ਮੱਝੂਪੁਰਾ ਵਿਖੇ ਕੰਦੋਵਾਲੀ ਸਰਫੇਸ ਵਾਟਰ ਪ੍ਰਾਜੈਕਟ ਤੋਂ 167 ਪਿੰਡਾਂ ਦੇ 2.66 ਲੱਖ ਲੋਕਾਂ ਨੂੰ ਮਿਲੇਗਾ ਸਾਫ਼ ਨਹਿਰੀ ਪਾਣੀ-ਔਜਲਾ
ਅਜਨਾਲਾ, 18 ਸਤੰਬਰ (ਗੁਰਪ੍ਰੀਤ ਸਿੰਘ ਢਿੱਲੋਂ)-ਸਰਹੱਦੀ ਖੇਤਰ ਦੇ ਲੋਕਾਂ ਨੂੰ ਧਰਤੀ ਹੇਠਲੇ ਪਾਣੀ ਦੀ ਥਾਂ ਸਾਫ਼ ਕੀਤਾ ਹੋਇਆ ਨਹਿਰੀ ਪਾਣੀ ਮੁਹੱਈਆ ਕਰਵਾਉਣ ਲਈ ਮੱਝੂਪੁਰਾ ਵਿਖੇ ਚੱਲ ਰਿਹਾ ਕੰਦੋਵਾਲੀ ਸਰਫੇਸ ਵਾਟਰ ਪ੍ਰਾਜੈਕਟ ਹੁਣ ਮੁਕੰਮਲ ਹੋਣ ਦੇ ਪੜਾਅ ’ਤੇ ਪਹੁੰਚ ਗਿਆ ਹੈ। ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਅਜਨਾਲਾ ਸਥਿਤ ਦਫ਼ਤਰ ਵਿਖੇ ਕੀਤੀ ਪ੍ਰੈੱਸ ਕਾਨਫਰੰਸ ਦੌਰਾਨ ਉਕਤ ਪ੍ਰਾਜੈਕਟ ਸੰਬੰਧੀ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਇਸ ਪ੍ਰਾਜੈਕਟ ਰਾਹੀਂ ਅਜਨਾਲਾ, ਹਰਸ਼ਾ ਛੀਨਾ ਤੇ ਮਜੀਠਾ ਬਲਾਕਾਂ ਦੇ ਲਗਪਗ 167 ਪਿੰਡਾਂ ਨੂੰ ਸਾਫ਼ ਪੀਣ ਵਾਲਾ ਪਾਣੀ ਮੁਹੱਈਆ ਕਰਵਾਇਆ ਜਾਵੇਗਾ।
ਅਜਨਾਲਾ, 18 ਸਤੰਬਰ (ਗੁਰਪ੍ਰੀਤ ਸਿੰਘ ਢਿੱਲੋਂ)-ਸਰਹੱਦੀ ਖੇਤਰ ਦੇ ਲੋਕਾਂ ਨੂੰ ਧਰਤੀ ਹੇਠਲੇ ਪਾਣੀ ਦੀ ਥਾਂ ਸਾਫ਼ ਕੀਤਾ ਹੋਇਆ ਨਹਿਰੀ ਪਾਣੀ ਮੁਹੱਈਆ ਕਰਵਾਉਣ ਲਈ ਮੱਝੂਪੁਰਾ ਵਿਖੇ ਚੱਲ ਰਿਹਾ ਕੰਦੋਵਾਲੀ ਸਰਫੇਸ ਵਾਟਰ ਪ੍ਰਾਜੈਕਟ ਹੁਣ ਮੁਕੰਮਲ ਹੋਣ ਦੇ ਪੜਾਅ ’ਤੇ ਪਹੁੰਚ ਗਿਆ ਹੈ। ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਅਜਨਾਲਾ ਸਥਿਤ ਦਫ਼ਤਰ ਵਿਖੇ ਕੀਤੀ ਪ੍ਰੈੱਸ ਕਾਨਫਰੰਸ ਦੌਰਾਨ ਉਕਤ ਪ੍ਰਾਜੈਕਟ ਸੰਬੰਧੀ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਇਸ ਪ੍ਰਾਜੈਕਟ ਰਾਹੀਂ ਅਜਨਾਲਾ, ਹਰਸ਼ਾ ਛੀਨਾ ਤੇ ਮਜੀਠਾ ਬਲਾਕਾਂ ਦੇ ਲਗਪਗ 167 ਪਿੰਡਾਂ ਨੂੰ ਸਾਫ਼ ਪੀਣ ਵਾਲਾ ਪਾਣੀ ਮੁਹੱਈਆ ਕਰਵਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਪ੍ਰਾਜੈਕਟ ਤਹਿਤ 45,343 ਘਰਾਂ ਦੀ 2,65,994 ਦੀ ਆਬਾਦੀ ਨੂੰ ਪਾਣੀ ਦੀ ਸਪਲਾਈ ਮਿਲੇਗੀ। ਮੱਝੂਪੁਰਾ ਵਿਖੇ ਬਣਾਏ ਜਾ ਰਹੇ ਵਾਟਰ ਟਰੀਟਮੈਂਟ ਪਲਾਂਟ ਦੀ ਸਮਰੱਥਾ 39 ਐਮਐਲਡੀ ਹੈ ਤੇ ਪ੍ਰਾਜੈਕਟ ਲਈ 230.98 ਕਰੋੜ ਰੁਪਏ ਦੀ ਪ੍ਰਸ਼ਾਸਕੀ ਮਨਜ਼ੂਰੀ ਦਿੱਤੀ ਗਈ ਹੈ, ਜਿਸ ਵਿਚ 164.93 ਕਰੋੜ ਰੁਪਏ ਕੈਪੈਕਸ ਅਤੇ 66.02 ਕਰੋੜ ਰੁਪਏ ਓਪਰੇਸ਼ਨ ਤੇ ਮੇਨਟੇਨੈਂਸ ਲਈ ਰੱਖੇ ਗਏ ਹਨ। ਉਨ੍ਹਾਂ ਦੱਸਿਆ ਕਿ ਇਸ ਪ੍ਰਾਜੈਕਟ ਤਹਿਤ 281.5 ਕਿਲੋਮੀਟਰ ਲੰਬੀ ਪਾਈਪਲਾਈਨ ਵਿਛਾਈ ਜਾ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਨਹਿਰ ਤੋਂ ਪਾਣੀ ਲੈ ਕੇ ਆਧੁਨਿਕ ਤਰੀਕੇ ਨਾਲ ਟਰੀਟ ਅਤੇ ਫਿਲਟਰ ਕਰਨ ਉਪਰੰਤ ਇਸ ਨੂੰ ਪਿੰਡਾਂ ਦੀਆਂ ਟੈਂਕੀਆਂ ਰਾਹੀਂ ਘਰਾਂ ਤੱਕ ਪਹੁੰਚਾਇਆ ਜਾਵੇਗਾ। ਕਈ ਪਿੰਡਾਂ ਵਿਚ ਪਾਣੀ ਦੀ ਸਪਲਾਈ ਦੀ ਟੈਸਟਿੰਗ ਵੀ ਕੀਤੀ ਜਾ ਰਹੀ ਹੈ। ਉਨ੍ਹਾਂ ਲੋਕਾਂ ਨੂੰ ਮੱਝੂਪੁਰਾ ਵਿਖੇ ਬਣੀ ਲੈਬ ਦਾ ਦੌਰਾ ਕਰਕੇ ਆਪਣੇ ਪਾਣੀ ਦੇ ਨਮੂਨੇ ਟੈਸਟ ਕਰਵਾਉਣ ਦੀ ਅਪੀਲ ਕੀਤੀ। ਸ. ਔਜਲਾ ਨੇ ਦੱਸਿਆ ਕਿ ਪ੍ਰਾਜੈਕਟ ਦੇ 10 ਸਾਲਾਂ ਲਈ ਰੱਖ-ਰਖਾਅ ਦਾ ਪ੍ਰਬੰਧ ਕੀਤਾ ਗਿਆ ਹੈ, ਜਿਸ ਲਈ 66.02 ਕਰੋੜ ਰੁਪਏ ਰਾਖਵੇਂ ਰੱਖੇ ਗਏ ਹਨ। ਇਕ ਸਵਾਲ ਦੇ ਜਵਾਬ ਵਿਚ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ ਪੰਜਾਬ ਦੀ ਸਮੁੱਚੀ ਕਾਂਗਰਸ ਇਕਮੁੱਠ ਹੈ ਤੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਵਿਰੋਧੀਆਂ ਨੂੰ ਹਰਾ ਕੇ ਕਾਂਗਰਸ ਪਾਰਟੀ ਦੀ ਸਰਕਾਰ ਬਣੇਗੀ। ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਅੰਮ੍ਰਿਤਸਰ, ਅਜਨਾਲਾ, ਮਜੀਠਾ ਤੇ ਸਰਹੱਦੀ ਖੇਤਰ ਵਿਚ ਕਾਨੂੰਨ-ਵਿਵਸਥਾ ਦੀ ਸਥਿਤੀ ’ਤੇ ਸਵਾਲ ਚੁੱਕਦਿਆਂ ਕਿਹਾ ਕਿ ਪੁਲਿਸ ਮੁਲਾਜ਼ਮਾਂ ਨੂੰ ਵੀ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜਦੋਂ ਸੁਰੱਖਿਆ ਦੀ ਜ਼ਿੰਮੇਵਾਰੀ ਨਿਭਾਉਣ ਵਾਲੀ ਪੁਲਿਸ ਹੀ ਸੁਰੱਖਿਅਤ ਨਹੀਂ ਤਾਂ ਆਮ ਲੋਕਾਂ ਦੀ ਸੁਰੱਖਿਆ ’ਤੇ ਸਵਾਲ ਖੜ੍ਹੇ ਹੋਣਾ ਸੁਭਾਵਿਕ ਹੈ। ਉਨ੍ਹਾਂ ਅਜਨਾਲਾ ਖੇਤਰ ਵਿਚ ਕਾਰੋਬਾਰੀਆਂ ਤੋਂ ਕਥਿਤ ਫਿਰੌਤੀਆਂ ਵਸੂਲਣ ਦੇ ਦੋਸ਼ਾਂ ’ਤੇ ਹਲਕਾ ਵਿਧਾਇਕ ਤੇ ਸਰਕਾਰ ਤੋਂ ਜਵਾਬ ਮੰਗਿਆ। ਇਸ ਮੌਕੇ ਸੁਖਜਿੰਦਰ ਸਿੰਘ ਸੁੱਖ ਔਜਲਾ, ਸੁਖਰਾਜ ਸਿੰਘ ਮਾਨਾਂਵਾਲਾ, ਹਰਜਿੰਦਰ ਸਿੰਘ ਬਾਜਵਾ, ਐਡਵੋਕੇਟ ਸੰਦੀਪ ਕੌਸ਼ਲ ਤੇ ਹੋਰ ਹਾਜ਼ਰ ਸਨ ।