ਅੰਮਿ੍ਤਸਰ, 1 ਜਨਵਰੀ (ਰੇਸ਼ਮ ਸਿੰਘ)-ਪ੍ਰੇਮ ਵਿਆਹ ਕਰਨ ਵਾਲੇ ਲੜਕੇ ਦੀ ਉਮਰ ਵਿਆਹ ਵੇਲੇ 21 ਸਾਲ ਤੋਂ ਘੱਟ ਹੋਣ ਕਾਰਨ ਅਦਾਲਤ ਵਲੋਂ ਆਨੰਦ ਕਾਰਚ ਕਰਵਾਉਣ ਵਾਲੇ ਗ੍ਰੰਥੀ ਸਿੰਘ ਖਿਲਾਫ ਪਰਚਾ ਦਰਜ ਕਰਨ ਦੇ ਹੁਕਮ ਦਿੱਤੇ ਗਏ ਹਨ | ਥਾਣਾ ਇਸਲਾਮਾਬਾਦ ਦੀ ਪੁਲਿਸ ਵਲੋਂ ਮਾਣਯੋਗ ਪਰਮਿੰਦਰ ਸਿੰਘ ਵਧੀਕ ਜ਼ਿਲ੍ਹਾ ਸ਼ੈਸਨ ਜੱਜ ਦੀ ਅਦਾਲਤ ਦੇ ਹੁਕਮਾਂ 'ਤੇ ਕਾਰਵਾਈ ਕਰਦਿਆਂ ਸੁਰਿੰਦਰ ਸਿੰਘ ਵਾਸੀ ਕੋਟ ਖਾਲਸਾ ਨੂੰ ਨਾਮਜ਼ਦ ਕਰ ਲਿਆ ਗਿਆ ਹੈ | ਇਹ ਕਾਰਵਾਈ ਥਾਣਾ ਝੰਡੇਰ ਦੀ ਪੁਲਿਸ ਵਲੋਂ ਦਰਜ ਕੀਤੀ ਜ਼ੀਰੋ ਐਫ. ਆਈ. ਆਰ. ਮਿਲਣ 'ਤੇ ਕੀਤੀ ਗਈ ਹੈ | ਅਸਲ 'ਚ ਇਕ ਜੋੜੇ ਵਲੋਂ ਬੀਤੇ ਦਸੰਬਰ ਮਹੀਨੇ 'ਚ ਹੀ ਪ੍ਰੇਮ ਵਿਆਹ ਕੀਤਾ ਗਿਆ ਸੀ ਤੇ ਉਨ੍ਹਾਂ ਵਲੋਂ ਆਪਣੇ ਵਕੀਲ ਰਾਹੀਂ ਅਦਾਲਤ 'ਚ ਅਰਜੀ ਪਾ ਕੇ ਸੁਰੱਖਿਆ ਦੀ ਮੰਗ ਕੀਤੀ ਸੀ | ਅਦਾਲਤ ਵਲੋਂ ਇਸ ਸਬੰਧੀ ਪੁਲਿਸ ਨੂੰ ਜੋੜੇ ਲਈ ਸੁਰਖਿਆ ਦੇਣ ਦੇ ਹੁਕਮ ਦਿੱਤੇ ਸਨ ਤੇ ਦਿਹਾਤੀ ਪੁਲਿਸ ਨੂੰ ਇਸ ਸਬੰਧੀ ਅਦਾਲਤੀ ਰਿਪੋਰਟ ਭੇਜਣ ਦੇ ਨਿਰਦੇਸ਼ ਦਿੱਤੇ ਗਏ ਸਨ | ਇਸ ਨਾਲ ਇਹ ਮਾਮਲਾ ਉਜਾਗਰ ਹੋਇਆ ਕਿ ਵਿਆਹ ਵੇਲੇ ਲੜਕੇ ਦੀ ਉਮਰ 21 ਸਾਲ ਤੋਂ ਘੱਟ ਸੀ, ਜਦੋਂ ਕਿ ਆਨੰਦ ਕਾਰਜ ਕਰਵਾਉਣ ਵਾਲੇ ਸੰਬੰਧਤ ਗ੍ਰੰਥੀ ਸਿੰਘ ਵਲੋਂ ਦੋਵਾਂ ਦੇ ਆਨੰਦ ਕਾਰਜ ਉਪਰੰਤ ਵਿਆਹ ਦਾ ਸਰਟੀਫਿਕੇਟ ਵੀ ਜਾਰੀ ਕੀਤਾ ਗਿਆ ਜੋ ਕਿ ਬਾਲ ਵਿਆਹ ਰੋਕੂ ਐਕਟ ਅਧੀਨ ਸਜ਼ਾਯੋਗ ਅਪਰਾਧ ਹੈ |