ਗੁਰੂ ਨਗਰੀ 'ਚ ਕੇਬਲ ਪੌਡ ਸ਼ੁਰੂ ਕਰਨ ਦੀ ਤਿਆਰੀ
ਅਜੀਤ ਡੈਸਕ
03-01-2026
ਅੰਮਿ੍ਤਸਰ, 2 ਜਨਵਰੀ (ਰੇਸ਼ਮ ਸਿੰਘ)- ਗੁਰੂ ਨਗਰੀ 'ਚ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਣ ਆਉਣ ਵਾਲੇ ਲੱਖਾਂ ਦੀ ਗਿਣਤੀ 'ਚ ਸ਼ਰਧਾਲੂਆਂ ਤੇ ਸੈਲਾਨੀਆਂ ਨੂੰ ਹੁਣ ਟਰੈਫਿਕ ਜਾਮ ਤੋਂ ਨਿਜਾਤ ਮਿਲ ਸਕਦੀ ਹੈ ਜਿਨ੍ਹਾਂ ਲਈ ਇਸ ਸਾਲ ਸਰਕਾਰ ਵਲੋਂ ਕੇਬਲ ਪੌਡ ਸ਼ੁਰੂ ਕਰਨ ਦੀ ਤਿਆਰੀ ਹੈ | ਇਸ ਦੀ ਹਾਮੀ ਅੰਮਿ੍ਤਸਰ ਦੇ ਮੇਅਰ ਜਤਿੰਦਰ ਸਿੰਘ ਮੋਤੀ ਭਾਟੀਆ ਵਲੋਂ ਵੀ ਭਰੀ ਗਈ ਹੈ | ਜਿਨ੍ਹਾਂ ਦਸਿਆ ਕਿ ਇਹ ਕੇਬਲ ਪੌਡ ਰੇਲਵੇ ਸਟੇਸ਼ਨ ਤੋਂ ਸ੍ਰੀ ਦਰਬਾਰ ਸਾਹਿਬ ਤੇ ਦੁਰਗਿਆਣਾ ਮੰਦਰ ਤੱਕ ਚਲਾਏ ਜਾਣ ਦੀ ਯੋਜਨਾ ਹੈ | ਇਸ ਲਈ ਚੰਡੀਗੜ੍ਹ ਦੀ ਇਕ ਨਿੱਜੀ ਕੰਪਨੀ ਵਲੋਂ ਬਕਾਇਦਾ ਸਰਵੇਅ ਕਰਵਾਇਆ ਜਾ ਰਿਹਾ ਹੈ ਅਤੇ ਉਸਦੀ ਰਿਪੋਰਟ ਦੇ ਆਧਾਰ 'ਤੇ ਹੀ ਕੇਬਲ ਤਾਰ ਦੀ ਉਚਾਈ ਪੌਡ ਦੀ ਸੁਰਖਿਆ ਤੇ ਸਟੇਸ਼ਨ ਆਦਿ ਤਿਆਰ ਕੀਤੇ ਜਾ ਸਕਣਗੇ |
ਇਸ ਦੇ ਉਚਾਈ 'ਤੇ ਸਟੇਸ਼ਨ ਬਣਾਏ ਜਾਣਗੇ ਜਿਥੋਂ ਲਿਫਟਾਂ ਤੇ ਪੌੜੀਆਂ ਰਾਹੀਂ ਸ਼ਰਧਾਲੂ ਹੇਠਾਂ ਆ ਸਕਣਗੇ ਤੇ ਜਿਥੇ ਇਸ ਨਵੀਂ ਤਕਨੀਕ ਨਾਲ ਟੂਰਿਜ਼ਮ ਨੂੰ ਹੁਲਾਰਾ ਮਿਲੇਗਾ ਉਥੇ ਟਰੈਫਿਕ ਜਾਮ ਤੋਂ ਵੀ ਨਿਜਾਤ ਮਿਲੇਗੀ ਤੇ ਈ. ਰਿਕਸ਼ਾ ਤੇ ਆਟੋ ਰਿਕਸ਼ਾ ਦਾ ਚਲਣ ਵੀ ਘਟ ਸਕੇਗਾ | ਇਸ ਨਾਲ ਵਾਹਨ ਪ੍ਰਦੂਸ਼ਣ ਵੀ ਘਟੇਗੀ ਤੇ ਜੇਕਰ ਸਾਰੀਆਂ ਰਿਪੋਰਟਾਂ ਸਹੀ ਰਹੀਆਂ ਤਾਂ ਇਹ 2026 ਦੇ ਅੰਤ ਤੱਕ ਚਲਾਈ ਜਾ ਸਕੇਗੀ | ਦੱਸਣਯੋਗ ਹੈ ਕਿ ਕਿ ਇਥੇ ਗੁਰੂ ਨਗਰੀ 'ਚ ਪੁੱਜਣ ਵਾਲੇ ਸ਼ਰਧਾਲੂਆਂ ਤੇ ਸੈਲਾਨੀਆਂ ਦੀ ਗਿਣਤੀ 1 ਤੋਂ ਡੇਢ ਲੱਖ ਰੋਜ਼ਾਨਾ ਹੈ, ਜਿਨ੍ਹਾਂ ਦੇ ਆਵਾਜਾਈ ਜਾਮ 'ਚ ਫਸਣ ਤੇ ਖੱਜਲ ਖੁਆਰ ਹੋਣ ਦੀਆਂ ਖ਼ਬਰਾਂ ਅਕਸਰ ਮਿਲਦੀਆਂ ਰਹਿੰਦੀਆਂ ਹਨ ਜੇਕਰ ਪੋਡ ਜਾਂ ਹੋਰ ਤਕਨੀਕ ਵਿਕਸਤ ਹੁੰਦੀ ਹੈ ਤਾਂ ਇਸ ਦਾ ਫਾਇਦਾ ਹੋਣਾ ਵੀ ਸੁਭਾਵਕ ਹੈ |