟਲ ਦੁਨੀਆ ਵਿਚ ਸੁਰੱਖਿਅਤ ਰਹਿਣ ਲਈ ਪ੍ਰੇਰਿਤ ਕਰਨਾ ਸੀ।